ਵਿਚਾਰਾਂ ਦੀ ਆਜ਼ਾਦੀ ਦੀ ਪ੍ਰਤੀਕ ਗੁਰਮਿਹਰ ਕੌਰ

gurmehar kaur
-ਨਰਿੰਦਰਜੀਤ ਸਿੰਘ ਬਰਾੜ (ਡਾ.)
ਗੁਰਮਿਹਰ ਕੌਰ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀ ਕੀਤਾ, ਭਾਰਤੀ ਕੱਟੜਪੰਥੀਆਂ ਨੇ 20 ਸਾਲ ਦੀ ਬੱਚੀ ਨੂੰ ਭਾਰਤ ਦਾ ਦੁਸ਼ਮਣ ਕਰਾਰ ਦੇ ਦਿੱਤਾ। ਕੱਟੜਪੰਥੀ ਕਿੰਨੀ ਜਲਦੀ ਭੁੱਲ ਗਏ ਕਿ ਗੁਰਮਿਹਰ ਕੌਰ ਦੇ ਪਿਤਾ ਮਨਦੀਪ ਸਿੰਘ ਨੇ ਕਸ਼ਮੀਰ ਵਿੱਚ ਭਾਰਤ ਲਈ ਜਾਨ ਕੁਰਬਾਨ ਕਰ ਦਿੱਤੀ ਸੀ। ਓਦੋਂ ਇਹ ਬੱਚੀ ਕੇਵਲ ਦੋ ਸਾਲ ਦੀ ਸੀ। ਅੰਨ੍ਹੇ ਰਾਸ਼ਟਰਵਾਦੀ ਇਸ ਬੱਚੀ ਦੇ ਪਰਵਾਰ ਦੀ ਕੁਰਬਾਨੀ, ਪਿਤਾ ਬਿਨਾਂ ਬਿਤਾਇਆ ਸਮਾਂ ਅਤੇ ਉਸ ਦੇ ਮਨ ਦੀਆਂ ਸੰਵੇਦਨਾਵਾਂ ਨਹੀਂ ਸਮਝ ਸਕੇ
ਗੁਰਮਿਹਰ ਨੇ ਜਿਸ ਤਰ੍ਹਾਂ ਸੋਚਿਆ ਅਤੇ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ, ਇਸ ਤਰ੍ਹਾਂ ਕੇਵਲ ਸ਼ਹੀਦ ਦੀ ਬੇਟੀ ਹੀ ਸੋਚ ਸਕਦੀ ਹੈ। ਰਾਜਨੀਤੀ ਦੀਆਂ ਮੌਜਾਂ ਮਾਨਣ ਵਾਲੇ ਇਸ ਤਰ੍ਹਾਂ ਨਹੀਂ ਸੋਚ ਸਕਦੇ। ਗੁਰਮਿਹਰ ਨੇ ਉਸ ਭਾਰਤ ਅਤੇ ਪਾਕਿਸਤਾਨ ਦੀ ਗੱਲ ਕੀਤੀ ਹੈ, ਜੋ ਸਾਧਾਰਨ ਲੋਕਾਂ ਦੇ ਦੇਸ਼ ਹਨ। ਦੋਵਾਂ ਦੇਸ਼ਾਂ ਦੇ ਸਾਧਾਰਨ ਲੋਕ ਸ਼ਾਂਤੀ ਚਾਹੁੰਦੇ ਹਨ। ਅਸੀਂ ਤਾਂ ਅਜੇ 1947 ਦੇ ਦਰਦ ਨਹੀਂ ਭੁੱਲੇ। ਉਸਤਾਦ ਦਾਮਨ ਲਿਖਦਾ ਹੈ:
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ।
