ਵਿਜੇ ਮਾਲਿਆ ਵਿਰੁੱਧ ਕੇਸ ਚਾਰ ਦਸੰਬਰ ਤੋਂ ਸ਼ੁਰੂ ਅੱਠ ਦਿਨ ਚੱਲੇਗਾ


ਲੰਡਨ, 20 ਨਵੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨਾਲ ਕਾਨੂੰਨੀ ਸੰਕਟ ਵਿੱਚ ਘਿਰੇ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਬਾਰੇ ਸੁਣਵਾਈ ਚਾਰ ਦਸੰਬਰ ਤੋਂ ਸ਼ੁਰੂ ਹੋ ਕੇ ਅੱਠ ਦਿਨਾਂ ਤਕ ਚੱਲੇਗੀ।
ਲੰਡਨ ਦੇ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਹਵਾਲਗੀ ਕੇਸ ਤੋਂ ਪਹਿਲੀ ਸੁਣਵਾਈ ਲਈ ਮਾਲਿਆ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਏ। ਵਿਜੇ ਮਾਲਿਆ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਸਕਾਟਲੈਂਡ ਯਾਰਡ (ਲੰਡਨ ਪੁਲਿਸ) ਨੇ ਹਵਾਲਗੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਸੋਮਵਾਰ ਨੂੰ ਅਦਾਲਤ ਨੇ ਜ਼ਮਾਨਤ ਦੀਆਂ ਉਨ੍ਹਾਂ ਹੀ ਸ਼ਰਤਾਂ ਉੱਤੇ ਉਸ ਨੂੰ ਰਿਹਾਅ ਕੀਤਾ ਤੇ ਚਾਰ ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ। ਹਵਾਲਗੀ ਦਾ ਕੇਸ 14 ਦਸੰਬਰ ਤਕ ਚੱਲੇਗਾ ਅਤੇ ਅੱਠ ਦਸੰਬਰ ਸੁਣਵਾਈ ਦਾ ਦਿਨ ਨਹੀਂ ਹੋਵੇਗਾ।
ਅੱਜ ਦੀ ਪੇਸ਼ੀ ਤੋਂ ਬਾਅਦ ਵਿਜੇ ਮਾਲਿਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਅਤੇ ਅਦਾਲਤ ਵਿੱਚ ਸਬੂਤ ਪੇਸ਼ ਕਰਕੇ ਸਾਫ ਕਰ ਦੇਣਗੇ। ਬ੍ਰਿਟੇਨ ਦੀ ਕਰਾਊਨ ਪਰਾਸੀਕਿਊਸ਼ਨ ਸਰਵਿਸ (ਸੀ ਪੀ ਐੱਸ) ਨੇ ਤਿੰਨ ਅਕਤੂਬਰ ਨੂੰ ਪਿਛਲੀ ਸੁਣਵਾਈ ਮੌਕੇ ਪਹਿਲੇ ਬੈਂਕ ਧੋਖਾਦੇਹੀ ਦੇ ਦੋਸ਼ ਦੇ ਨਾਲ ਮਨੀ ਲਾਂਡਰਿੰਗ ਦੇ ਦੋਸ਼ ਵੀ ਲਾਏ। ਵਿਜੇ ਮਾਲਿਆ ਉੱਤੇ ਵੱਖ-ਵੱਖ ਭਾਰਤੀ ਬੈਂਕਾਂ ਨਾਲ ਕਰੀਬ 9000 ਕਰੋੜ ਰੁਪਏ ਦੀ ਧੋਖਾਦੇਹੀ ਦੇ ਦੋਸ਼ ਹਨ। ਉਹ ਦੋ ਮਾਰਚ 2016 ਨੂੰ ਭਾਰਤ ਤੋਂ ਬ੍ਰਿਟੇਨ ਭੱਜ ਗਏ ਸਨ ਅਤੇ ਉਦੋਂ ਤੋਂ ਉੱਥੇ ਰਹਿ ਰਹੇ ਹਨ। ਮਾਲਿਆ ਦੇ ਖ਼ਿਲਾਫ਼ ਮੁਕੱਦਮੇ ਵਿੱਚ ਸੀ ਪੀ ਐੱਸ ਭਾਰਤ ਵੱਲੋਂ ਪੈਰਵੀ ਕਰ ਰਹੀ ਹੈ। ਉਸ ਦੇ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਤੋਂ ਚੱਲਦੇ ਮੁਕੱਦਮੇ ਵਿੱਚ ਨਵੇਂ ਦੋਸ਼ ਲਾਉਣ ਮਗਰੋਂ ਉਹ ਹਵਾਲਗੀ ਦੀ ਅਪੀਲ ਤਕਨੀਕੀ ਰੂਪ ਨਾਲ ਮੁੜ ਦਾਖ਼ਲ ਕਰ ਰਹੇ ਹਨ।
ਜੱਜ ਐੱਮਾ ਅਰਬੁਥਨਾਟ ਪਹਿਲਾਂ ਤੈਅ ਤਰੀਕਾਂ ਵਿੱਚ ਬਦਲਾਓ ਕੀਤੇ ਬਿਨਾਂ ਨਵਾਂ ਕੇਸ ਮੁੜ ਖੋਲ੍ਹਣ ਲਈ ਰਸਮੀ ਤੌਰ ਉੱਤੇ ਸਹਿਮਤ ਹੋ ਗਈ। ਉਨ੍ਹਾਂ ਮਾਲਿਆ ਦੇ ਵਕੀਲਾਂ ਦੀ ਟੀਮ ਨਾਲ ਸਹਿਮਤੀ ਪ੍ਰਗਟਾਈ ਕਿ ਨਵਾਂ ਸਬੂਤ ਪੇਸ਼ ਕੀਤੇ ਜਾਣ ਉੱਤੇ ਚਾਰ ਦਸੰਬਰ ਮੁਕੱਦਮੇ ਦੀ ਤਰੀਕ ਉੱਤੇ ਖ਼ਤਰਾ ਹੋ ਸਕਦਾ ਹੈ।