ਵਿਦੇਸ਼ੀ ਪੈਸਿਆਂ ਦਾ ਕੈਨੇਡਾ ਵਿੱਚ ਆਵਾਗਮਨ

zzzzzzzz-300x1111ਫੈਡਰਲ ਸਰਕਾਰ ਦੇ ਵਿੱਤ ਵਿਭਾਗ ਦਾ ਇੱਕ ਅਦਾਰਾFinancial Transactions and Reports Analysis Centre of Canada (FINTRAC) ਹੈ ਜਿਸ ਦਾ ਮੁੱਖ ਕੰਮ ਇਹ ਵੇਖਣਾ ਹੈ ਕਿ ਕੋਈ ਗੈਰਕਨੂੰਨੀ ਪੈਸਾ ਕੈਨੇਡਾ ਤੋਂ ਬਾਹਰ ਨਾ ਜਾਵੇ ਅਤੇ ਨਾ ਹੀ ਬਾਹਰ ਤੋਂ ਕੈਨਡਾ ਅੰਦਰ ਦਾਖ਼ਲ ਹੋਵੇ। ਪੈਸੇ ਧੇਲੇ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਅਤੇ ਮਜ਼ਬੂਤ ਸਥਿਤੀ ਵਾਲੀ ਵਿੱਤੀ ਸੰਸਥਾ Manulife ਨੂੰ FINTRAC ਨੇ ਪਿਛਲੇ ਸਾਲ 1.15 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਕਿਉਂਕਿ ਕੰਪਨੀ ਨੇ ਪੈਸੇ ਧੇਲੇ ਦੇ ਆਵਾਗਮਨ (money-laundering) ਬਾਰੇ ਨੇਮਾਂ ਦੀ ਵੱਡੇ ਪੱਧਰ ਉੱਤੇ ਉਲੰਘਣਾ ਕੀਤੀ ਸੀ। ਬਜਾਏ ਇਸਦੇ ਕਿ ਸਰਕਾਰ ਵੱਲੋਂ ਮੈਨੂਲਾਈਫ ਦੇ ਕੇਸ ਨੂੰ ਜਨਤਕ ਕੀਤਾ ਜਾਂਦਾ ਤਾਂ ਕਿ ਹੋਰ ਉਲੰਘਣਾ ਕਰਨ ਵਾਲਿਆਂ ਨੂੰ ਕੰਨ ਹੁੰਦੇ, FINTRAC ਵੱਲੋਂ ਕੰਪਨੀ ਨਾਲ ਇੱਕ ਗੁਪਤ ਸਮਝੌਤਾ ਕੀਤਾ ਗਿਆ ਕਿ ਉਸਦੇ ਨਾਮ ਨੂੰ ਜੱਗਜਾਹਰ ਨਹੀਂ ਕੀਤਾ ਜਾਵੇਗਾ। ਮੈਨੂਲਾਈਫ ਵੱਲੋਂ 2012 ਅਤੇ 2013 ਵਿੱਚ 1,178 ਕੇਸ ਅਜਿਹੇ ਕੇਸਾਂ ਦਾ ਬਿਜਸਨ ਕੀਤਾ ਗਿਆ ਜਿਸ ਵਿੱਚ ਡਾਲਰਾਂ ਦੇ ਗੈਰਕਨੂੰਨੀ ਢੰਗ ਨਾਲ ਕੈਨੇਡਾ ਤੋਂ ਬਾਹਰ ਜਾਣ ਜਾਂ ਕੈਨੇਡਾ ਆਉਣ ਦਾ ਕਿੱਸਾ ਸ਼ਾਮਲ ਸੀ।

