ਵਿਮੀ ਰਿੱਜ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਟਰੂਡੋ ਫਰਾਂਸ ਪਹੁੰਚੇ

imageਓਟਵਾ, 9 ਅਪਰੈਲ (ਪੋਸਟ ਬਿਊਰੋ) : ਵਿਮੀ ਰਿੱਜ ਦੇ ਸੰਘਰਸ਼ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਨਿੱਚਰਵਾਰ ਨੂੰ ਫਰਾਂਸ ਪਹੁੰਚ ਗਏ। ਕੈਨੇਡੀਅਨ ਵੀ ਇਸ ਵਰ੍ਹੇਗੰਢ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ।
ਐਤਵਾਰ ਨੂੰ ਜਦੋਂ ਟਰੂਡੋ ਤੇ ਹੋਰ ਉੱਘੀਆਂ ਹਸਤੀਆਂ ਕੈਨੇਡੀਅਨ ਨੈਸ਼ਨਲ ਵਿਮੀ ਮੈਮੋਰੀਅਲ ਕੋਲ ਢੁਕ ਕੇ ਸ਼ਹੀਦਾਂ ਨੂੰ ਚੇਤੇ ਕਰਨਗੀਆਂ ਤਾਂ ਉਸ ਸਮੇਂ 25000 ਕੈਨੇਡੀਅਨ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੇ ਨਾਲ ਹੀ ਕਈ ਹੋਰ ਕੈਨੇਡੀਅਨ ਰੇਡੀਓ ਤੇ ਟੀਵੀ ਰਾਹੀਂ ਇਸ ਪ੍ਰੋਗਰਾਮ ਨੂੰ ਦੇਖ ਸੁਣ ਸਕਣਗੇ ਜਾਂ ਇਸ ਸਬੰਧੀ ਸਥਾਨਕ ਸਮਾਗਮਾਂ ਵਿੱਚ ਹਿੱਸਾ ਲੈ ਸਕਣਗੇ।
ਐਤਵਾਰ ਨੂੰ ਵਿਮੀ ਵਿੱਚ ਹੋਣ ਵਾਲੇ ਸਮਾਰੋਹ ਵਿੱਚ ਮਸ਼ਹੂਰ ਕੈਨੇਡੀਅਨ ਪਾਲ ਗਰੌਸ ਤੇ ਲੋਰੇਨਾ ਮੈਕੈਨਿੱਟ ਆਪਣਾ ਸੰਗੀਤਮਈ ਤੇ ਨਾਟਕੀ ਪ੍ਰੋਗਰਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਫਰਾਂਸ ਦੇ ਰਾਸ਼ਟਰਪਤੀ ਫਰੈਂਕੌਇਸ ਹੌਲਾਂਦੇ ਤੇ ਪ੍ਰਿੰਸ ਚਾਰਲਸ ਭਾਸ਼ਣ ਦੇਣਗੇ। ਇਹ ਲੜਾਈ ਇਸ ਲਈ ਵੀ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਪਹਿਲੀ ਵਾਰੀ ਕੈਨੇਡੀਅਨ ਫੌਜਾਂ ਦੀਆਂ ਸਾਰੀਆਂ ਡਵੀਜ਼ਨਾਂ ਨੇ ਪਹਿਲੀ ਵਿਸ਼ਵ ਜੰਗ ਵਿੱਚ ਇੱਕਠਿਆਂ ਸੰਘਰਸ਼ ਕੀਤਾ ਸੀ।
9 ਅਪਰੈਲ, 1917 ਨੂੰ ਈਸਟਰ ਸੋਮਵਾਰ ਵਾਲੇ ਦਿਨ ਕੈਨੇਡੀਅਨਾਂ ਨੇ ਜੰਗੀ ਹੱਥਕੰਢੇ ਅਪਨਾ ਕੇ ਇਸ ਰਿੱਜ ਉੱਤੇ ਕਬਜਾ ਕਰ ਲਿਆ। ਇਸ ਉੱਤੇ ਪਹਿਲਾਂ ਜਰਮਨੀ ਦੀਆਂ ਫੌਜਾਂ ਕਾਬਜ ਸਨ ਤੇ ਉਨ੍ਹਾਂ ਤੋਂ ਬਰਤਾਨਵੀ ਤੇ ਫਰਾਂਸੀਸੀ ਸੈਨਾਵਾਂ ਵੀ ਕਬਜਾ ਛੁਡਾ ਨਹੀਂ ਸਨ ਸਕੀਆਂ। ਪਰ ਚਾਰ ਦਿਨ ਚੱਲੀ ਜ਼ਬਰਦਸਤ ਜੰਗ ਵਿੱਚ ਕੈਨੇਡਾ ਨੂੰ ਭਾਰੀ ਕੀਮਤ ਚੁਕਾਉਣੀ ਪਈ ਤੇ ਕੈਨੇਡਾ ਦੇ 3,598 ਕੈਨੇਡੀਅਨ ਸ਼ਹੀਦ ਹੋ ਗਏ ਜਦਕਿ 7,000 ਹੋਰ ਜ਼ਖ਼ਮੀ ਹੋ ਗਏ।
ਟਰੂਡੋ ਸੋਮਵਾਰ ਨੂੰ ਜੂਨੋ ਬੀਚ ਦਾ ਦੌਰਾ ਕਰਨਗੇ ਤੇ ਉੱਥੇ ਦੂਜੀ ਵਿਸ਼ਵ ਜੰਗ ਵਿੱਚ ਕੈਨੇਡਾ ਵੱਲੋਂ ਪਾਏ ਯੋਗਦਾਨ ਸਬੰਧੀ ਸਮਾਰੋਹ ਵਿੱਚ ਹਿੱਸਾ ਲੈਣਗੇ।