ਵਿਦੇਸ਼ ਮੰਤਰੀ ਨੂੰ 39 ਅਗਵਾ ਭਾਰਤੀਆਂ ਦੇ ਇਰਾਕ ਦੀ ਬਾਦੁਸ਼ ਜੇਲ੍ਹ ਵਿੱਚ ਹੋਣ ਦਾ ਸ਼ੱਕ

sushma swaraj
ਨਵੀਂ ਦਿੱਲੀ, 16 ਜੁਲਾਈ, (ਪੋਸਟ ਬਿਊਰੋ)- ਇਰਾਕ ਵਿਚ ਤਿੰਨ ਸਾਲ ਪਹਿਲਾਂ ਅਗਵਾ ਕੀਤੇ ਗਏ 39 ਭਾਰਤੀਆਂ, ਜਿਨ੍ਹਾਂ ਵਿਚੋਂ ਜ਼ਿਆਦਾ ਪੰਜਾਬ ਨਾਲ ਸੰਬੰਧਤ ਹਨ, ਦੇ ਇਰਾਕ ਦੀ ਬਾਦੁਸ਼ ਜੇਲ ਵਿਚ ਬੰਦ ਹੋਣ ਦੇ ਆਸਾਰ ਮਿਲਦੇ ਹਨ। ਇਹ ਜੇਲ ਅੱਤਵਾਦੀਆਂ ਤੋਂ ਛੁਡਾਏ ਗਏ ਮੋਸੂਲ ਸ਼ਹਿਰ ਤੋਂ 20 ਕਿਲੋਮੀਟਰ ਦੂਰ ਹੈ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਏਥੇ ਕਿਹਾ ਕਿ ਮੋਸੂਲ ਸ਼ਹਿਰ ਤੋਂ ਇਸਲਾਮਿਕ ਸਟੇਟ ਦਾ ਕਬਜ਼ਾ ਖ਼ਤਮ ਹੋਣ ਪਿੱਛੋਂ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੂੰ ਇਰਾਕ ਭੇਜਿਆ ਗਿਆ ਸੀ। ਉਨ੍ਹਾਂ ਕਿਹਾ, ‘ਵੀ ਕੇ ਸਿੰਘ ਨੇ ਜਾਣਕਾਰੀ ਲਿਆਂਦੀ ਹੈ ਕਿ ਭਾਰਤੀ ਨਾਗਰਿਕ ਇਕ ਹਸਪਤਾਲ ਦੀ ਇਮਾਰਤ ਬਣਾਉਣ ਦਾ ਕੰਮ ਕਰ ਰਹੇ ਸਨ ਤੇ ਫਿਰ ਉਨ੍ਹਾਂ ਨੂੰ ਖੇਤਾਂ ਵਿਚ ਕੰਮ ਵਾਸਤੇ ਲਿਜਾਇਆ ਗਿਆ ਸੀ। ਓਥੋਂ ਉਨ੍ਹਾਂ ਨੂੰ ਮੋਸੂਲ ਦੀ ਬਾਦੁਸ਼ ਜੇਲ ਵਿਚ ਬੰਦ ਕਰ ਦਿਤਾ ਗਿਆ, ਜਿਥੇ ਇਸਲਾਮਿਕ ਸਟੇਟ ਅਤੇ ਇਰਾਕੀ ਫ਼ੌਜ ਵਿਚਾਲੇ ਲੜਾਈ ਅਜੇ ਚੱਲ ਰਹੀ ਹੈ।’ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤੀਆਂ ਬਾਰੇ ਪੱਕੀ ਜਾਣਕਾਰੀ ਇਰਾਕ ਦੇ ਵਿਦੇਸ਼ ਮੰਤਰੀ ਦੇ ਸਕਦੇ ਹਨ, ਜੋ 24 ਜੁਲਾਈ ਨੂੰ ਭਾਰਤ ਆ ਰਹੇ ਹਨ। ਅੱਜ ਇਕ ਵਿਸ਼ੇਸ਼ ਮੀਟਿੰਗ ਦੌਰਾਨ ਸੁਸ਼ਮਾ ਸਵਰਾਜ ਨੇ ਭਾਰਤੀ ਨਾਗਰਿਕਾਂ ਦੇ ਪਰਵਾਰਾਂ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ। ਮੀਟਿੰਗ ਵਿਚ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਅਤੇ ਐਮ ਜੇ ਅਕਬਰ ਵੀ ਸਨ। ਸੁਸ਼ਮਾ ਸਵਰਾਜ ਨੇ ਕਿਹਾ ਕਿ ਪੂਰਬੀ ਮੋਸੂਲ ਨੂੰ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਾਇਆ ਜਾ ਚੁੱਕਾ ਹੈ ਅਤੇ ਹੁਣ ਇਮਾਰਤਾਂ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਅਜੇ ਨਾਗਰਿਕਾਂ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ, ਕਿਉਂਕਿ ਬੰਬ ਜਾਂ ਹੋਰ ਧਮਾਕਾਖੇਜ਼ ਸਮੱਗਰੀ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ‘ਮੈਂ ਅਗਵਾ ਹੋਏ ਭਾਰਤੀ ਨਾਗਰਿਕਾਂ ਦੇ ਪਰਵਾਰਾਂ ਨੂੰ ਪਹਿਲਾਂ ਵੀ ਕਈ ਵਾਰ ਮਿਲੀ ਹਾਂ, ਪਰ ਇਸ ਵਾਰ ਹਾਲਾਤ ਵਖਰੇ ਹਨ, ਇਰਾਕ ਦੇ ਪ੍ਰਧਾਨ ਮੰਤਰੀ ਮੋਸੂਲ ਤੋਂ ਇਸਲਾਮਿਕ ਸਟੇਟ ਦਾ ਕਬਜ਼ਾ ਖ਼ਤਮ ਹੋਣ ਦਾ ਐਲਾਨ ਕਰ ਚੁੱਕੇ ਹਨ।