FINTRAC ਨੇ ਵੱਡੀਆਂ ਵਿੱਤੀ ਸੰਸਥਾਵਾਂ ਵੱਲੋਂ ਵਰਤੀਆਂ ਜਾਂਦੀਆਂ ਚੋਰ ਮੋਰੀਆਂ ਬਾਰੇ ਸਿਰਫ਼ ਜਨਤਾ ਨੂੰ ਹਨ੍ਹੇਰੇ ਵਿੱਚ ਨਹੀਂ ਰੱਖਿਆ ਸਗੋਂ Access to Information act ਦੀਆਂ ਵੀ ਧੱਜੀਆਂ ਉਡਾਈਆਂ। ਮੈਨੂਲਾਈਫ ਦਾ ਕਿੱਸਾ ਉਸ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ ਜੋ ਕੈਨੇਡਾ ਨੂੰ ਪੈਸੇ ਦੇ ਆਉਣ ਜਾਣ ਬਾਰੇ ਵੱਡੇ ਪੱਧਰ ਉੱਤੇ ਦਰਪੇਸ਼ ਹੈ। ਕੈਨੇਡਾ ਨੂੰ ਵਿਸ਼ਵ ਭਰ ਵਿੱਚ ਉਹ ਮੁਲਕ ਮੰਨਿਆ ਜਾਂਦਾ ਹੈ ਜਿੱਥੇ ਪੈਸੇ ਦੇ ਕਾਰੋਬਾਰ ਬਾਰੇ ਬਹੁਤ ਨੇਮ ਸਖ਼ਤ ਨਹੀਂ ਹਨ ਅਤੇ ਜੇਕਰ ਨੇਮ ਹਨ ਵੀ ਤਾਂ ਉਹਨਾਂ ਨੂੰ ਸਹੀ ਭਾਵਨਾ ਨਾਲ ਲਾਗੂ ਨਹੀਂ ਕੀਤਾ ਜਾਂਦਾ। ਮੈਨੂਲਾਈਫ ਦਾ ਕੇਸ ਸਮੱਸਿਆ ਦੀ ਇੱਕ ਮਿਸਾਲ ਹੈ ਨਾ ਕਿ ਸਮੱਸਿਆ ਦੀ ਜੜ। ਇਸ ਧੰਦੇ ਬਾਰੇ ਜਾਣਕਾਰ ਦੱਸਦੇ ਹਨ ਕਿ ਇਸ ਧੰਦੇ ਦੀ ਜੜ ਤਾਂ ਰੂਸ, ਚੀਨ ਆਦਿ ਦੀਆਂ ਸ਼ੱਕੀ ਮਾਰਕੀਟਾਂ ਅਤੇ ਅਤਿਵਾਦ ਸੰਗਠਨ ਚਲਾਉਣ ਵਾਲੇ ਸਰਗਣੇ ਹਨ ਜਿਹੜੇ ਵਿਸ਼ਵ ਅਮਨ ਲਈ ਵੀ ਖਤਰਾ ਹਨ।

ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਸਥਿਤ ਟਰਾਂਸਪੇਰੈਂਸੀ ਇੰਟਰਨੈਸ਼ਨਲ(Transparency International) ਨੇ ਬੀਤੇ ਦਿਨੀਂ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਮੁੱਖ ਸੰਦੇਸ਼ ਇਹ ਮਿਲਦਾ ਹੈ ਕਿ ਗੈਰਕਨੂੰਨੀ ਢੰਗ ਨਾਲ ਪੈਸੇ ਨੂੰ ਇੱਧਰ ਉੱਧਰ ਕਰਨ ਵਾਲੇ ਅੰਤਰਰਾਸ਼ਟਰੀ ਸਰਗਣਿਆਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲੇ ਹਨ ਖਾਸ ਕਰਕੇ ਜਦੋਂ ਇਹ ਮਾਮਲਾ ਰੀਅਲ ਐਸਟੇਟ ਨਾਲ ਆ ਕੇ ਜੁੜਦਾ ਹੈ। ਕੈਨੇਡਾ ਵਿੱਚ ਗੈਰਕਨੂੰਨੀ ਢੰਗ ਨਾਲ ਪੈਸੇ ਭੇਜਣਾ ਇਸ ਲਈ ਜਿ਼ਆਦਾ ਆਸਾਨ ਹੈ ਕਿਉਂਕਿ ਰੀਅਲ ਐਸਟੇਟ ਪ੍ਰੋਫੈਸ਼ਨਲਾਂ ਲਈ ਇਹ ਜਰੂਰੀ ਨਹੀਂ ਕਿ ਲਾਭ ਲਈ ਜਾਇਦਾਦ ਖਰੀਦਣ ਵਾਲਿਆਂ (beneficial owners) ਦੀ ਸ਼ਨਾਖਤ ਕਰਨ।Transparency International ਦੱਸਦੀ ਹੈ ਕਿ ਵੈਨਕੂਵਰ ਦੇ 100 ਸੱਭ ਤੋਂ ਮਹਿੰਗੇ ਮਕਾਨਾਂ ਵਿੱਚੋਂ 46 ਅਜਿਹੇ ਹਨ ਜਿਹਨਾਂ ਬਾਰੇ ਕੈਨੇਡਾ ਸਰਕਾਰ ਨੂੰ ਪਤਾ ਹੀ ਨਹੀਂ ਕਿ ਇਹਨਾਂ ਦਾ ਅਸਲ ਮਾਲਕ ਕੌਣ ਹੈ! ਜਿਹਨਾਂ 54 ਮਕਾਨਾਂ ਦੇ ਮਾਲਕਾਂ ਬਾਰੇ ਸਰਕਾਰੀ ਏਜੰਸੀਆਂ ਨੂੰ ਖਬਰ ਹੈ, ਉਹਨਾਂ ਵਿੱਚੋਂ 29 ਦੀ ਮਲਕੀਅਤ Shell Companiesਕੋਲ ਹੈ ਜਿਹਨਾਂ ਵਿੱਚੋਂ ਕਈ ਕੈਨੇਡਾ ਤੋਂ ਬਾਹਰ ਸਥਿਤ ਹਨ। ਵੱਡੀਆਂ ਕੰਪਨੀਆਂ ਵੱਡੀਆਂ ਰਾਸ਼ੀਆਂ ਨੂੰ ਰੀਅਲ ਐਸਟੇਟ ਵਿੱਚ ਨਿਵੇਸ਼ ਕਰਕੇ ਰਾਤੋ ਰਾਤ ਚਿੱਟਾ ਕਰ ਲੈਂਦੀਆਂ ਹਨ।

ਸਮੇਂ ਦੀ ਮੰਗ ਹੈ ਕਿ ਸਰਕਾਰ ਅਜਿਹੇ ਸਖ਼ਤ ਕਦਮ ਚੁੱਕੇ ਜਿਸ ਨਾਲ ਗੈਰਕਨੂੰਨੀ ਪੈਸੇ ਦੇ ਲੈਣ ਦੇਣ ਨੂੰ ਨਿਯੰਤਰਣ ਕੀਤਾ ਜਾ ਸਕੇ। ਰੀਅਲ ਐਸਟੇਟ ਤੋਂ ਲੈ ਕੇ ਵਿੱਤੀ ਸੰਸਥਾਵਾਂ ਤੋਂ ਲੈ ਕੇ ਅਤਿਵਾਦੀ ਜੱਥੇਬੰਦੀਆਂ ਤੱਕ ਕਿੰਨੇ ਹੀ ਸ੍ਰੋਤ ਹਨ ਜਿਹਨਾਂ ਬਾਰੇ ਕੈਨੇਡੀਅਨ ਜਨਤਾ ਨੂੰ ਸੁਰੱਖਿਅਤ ਕੀਤੇ ਜਾਣ ਦੀ ਲੋੜ ਹੈ। ਨਿੱਕੇ ਮੋਟੇ ਕਦਮਾਂ ਨਾਲ ਮਕਾਨਾਂ ਦੀਆਂ ਕੀਮਤਾਂ ਵਿੱਚ ਆਏ ਭੂਚਾਲ ਨੂੰ ਕਾਬੂ ਕਰਨ ਦੀ ਇੱਛਾ ਰੱਖਣ ਵਾਲੀ ਸਰਕਾਰ ਨੂੰ ਵੱਡੇ ਮਗਰਮੱਛਾਂ ਵੱਲ ਰੁਖ ਕਰਨਾ ਚਾਹੀਦਾ ਹੈ।