ਵਿਦੇਸ਼ ਯਾਤਰਾ ਉਤੇ ਜਾਣ ਵੇਲੇ ਹੁਣ ਰਵਾਨਗੀ ਕਾਰਡ ਭਰਨ ਤੋਂ ਛੋਟ ਮਿਲੀ

bureau of immigration of india
ਨਵੀਂ ਦਿੱਲੀ, 1 ਜੁਲਾਈ (ਪੋਸਟ ਬਿਊਰੋ)- ਹਵਾਈ ਜਹਾਜ਼ ਰਾਹੀਂ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਪਹਿਲੀ ਜੁਲਾਈ ਤੋਂ ਰਵਾਨਗੀ ਕਾਰਡ ਨਹੀਂ ਭਰਨਾ ਪਵੇਗਾ। ਇਸ ਦੇ ਬਾਅਦ ਵੀ ਰੇਲ, ਜਲ ਮਾਰਗ ਜਾਂ ਸੜਕ ਰਾਹੀਂ ਵਿਦੇਸ਼ ਜਾਣ ਵਾਲੇ ਮੁਸਾਫਰਾਂ ਨੂੰ ਇਸ ਤੋਂ ਛੋਟ ਨਹੀਂ ਮਿਲੇਗੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਹਫਤੇ ਇਹ ਫੈਸਲਾ ਲੈਂਦਿਆਂ ਪਹਿਲੀ ਜੁਲਾਈ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਸੀ। ਮੰਤਰਾਲੇ ਦੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਰੇਲ, ਜਲ ਮਾਰਗ ਜਾਂ ਸੜਕਾਂ ਰਾਹੀਂ ਵਿਦੇਸ਼ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਪਹਿਲਾਂ ਵਾਂਗ ਸਰਹੱਦ ਉੱਤੇ ਇਮੀਗ੍ਰੇਸ਼ਨ ਜਾਂਚ ਚੌਕੀਆਂ ਉੱਤੇ ਇਕ ਕਾਰਡ ਭਰ ਕੇ ਦੇਣਾ ਹੋਵੇਗਾ। ਗ੍ਰਹਿ ਮੰਤਰਾਲੇ ਮੁਤਾਬਕ ਇਸ ਫੈਸਲੇ ਦਾ ਮਕਸਦ ਵਿਦੇਸ਼ ਜਾ ਰਹੇ ਮੁਸਾਫਰਾਂ ਦੇ ਸਫਰ ਨੂੰ ਸੁਖਾਲਾ ਬਣਾਉਣਾ ਹੈ। ਰਵਾਨਗੀ ਕਾਰਡ ਵਿੱਚ ਸਬੰਧਤ ਵਿਅਕਤੀ ਨੂੰ ਆਪਣਾ ਨਾਮ, ਭਾਰਤ ਵਿੱਚ ਪਤਾ, ਪਾਸਪੋਰਟ ਨੰਬਰ ਅਤੇ ਉਡਾਣ ਨੰਬਰ ਦੀ ਜਾਣਕਾਰੀ ਦੇਣੀ ਪੈਂਦੀ ਸੀ। ਕਾਰਡ ਬੰਦ ਕਰਨ ਪਿੱਛੇ ਮੰਤਰਾਲੇ ਨੇ ਦਲੀਲ ਦਿੱਤੀ ਕਿ ਇਸ ਵਿੱਚ ਭਰੀ ਜਾਣ ਵਾਲੀ ਜਾਣਕਾਰੀ ਪਹਿਲਾਂ ਹੀ ਹੋਰਨਾਂ ਸਰੋਤਾਂ ਤੋਂ ਸਰਕਾਰ ਕੋਲ ਪੁੱਜ ਜਾਂਦੀ ਹੈ, ਇਸ ਲਈ ਹੁਣ ਇਹ ਪ੍ਰੀਕਰਿਆ ਗੈਰਜ਼ਰੂਰੀ ਹੋ ਗਈ ਹੈ।