ਵਿਨਿਸ਼ੀਅਸ ਸਭ ਤੋਂ ਮਹਿੰਗਾ ਫੁੱਟਬਾਲਰ ਬਣਨ ਦੇ ਨੇੜੇ

vinicius-junior-2017-brasil-subਨਵੀਂ ਦਿੱਲੀ, 10 ਸਤੰਬਰ (ਪੋਸਟ ਬਿਊਰੋ): ਫੀਫਾ ਅੰਡਰ-17 ਵਿਸ਼ਵ ਕੱਪ ਲਈ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ‘ਚ ਚੁਣਿਆ ਗਿਆ ‘ਵੰਡਰ ਕਿਡ’ ਵਿਨਿਸ਼ੀਅਸ ਜੂਨੀਅਰ ਭਾਰਤ ‘ਚ ਮੁਕਾਬਲੇਬਾਜ਼ੀ ਵਾਲੇ ਟੂਰਨਾਮੈਂਟ ‘ਚ ਖੇਡਣ ਵਾਲਾ ਸਭ ਤੋਂ ਮਹਿੰਗਾ ਫੁੱਟਬਾਲਰ ਬਣਨ ਦੇ ਨੇੜੇ ਹੈ। ਭਾਰਤ ‘ਚ ਹੋਣ ਵਾਲੇ ਪਹਿਲੇ ਫੀਫਾ ਟੂਰਨਾਮੈਂਟ ‘ਚ 16 ਸਾਲ ਦੇ ਇਸ ਖਿਡਾਰੀ ਦੀਆਂ ਬਿਹਤਰੀਨ ਸਮਰੱਥਾਵਾਂ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਉਹ ਉਸ ਸਮੇਂ ਦੁਨੀਆਂ ਦੇ ਸਭ ਤੋਂ ਮਹਿੰਗੇ ਖਿਡਾਰੀਆਂ ‘ਚੋਂ ਇਕ ਬਣਿਆ ਸੀ, ਜਦੋਂ ਸਪੇਨ ਦੀ ਧਾਕੜ ਟੀਮ ਰੀਅਲ ਮੈਡ੍ਰਿਡ ਜੁਲਾਈ 2018 ਤੋਂ ਉਸ ਦੇ ਅਧਿਕਾਰ ਲੈਣ ਲਈ ਫਲੇਮੈਂਗੋ ਨੂੰ 4 ਕਰੋੜ 50 ਲੱਖ ਯੂਰੋ ਦੇਣ ਨੂੰ ਰਾਜ਼ੀ ਹੋਈ ਸੀ।
ਬ੍ਰਾਜ਼ੀਲ ਦੇ ਇਸ ਖਿਡਾਰੀ ਦੇ ਭਾਰਤ ‘ਚ ਖੇਡਣ ‘ਤੇ ਟੂਰਨਾਮੈਂਟ ਨਿਰਦੇਸ਼ਕ ਜ਼ੇਵੀਅਰ ਸੇਪੀ ਨੇ ਕਿਹਾ ਕਿ ਫੀਫਾ ਅੰਡਰ-17 ਵਿਸ਼ਵ ਕੱਪ ਹਮੇਸ਼ਾ ਹੀ ਭਵਿੱਖ ਦੇ ਸਿਤਾਰਿਆਂ ਨੂੰ ਦੇਖਣ ਦਾ ਟੂਰਨਾਮੈਂਟ ਰਿਹਾ ਹੈ ਤੇ ਵਿਨਿਸ਼ੀਅਸ ਜੂਨੀਅਰ ਪਹਿਲਾਂ ਹੀ ਕਾਫੀ ਮਾਣ-ਸਨਮਾਨ ਹਾਸਲ ਕਰਨ ਤੋਂ ਬਾਅਦ ਇਥੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਲਈ ਉਸ ਦਰਜੇ ਦੇ ਖਿਡਾਰੀ ਨੂੰ ਖੇਡਦੇ ਹੋਏ ਦੇਖਣਾ ਵਿਸ਼ੇਸ਼ ਹੋਵੇਗਾ। ਲੋਕ ਕਹਿ ਸਕਣਗੇ ਕਿ ਮੈਂ ਉਸ ਨੂੰ ਭਾਰਤ ‘ਚ ਆਪਣੇ ਪਹਿਲੇ ਵਿਸ਼ਵ ਕੱਪ ‘ਚ ਖੇਡਦੇ ਹੋਏ ਦੇਖਿਆ ਸੀ। ਸੇਪੀ ਨੇ ਕਿਹਾ ਕਿ ਇਸ ਅਕਤੂਬਰ ‘ਚ ਭਵਿੱਖ ਦੇ ਕਈ ਸਿਤਾਰੇ ਭਾਰਤ ਆਉਣਗੇ ਅਤੇ ਵਿਨਿਸ਼ੀਅਸ ਜੂਨੀਅਰ ਉਨ੍ਹਾਂ ‘ਚੋਂ ਇਕ ਹੈ।