ਵਿਭਾਗਾਂ ਦੀ ਵੰਡ: ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਨਵੇਂ ਖਜ਼ਾਨਾ ਮੰਤਰੀ ਬਣੇ

manpreet* ਨਵਜੋਤ ਸਿੱਧੂ ਨੂੰ ਲੋਕਲ ਬਾਡੀਜ਼ ਦਾ ਮਹਿਕਮਾ ਦਿੱਤਾ ਗਿਆ
ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਅਤੇ ਸਿਫਾਰਸ਼ ਉੱਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਅੱਜ ਨਵੇਂ ਮੰਤਰੀਆਂ ਨੂੰ ਵਿਭਾਗ ਅਲਾਟ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਆਪ ਖ਼ੁਦ ਜਨਰਲ ਪ੍ਰਸ਼ਾਸ਼ਨ, ਪ੍ਰਸੋਨਲ, ਗ੍ਰਹਿ ਮਾਮਲੇ ਅਤੇ ਨਿਆਂ, ਵਿਜੀਲੈਂਸ ਅਤੇ ਕੈਬਨਿਟ ਮੰਤਰੀਆਂ ਨੂੰ ਅਲਾਟ ਨਾ ਕੀਤੇ ਗਏ ਬਾਕੀ ਵਿਭਾਗਾਂ ਦਾ ਕੰਮ-ਕਾਜ ਦੇਖਣਗੇ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਦਾ ਵਿਭਾਗ ਦਿੱਤਾ ਗਿਆ ਹੈ। ਖੋਜ ਤੇ ਮੈਡੀਕਲ ਸਿੱਖਿਆ ਅਤੇ ਪਾਰਲੀਮੈਂਟਰੀ ਮਾਮਲੇ ਵੀ ਉਨ੍ਹਾਂ ਦੇ ਕੋਲ ਹੀ ਹੋਣਗੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ਼ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਤੇ ਅਜਾਇਬ ਘਰ ਵਿਭਾਗ ਦਿੱਤੇ ਗਏ ਹਨ। ਬਠਿੰਡਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਖਜ਼ਾਨਾ, ਯੋਜਨਾ ਤੇ ਰੁਜ਼ਗਾਰ ਸਿਰਜਣ ਦਾ ਵਿਭਾਗ ਮਿਲਿਆ ਹੈ। ਸਾਧੂ ਸਿੰਘ ਧਰਮਸੋਤ ਨੂੰ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਦਾ ਵਿਭਾਗ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਵਿਭਾਗ ਮਿਲੇ ਹਨ। ਰਾਣਾ ਗੁਰਜੀਤ ਸਿੰਘ ਨੂੰ ਸਿੰਜਾਈ ਅਤੇ ਬਿਜਲੀ ਵਿਭਾਗ ਦਾ ਜਿ਼ੰਮਾ ਦਿੱਤਾ ਗਿਆ ਹੈ। ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦਿੱਤਾ ਗਿਆ ਹੈ।
ਸਰਕਾਰ ਵਿੱਚ ਸ਼ਾਮਲ ਦੋ ਆਜ਼ਾਦ ਚਾਰਜ ਵਾਲੇ ਰਾਜ ਮੰਤਰੀਆਂ ਵਿੱਚੋਂ ਅਰੁਣਾ ਚੌਧਰੀ ਨੂੰ ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਅਤੇ ਰਜ਼ੀਆ ਸੁਲਤਾਨਾ ਨੂੰ ਲੋਕ ਨਿਰਮਾਣ ਵਿਭਾਗ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਦੇ ਵਿਭਾਗ ਦਿੱਤੇ ਗਏ ਹਨ।