ਵਿਰੋਧੀ ਧਿਰਾਂ ਦੀ ਮੀਟਿੰਗ ਵਿੱਚ ਸੋਨੀਆ ਤੇ ਰਾਹੁਲ ਗਾਂਧੀ ਨੇ ਏਕੇ ਦਾ ਸੱਦਾ ਦਿੱਤਾ


ਨਵੀਂ ਦਿੱਲੀ, 1 ਫਰਵਰੀ, (ਪੋਸਟ ਬਿਊਰੋ)- ਭਾਰਤ ਦੀਆਂ 17 ਗ਼ੈਰ-ਐਨ ਡੀ ਏ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਯੂ ਪੀ ਏ ਗੱਠਜੋੜ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਵਿਰੋਧੀ ਧਿਰ ਨੂੰ ਸੱਦਾ ਦਿੱਤਾ ਕਿ ਕੌਮੀ ਮਹੱਤਤਾ ਦੇ ਮੁੱਦਿਆਂ ਉਤੇ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਏਕਤਾ ਰੱਖੀ ਜਾਵੇ। ਵਿਰੋਧੀ ਧਿਰ ਦੇ ਆਗੂਆਂ ਨੂੰ ਉਨ੍ਹਾਂ ਨੇ ਕਿਹਾ ਕਿ ਕੌਮੀ ਮੁੱਦਿਆਂ ਉੱਤੇ ਆਪਸੀ ਮਤਭੇਦ ਲਾਂਭੇ ਰੱਖ ਕੇ ਸੱਤਾਧਾਰੀ ਭਾਜਪਾ ਨਾਲ ਇਕੱਠੇ ਮੱਥਾ ਲਾਉਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਵਿਰੋਧੀ ਧਿਰ ਨੂੰ ਏਕਾ ਰੱਖਣ ਦੀ ਅਪੀਲ ਕੀਤੀ ਹੈ।
ਅੱਜ ਦੀ ਇਸ ਮੀਟਿੰਗ ਵਿੱਚ ਸੋਨੀਆ ਗਾਂਧੀ ਵੱਲੋਂ ਪ੍ਰਗਟ ਕੀਤੇ ਵਿਚਾਰਾਂ ਦੇ ਹਵਾਲੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ, ‘ਪਾਰਲੀਮੈਂਟ ਦੇ ਅੰਦਰ ਤੇ ਬਾਹਰ ਸਾਨੂੰ ਸਾਂਝੀ ਪਹੁੰਚ ਅਤੇ ਰਣਨੀਤੀ ਬਣਾਉਣੀ ਚਾਹੀਦੀ ਹੈ। ਪਾਰਟੀਆਂ ਦੇ ਆਪਸੀ ਵਖਰੇਵੇਂ ਹੋ ਸਕਦੇ ਹਨ, ਪਰ ਕੌਮੀ ਮੁੱਦਿਆਂ ਉੱਤੇ ਮੱਤਭੇਦ ਨਹੀਂ ਹੋਣੇ ਚਾਹੀਦੇ ਅਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ। ਧਰਮ ਅਤੇ ਜਾਤ ਦੇ ਆਧਾਰ ਉੱਤੇ ਫੈਲਾਈ ਜਾ ਰਹੀ ਹਿੰਸਾ, ਜੋ ਕੌਮੀ ਚਿੰਤਾ ਦਾ ਵਿਸ਼ਾ ਹੈ, ਬਾਰੇ ਸਾਨੂੰ ਚੌਕਸ ਰਹਿਣਾ ਪਵੇਗਾ ਅਤੇ ਸਾਨੂੰ ਸਭ ਨੂੰ ਵਖਰੇਵੇਂ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਹੈ। ਨਫ਼ਰਤ ਵਾਲੀ ਵਿਚਾਰਧਾਰਾ ਬਾਰੇ ਸਾਨੂੰ ਚੌਕਸ ਹੋਣਾ ਪਵੇਗਾ। ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਾਈ ਜਾ ਰਹੀ ਹੈ।’
ਕਾਂਗਰਸ ਪਾਰਟੀ ਦੀ ਅਗਵਾਈ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਸੌਂਪ ਦੇਣ ਪਿੱਛੋਂ ਸੋਨੀਆ ਗਾਂਧੀ ਨੇ ਅੱਜ ਪਹਿਲੀ ਵਾਰ ਵਿਰੋਧੀ ਧਿਰ ਦੀ ਬੈਠਕ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਪਾਰਲੀਮੈਂਟ ਦੇ ਬਜਟ ਇਜਲਾਸ ਦੇ ਦੌਰਾਨ ਇੱਕ ਸਾਂਝੀ ਰਣਨੀਤਕ ਯੋਜਨਾ ਅਤੇ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਸਾਂਝਾ ਫਰੰਟ ਬਣਾਉਣ ਵਾਸਤੇ ਵੀ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਮੰਗਿਆ। ਇਸ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੋਨੀਆ ਤੇ ਰਾਹੁਲ ਗਾਂਧੀ ਨੂੰ ਰਾਜਸਥਾਨ ਦੀਆਂ ਉੱਪ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ। ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ, ‘ਇਸ ਮੀਟਿੰਗ ਦਾ ਤਰਕ ਸੰਗਤ ਨਤੀਜਾ ਹਰ ਕੋਈ ਉਡੀਕ ਰਿਹਾ ਹੈ।’