ਵਿਧਾਨ ਸਭਾ ਚੋਣਾਂ ਵਿੱਚ ਹੋਏ ਮੌੜ ਧਮਾਕੇ ਦੀ ਜਾਂਚ ਡੇਰਾ ਸਿਰਸਾ ਤੱਕ ਜਾ ਪਹੁੰਚੀ


* ਡੇਰੇ ਦੀ ਵਰਕਸ਼ਾਪ ਵਿੱਚ ਹੋਇਆ ਸੀ ਧਮਾਕੇ ਵਾਲੀ ਕਾਰ ਦਾ ਰੰਗ-ਰੋਗਨ
* ਸੱਚਾ ਸੌਦਾ ਡੇਰੇ ਦੇ ਡੈਂਟਰ-ਪੇਂਟਰ ਪੰਜਾਬ ਪੁਲੀਸ ਨੇ ਚੁੱਕੇ
ਬਠਿੰਡਾ, 8 ਫਰਵਰੀ, (ਪੋਸਟ ਬਿਊਰੋ)- ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਹੁਣ ਡੇਰਾ ਸੱਚਾ ਸੌਦਾ ਸਿਰਸਾ ਤੱਕ ਜਾ ਪਹੁੰਚੀ ਹੈ। ਪੰਜਾਬ ਪੁਲੀਸ ਨੇ ਹਰਿਆਣਾ ਦੀ ਹੱਦ ਵਿੱਚ ਚੱਲਦੇ ਇਸ ਡੇਰੇ ਨਾਲ ਸੰਬੰਧਤ ਚਾਰ ਵਿਅਕਤੀ ਹਿਰਾਸਤ ਵਿੱਚ ਲਏ ਹਨ, ਜਿਨ੍ਹਾਂ ਵਿੱਚੋਂ ਦੋ ਜਣੇ ਡੇਰਾ ਸੱਚਾ ਸੌਦਾ ਦੀ ਵਰਕਸ਼ਾਪ ਦੇ ਪੇਂਟਰ ਅਤੇ ਡੈਂਟਰ ਦੱਸੇ ਗਏ ਹਨ। ਫੜੇ ਗਏ ਸਾਰੇ ਲੋਕਾਂ ਦੀ ਪਛਾਣ ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ (ਵਾਸੀ ਹਰਿਆਣਾ) ਤੇ ਹਰਮੇਲ ਸਿੰਘ (ਵਾਸੀ ਗੰਗਾਨਗਰ, ਰਾਜਸਥਾਨ)ਵਜੋਂਹੋਈ ਹੈ। ਜਾਣਕਾਰ ਸੂਤਰਾਂ ਅਨੁਸਾਰ ਇਸ ਬੰਬ ਧਮਾਕੇ ਵਾਸਤੇ ਵਰਤੀ ਗਈ ਕਾਰ ਨੂੰ ਡੇਰਾ ਸਿਰਸਾ ਦੀ ਵੀ ਆਈ ਪੀ ਵਰਕਸ਼ਾਪ ਵਿੱਚ ਹੀ ਰੰਗ ਕੀਤਾ ਗਿਆ ਸੀ ਅਤੇ ਡੇਰੇ ਦੀ ਵਰਕਸ਼ਾਪ ਦੇ ਡੈਂਟਰ ਅਤੇ ਪੇਂਟਰ ਨੇ ਪੁਲੀਸ ਕੋਲ ਇਸ ਦੀ ਪੁਸ਼ਟੀ ਕੀਤੀ ਹੈ।
ਵਰਨਣ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 31 ਜਨਵਰੀ, 2017 ਦੀ ਰਾਤ ਚੋਣ ਪ੍ਰਚਾਰ ਦੇ ਦੌਰਾਨ ਮੌੜ ਮੰਡੀ ਵਿੱਚ ਇੱਕ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਚਾਰ ਬੱਚਿਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਸੀ। ਇਹ ਧਮਾਕਾ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਦੇ ਕੁੜਮ ਤੇ ਕਾਂਗਰਸੀ ਨੇਤਾ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਦੌਰਾਨ ਹੋਇਆ ਸੀ। ਪਤਾ ਲੱਗਾ ਹੈ ਕਿ ਇਸ ਧਮਾਕੇ ਵਾਲੀ ਕਾਰ ਵਿੱਚ ਵਰਤੀ ਗਈ ਬੈਟਰੀ ਵੀ ਸਿਰਸਾ ਤੋਂ ਖਰੀਦੀ ਗਈ ਸੀ। ਪੰਜਾਬ ਪੁਲਸ ਦੇ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠਲੀ ਟੀਮ ਇਕ ਹਫ਼ਤੇ ਤੋਂ ਬਠਿੰਡਾ-ਮਾਨਸਾ ਦੇ ਗੇੜੇ ਮਾਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਧਮਾਕੇ ਵਿੱਚ ਵਰਤੀ ਗਈ ਮਾਰੂਤੀ ਕਾਰ ਦੇ ਅਸਲੀ ਰੰਗ ਲਾਲ (ਮੈਰੂਨ) ਦੀ ਥਾਂ ਚਿੱਟਾ ਰੰਗ ਕੀਤਾ ਗਿਆ ਸੀ। ਡੀ ਆਈ ਜੀ ਖੱਟੜਾ 7 ਫਰਵਰੀ ਦੁਪਹਿਰ ਵੇਲੇ ਡੈਂਟਰ ਤੇ ਪੇਂਟਰ ਨੂੰ ਲੈ ਕੇ ਥਾਣਾ ਮੌੜ ਪੁੱਜੇ, ਜਿਨ੍ਹਾਂ ਨੇ ਥਾਣੇ ਵਿੱਚ ਖੜੀ ਕਾਰ ਖੁਰਚ ਕੇ ਹੇਠੋਂ ਉਸ ਦਾ ਲਾਲ ਰੰਗ ਦਿਖਾਇਆ ਸੀ, ਪਰ ਥਾਣਾ ਮੌੜ ਦੀ ਪੁਲਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਜਾਣਕਾਰ ਸੂਤਰਾਂ ਅਨੁਸਾਰ ਡੇਰਾ ਸੱਚਾ ਸੌਦਾ ਦੀ ਇਸ ਵੀ ਆਈ ਪੀ ਵਰਕਸ਼ਾਪ ਵਿੱਚ ਡੇਰਾ ਮੁਖੀ ਦੀਆਂ ਗੱਡੀਆਂ ਮੋਡੀਫਾਈ ਕੀਤੀ ਜਾਂਦੀਆਂ ਸਨ।
ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਵੱਲੋਂ ਸਿਰਸਾ ਤੋਂ ਫੜੇ ਵਿਅਕਤੀਆਂ ਵਿੱਚ ਇੱਕ ਇਲੈਕਟ੍ਰੀਸ਼ਨ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਦੇ ਇੱਕ ਬੈਟਰੀਆਂ ਵਾਲੇ ਦੁਕਾਨਦਾਰ ਤੋਂ ਜਾਂਚ ਅੱਗੇ ਤੁਰੀ ਹੈ। ਉਸ ਨੇ ਪੁਲਸ ਨੂੰ ਮਾਨਸਾ ਜ਼ਿਲ੍ਹੇ ਦੇ ਇੱਕ ਵਿਅਕਤੀ ਤੱਕ ਪੁਚਾਇਆ, ਜਿਹੜਾ ਡੇਰਾ ਵਰਕਸ਼ਾਪ ਵਿੱਚ ਦੋ ਵਾਰ ਗੇੜਾ ਮਾਰ ਕੇ ਆਇਆ ਸੀ।
ਮੁੱਢਲੇ ਰੂਪ ਵਿੱਚ ਇਸ ਧਮਾਕੇ ਨੂੰ ਪੁਲੀਸ ਵੱਲੋਂ ਪੰਜਾਬ ਦੇ ਖਾਲਿਸਤਾਨੀ ਖਾੜਕੂਆਂ ਨਾਲ ਜੋੜਿਆ ਜਾ ਰਿਹਾ ਸੀ। ਹੁਣ ਪਤਾ ਲੱਗ ਰਿਹਾ ਹੈ ਕਿ ਜਿਸ ਵਰਕਸ਼ਾਪ ਵਿੱਚ ਇਸ ਮਾਰੂਤੀ ਕਾਰ ਨੂੰ ਰੰਗ ਹੋਇਆ ਸੀ, ਉਸ ਵਿੱਚ ਸਿਰਫ਼ ਡੇਰਾ ਮੁਖੀ ਅਤੇ ਹਨੀਪ੍ਰੀਤ ਦਾ ਹੀ ਦਾਖਲਾ ਹੋ ਸਕਦਾ ਸੀ। ਪੁਲੀਸ ਇਸ ਕੇਸ ਵਿੱਚ ਡੇਰਾ ਮੁਖੀ ਤੇ ਹਨੀਪ੍ਰੀਤ ਨੂੰ ਵੀ ਘੇਰੇ ਵਿੱਚ ਲੈ ਸਕਦੀ ਹੈ। ਇਸ ਧਮਾਕੇ ਦਾ ਨਿਸ਼ਾਨਾ ਡੇਰਾ ਮੁਖੀ ਦਾ ਕੁੜਮ ਹਰਮਿੰਦਰ ਜੱਸੀ ਸੀ, ਪਰ ਪੁਲੀਸ ਕਿਸੇ ਡੂੰਘੀ ਸਾਜ਼ਿਸ਼ ਦੀਆਂ ਭਾਲ ਵੀ ਕਰ ਰਹੀ ਹੈ। ਬਠਿੰਡਾ ਪੁਲੀਸ ਨੇ ਇਸ ਬੰਬ ਕਾਂਡ ਦਾ ਜਾਂਚ ਅਫਸਰ ਥਾਣਾ ਦਿਆਲਪੁਰਾ ਦੇ ਦਲਬੀਰ ਸਿੰਘ ਨੂੰ ਬਣਾਇਆ ਹੈ ਜੋ ਸਾਈਬਰ ਕਰਾਈਮ ਦਾ ਮਾਹਿਰ ਹੈ। ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਹੈ ਕਿ ਮੌੜ ਧਮਾਕੇ ਦੀ ਜਾਂਚ ਆਖਰੀ ਪੜਾਅ ਉੱਤੇ ਹੈ ਤੇ ਛੇਤੀ ਹੀ ਵੱਡੇ ਖ਼ੁਲਾਸੇ ਕੀਤੇ ਜਾਣਗੇ। ਡੇਰਾ ਸਿਰਸਾ ਬਾਰੇ ਪੁੱਛੇ ਸਵਾਲ ਨੂੰ ਉਹ ਟਾਲ ਗਏ ਅਤੇ ਫੜੇ ਗਏ ਵਿਅਕਤੀਆਂ ਦੇ ਨਾਂ ਦੱਸਣ ਤੋਂ ਵੀ ਨਾਂਹ ਕਰ ਦਿੱਤੀ।