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਫਿਰ ਸਵਾਲ ਇਹ ਉਠਦਾ ਹੈ ਕਿ ਸ਼ਾਂਤੀ ਕੌਣ ਨਹੀਂ ਚਾਹੁੰਦਾ? ਕਿਹੜੀਆਂ ਤਾਕਤਾਂ ਨੇ, ਜੋ ਭਰਾ ਨੂੰ ਭਰਾ ਨਾਲ ਲੜਾ ਰਹੀਆਂ ਹਨ? ਇਸ ਦਾ ਜਵਾਬ ਨੌਜਵਾਨ ਪੀੜ੍ਹੀ ਨੇ ਲੱਭਣਾ ਹੈ। ਮੈਨੂੰ ਪੂਰਨ ਆਸ ਹੈ ਕਿ ਦੋਵਾਂ ਦੇਸ਼ਾਂ ਦੇ ਨਰੋਈ ਸੋਚ ਵਾਲੇ ਨੌਜਵਾਨ ਇਸ ਦਾ ਜਵਾਬ ਜ਼ਰੂਰ ਲੱਭ ਲੈਣਗੇ।
ਗੁਰਮਿਹਰ ਨੂੰ ਨਾ ਸਮਝ ਕਹਿਣ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰੂੜੀਵਾਦੀ ਸੋਚ ਦੇ ਧਾਰਨੀ ਹੋਣਾ ਤੇ ਵੱਧ ਪੈਸਾ ਕਮਾਉਣਾ ਹੀ ਸਮਝਦਾਰੀ ਨਹੀਂ ਹੁੰਦੀ। ਨਵੀਂ ਸੋਚ ਨੂੰ ਅਪਨਾਉਣਾ, ਸਮਾਜ ਨੂੰ ਨਵੀਨ ਵਿਚਾਰਾਂ ਨਾਲ ਰੂ-ਬ-ਰੂ ਕਰਵਾਉਣਾ ਸਮਝਦਾਰੀ ਹੈ। ਸਾਡੇ ਵਿੱਚ ਵੱਡੀ ਸਮੱਸਿਆ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਨਵੇਂ ਵਿਚਾਰਾਂ ਲਈ ਖੁੱਲ੍ਹ ਨਹੀਂ ਦਿੰਦੇ। ਸਾਨੂੰ ਲੱਗਦਾ ਹੈ ਕਿ ਸਾਡੀ ਉਮਰ ਵੱਧ ਹੈ, ਸਾਡੀ ਪੜ੍ਹਾਈ ਵੱਧ ਹੈ, ਸਾਡਾ ਤਜਰਬਾ ਵੱਧ ਹੈ ਤੇ ਅਸੀਂ ਹੀ ਸਿਆਣੇ ਹਾਂ। ਨਵੀਂ ਪੀੜ੍ਹੀ ਦੀ ਸੋਚ ਨੂੰ ਖੁੰਢਾ ਕਰਨ ਲਈ ਅਸੀਂ ਹਮੇਸ਼ਾ ਤਿਆਰ ਰਹਿੰਦੇ ਹਾਂ।
ਅਸੀਂ ਵਿਦਿਆਰਥੀਆਂ ਦੇ ਵਿਚਾਰਾਂ ਦੀ ਕਦਰ ਨਹੀਂ ਕਰਦੇ, ਹਰ ਮਨੁੱਖ ਨੂੰ ਵਿਚਾਰ ਰੱਖਣ ਦਾ ਹੱਕ ਹੈ। ਫਿਰ ਗੁਰਮਿਹਰ ਨੇ ਕੀ ਗਲਤ ਕਰ ਦਿੱਤਾ। ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਤੁਸੀਂ ਸ਼ਹੀਦ ਦੀ ਬੇਟੀ ਨੂੰ ਦੇਸ਼ ਧ੍ਰੋਹੀ ਕਹੋ ਤੇ ਭੱਦੇ ਤਨਜ਼ ਕਸੋ। ਇਸ ਗੱਲ Ḕਤੇ ਹੈਰਾਨੀ ਹੁੰਦੀ ਹੈ ਕਿ ਸੰਵਿਧਾਨਕ ਅਹੁਦਿਆਂ Ḕਤੇ ਬੈਠੇ ਲੋਕ ਵੀ ਤਰਕ ਦੇ ਅਰਥ ਨਹੀਂ ਸਮਝਦੇ। ਰਾਜਨੀਤਕ ਜ਼ੰਜੀਰਾਂ ਨੂੰ ਲਾਹ ਕੇ ਸਾਨੂੰ ਬਲੀਦਾਨ ਦੇ ਅਰਥ ਸਮਝਣੇ ਚਾਹੀਦੇ ਹਨ ਅਤੇ ਸ਼ਹੀਦਾਂ ਦੇ ਪਰਵਾਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
ਭਾਰਤ ਕਿਸੇ ਦੇ ਪਰਵਾਰ ਦੀ ਜਾਗੀਰ ਨਹੀਂ, ਇਹ ਸਭ ਦਾ ਸਾਂਝਾ ਹੈ। ਭਾਰਤ ਇਸ ਵਿੱਚ ਰਹਿਣ ਵਾਲੀਆਂ ਸਾਰੀਆਂ ਕੌਮਾਂ, ਜਾਤਾਂ ਤੇ ਧਰਮਾਂ ਦਾ ਸਾਂਝਾ ਹੈ। ਨਿੱਜੀ ਮਾਲਕੀ ਦੀ ਵਿਚਾਰਧਾਰਾ ਨਾਲ ਅੰਨ੍ਹੇ ਰਾਸ਼ਟਰਵਾਦ ਨੂੰ ਪੈਦਾ ਕਰਨਾ ਸਮੇਂ ਦੇ ਹਾਣੀ ਬਣਨ ਵਿੱਚ ਵੱਡੀ ਰੁਕਾਵਟ ਸਿੱਧ ਹੋਵੇਗਾ। ਜਦੋਂ ਅਸੀਂ ਧਰਮ ਤੋਂ ਉਪਰ ਉਠ ਕੇ ਸੋਚਾਂਗੇ, ਉਦੋਂ ਅਸੀਂ ਸਾਰਿਆਂ ਵਿਚਾਰਾਂ ਦੀ ਕਦਰ ਕਰਨੀ ਸਿੱਖਾਂਗੇ। ਦੁਨੀਆ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਗੱਲ ਕਰਕੇ ਵੇਖੋ, ਜਿਥੇ ਦੁਨੀਆ ਭਰ ਦੇ ਦੇਸ਼ਾਂ ਤੋਂ ਵਿਦਿਆਰਥੀਆਂ ਆਉਂਦੇ ਹਨ। ਉਹ ਇਕ ਦੂਜੇ ਦੀ ਕਦਰ ਕਰਦੇ ਹਨ। ਸਹਿਣਸ਼ੀਲਤਾ ਤੇ ਦੂਜਿਆਂ ਦੇ ਵਿਚਾਰਾਂ ਦੀ ਕਦਰ ਹੀ ਉਨ੍ਹਾਂ ਸੰਸਥਾਵਾਂ ਨੂੰ ਦੁਨੀਆ ਵਿੱਚ ਪ੍ਰਸਿੱਧ ਕਰਦੀ ਹੈ। ਉਥੇ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਦਿੱਤੀ ਜਾਂਦੀ ਹੈ, ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਹੱਥ ਮਿਲਾਉਂਦੇ ਹਨ, ਉਨ੍ਹਾਂ ਨੂੰ ਆਪਣਾ ਦੋਸਤ ਮੰਨਦੇ ਹਨ, ਅਧਿਆਪਕਾਂ ਤੋਂ ਭੈਅ ਨਹੀਂ ਖਾਂਦੇ ਅਤੇ ਨਾ ਕਿਸੇ ਕਿਸਮ ਦਾ ਡਰ ਉਨ੍ਹਾਂ ਨੂੰ ਕਿਸੇ ਧਰਮ ਜਾਤ ਦੇ ਵਿਦਿਆਰਥੀਆਂ ਤੋਂ ਹੁੰਦਾ ਹੈ। ਵਿਚਾਰਾਂ ਦਾ ਆਦਾਨ ਪ੍ਰਦਾਨ ਆਜ਼ਾਦ ਫਿਜ਼ਾ ਦਿੰਦਾ ਹੈ। ਇਸੇ ਆਜ਼ਾਦੀ ਨਾਲ ਬੁੱਧੀਜੀਵੀ ਪੈਦਾ ਹੁੰਦੇ ਹਨ।
ਗੁਰਮਿਹਰ ਨੂੰ ਧਮਕੀ ਦੇਣ ਵਾਲੇ ਇਹ ਭੁੱਲ ਗਏ ਹਨ ਕਿ ਜਦੋਂ ਅਹਿਮਦਸ਼ਾਹ ਅਬਦਾਲੀ ਭਾਰਤੀ ਕੁੜੀਆਂ ਨੂੰ ਜਬਰੀ ਗੁਲਾਮ ਬਣਾ ਕੇ ਲਿਜਾ ਰਿਹਾ ਸੀ ਤਾਂ ਪੰਜਾਬੀਆਂ ਨੇ ਉਨ੍ਹਾਂ ਲੜਕੀਆਂ ਨੂੰ ਅਬਦਾਲੀ ਤੋਂ ਛੁਡਵਾ ਕੇ ਉਨ੍ਹਾਂ ਦੇ ਘਰਾਂ ਤੱਕ ਪੁਚਾਇਆ ਸੀ। ਜਿਹੜੇ ਮੁਗਲਾਂ ਨੇ ਭਾਰਤ ਉੱਤੇ ਰਾਜ ਕੀਤਾ, ਉਨ੍ਹਾਂ ਦੇ ਨੱਥ ਵੀ ਕੇਵਲ ਪੰਜਾਬੀਆਂ ਨੇ ਹੀ ਪਾਈ। ਤਾਕਤ ਤੇ ਸੱਤਾ ਦੇ ਨਸ਼ੇ ਨੇ ਉਨ੍ਹਾਂ ਨੂੰ ਇਤਿਹਾਸ ਭੁਲਾ ਦਿੱਤਾ ਹੈ, ਇਸੇ ਕਰਕੇ ਉਨ੍ਹਾਂ ਨੇ 20 ਸਾਲ ਦੀ ਲੜਕੀ ਨੂੰ ਭੱਦੀ ਸ਼ਬਦਾਵਲੀ ਨਾਲ ਧਮਕਾਉਣ ਦੀ ਗੁਸਤਾਖੀ ਕੀਤੀ ਹੈ।
ਗੁਰਮਿਹਰ ਨੂੰ ਕੇਵਲ ਇਹ ਕਹਿਣਾ ਹੈ ਕਿ ਉਹ ਉਨੀ ਹੀ ਵੱਡੀ ਰਾਸ਼ਟਰਵਾਦੀ ਹੈ, ਜਿੰਨਾ ਵੱਡਾ ਰਾਸ਼ਟਰਵਾਦੀ ਕੋਈ ਰਾਜਨੀਤਕ ਪਾਰਟੀ ਆਪਣੇ ਆਪ ਨੂੰ ਸਮਝਦੀ ਹੈ। ਭਗਤ ਸਿੰਘ ਦੀ ਡਾਇਰੀ ਦੇ ਪੰਨਾ 33 Ḕਤੇ ਲਿਖੀ ਹੋਈ ਚਾਰਲਸ ਮੈਕੇ ਦੀ ਕਵਿਤਾ ਉਸ ਨੂੰ ਜ਼ਰੂਰ ਬਲ ਬਖਸ਼ੇਗੀ।
ਤੁਸੀਂ ਕਹਿੰਦੇ ਹੋ, ਤੁਹਾਡਾ ਕੋਈ ਦੁਸ਼ਮਣ ਨਹੀਂ?
ਅਫਸੋਸ! ਮੇਰੇ ਦੋਸਤ, ਇਸ ਸ਼ੇਖੀ ਵਿੱਚ ਦਮ ਨਹੀਂ।
ਜੋ ਸ਼ਾਮਲ ਹੁੰਦਾ ਹੈ ਫਰਜ਼ ਦੀ ਲੜਾਈ ਵਿੱਚ,
ਜਿਸ ਨੂੰ ਬਹਾਦਰ ਲੜਦੇ ਹੀ ਹਨ,
ਉਸ ਦੇ ਦੁਸ਼ਮਣ ਹੁੰਦੇ ਹੀ ਹਨ।