ਵਿਦਾ ਕਰੋ

-ਦੇਵ ਥਰੀਕਿਆਂ ਵਾਲਾ

ਏਸ ਗਰਾਂ ਮੇਰਾ ਜੀਅ ਨ੍ਹੀਂ ਲੱਗਦਾ,
ਦਿਲ ਕਰਦੈ ਤੁਰ ਜਾਵਾਂ।
ਵਿਦਾ ਕਰੋ ਮੈਨੂੰ ਮੇਰੇ ਯਾਰੋ,
ਫਿਰ ਮੁੜ ਕੇ ਨਾ ਆਵਾਂ।

ਏਸ ਗਰਾਂ ਹੁਣ ਰਹਿ ਨਾ ਸਕਦੇ,
ਮਹਿਕਾਂ ਦੇ ਵਣਜਾਰੇ।
ਏਸ ਗਰਾਂ ਦੀਆਂ ਬੌਲੀਆਂ ਖੂਹੇ,
ਸਭ ਹੋ ਗਏ ਨੇ ਖਾਰੇ।

ਜਿੰਦ ਮੇਰੀ ਦੇ ਹੋਂਠ ਪਿਆਸੇ,
ਕਿੱਥੋਂ ਪਿਆਸ ਬੁਝਾਵਾਂ।
ਏਸ ਗਰਾਂ ਮੇਰਾ ਜੀਅ..

ਏਸ ਗਰਾਂ ਦੀਆਂ ਗਲੀਆਂ ਵਿੱਚ,
ਮੇਰੀ ਗਈ ਗੁਆਚ ਜੁਆਨੀ।
ਏਸ ਗਰਾਂ ਦੀਆਂ ਜੂਹਾਂ ਵਿੱਚ,
ਮੇਰਾ ਖੋ ਗਿਆ ਦਿਲਬਰ ਜਾਨੀ।
ਏਸ ਗਰਾਂ ਮੇਰੇ ਸੰਗ ਮੇਰਾ,
ਰੁੱਸ ਗਿਆ ਹੈ ਪਰਛਾਵਾਂ।
ਏਸ ਗਰਾਂ ਮੇਰਾ ਜੀਅ..

ਏਸ ਗਰਾਂ ਲੋਹੇ ਦੇ ਲੋਕੀਂ,
ਸਿੱਕਿਆਂ ਦੀ ਗੱਲ ਕਰਦੇ।
ਰੋਟੀ ਖਾਤਰ ਤਨ ਦੀ ਧਰਤੀ,
ਏਥੇ ਗਹਿਣੇ ਧਰਦੇ।
ਲੈਂਦੀਆਂ ਲੁੱਟ ਹੁਸਨ ਨੂੰ ਹੱਥੀਂ,
ਏਸ ਗਰਾਂ ਦੀ ਰਾਹਵਾਂ।
ਏਸ ਗਰਾਂ ਮੇਰਾ ਜੀਅ..

ਮੈਂ ਤਾਂ ਹਾ ਇਕ ਰੁੱਖ ਪਰਦੇਸੀ,
ਇਸ ਧਰਤੀ ਦੇ ਉਤੇ।
ਆਹਾਂ ਦੇ ਫੁੱਲ ਆ ਟਹਿਕੇ ਨੇ,
ਦੇਵ ਨੂੰ ਜੋਬਨ ਰੁੱਤੇ।
ਜਾਵੇ ਨਾ ਕਿਤੇ ਪੌਣ ਸਰਾਪੀ,
ਡਰਦਾ ਅੰਗ ਨਾ ਲਾਵਾਂ।
ਏਸ ਗਰਾਂ ਮੇਰਾ ਜੀਅ..