ਵਿਗੜਦੀ ਅਮਨ-ਕਾਨੂੰਨ ਦੀ ਹਾਲਤ ਬਾਰੇ ਮੁੱਖ ਮੰਤਰੀ ਵੱਲੋਂ ਸੀਨੀਅਰ ਪੁਲਸ ਅਫਸਰਾਂ ਨਾਲ ਵਿਸ਼ੇਸ਼ ਬੈਠਕ


ਚੰਡੀਗੜ੍ਹ, 2 ਨਵੰਬਰ, (ਪੋਸਟ ਬਿਊਰੋ)- ਇਸ ਵੇਲੇ ਜਦੋਂ ਹਰ ਪਾਸੇ ਚਰਚਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ (ਲਾਅ ਐਂਡ ਆਰਡਰ) ਦੀ ਹਾਲਤ ਵਿਗੜੀ ਹੋਈ ਹੈ ਤਾਂ ਇਸ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਰਕਾਰ ਦੀ ਨੀਂਦ ਵੀ ਉੱਡੀ ਪਈ ਹੈ। ਸਿਰਫ ਇਸ ਇੱਕੋ ਮੁੱਦੇ ਨੂੰ ਲੈ ਕੇ ਅੱਜ ਉਨ੍ਹਾ ਨੇ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਸੁਰੇਸ਼ ਅਰੋੜਾ, ਲਾਅ ਐਂਡ ਆਰਡਰ ਬਾਰੇ ਡੀ ਜੀ ਪੀ ਹਰਦੀਪ ਸਿੰਘ ਢਿੱਲੋਂ, ਇੰਟੈਲੀਜੈਂਸ ਵਿੰਗ ਦੇ ਮੁਖੀ ਦਿਨਕਰ ਗੁਪਤਾ ਤੇ ਹੋਰ ਸੀਨੀਅਰ ਪੁਲੀਸ ਅਫਸਰਾਂ ਨਾਲ ਮੀਟਿੰਗ ਕਰ ਕੇ ਕਾਨੂੰਨ ਵਿਵਸਥਾ ਬਾਰੇ ਵਿਚਾਰ ਕੀਤੀ ਹੈ।
ਜਾਣਕਾਰ ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਦੇ ਵਿਗੜਦੇ ਜਾਂਦੇ ਹਾਲਾਤ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਕਿ ਉਹ ਪੁਲੀਸ ਦੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਹਨ ਅਤੇ ਪੰਜਾਬ ਪੁਲੀਸ ਤੇ ਖੁਫ਼ੀਆ ਵਿੰਗ ਦੇ ਮੁਖੀ ਦੀ ਢਿੱਲ ਬਾਰੇ ਉਨ੍ਹਾਂ ਨੂੰ ਲਗਾਤਾਰ ਨਾਂਹ-ਪੱਖੀ ਰਿਪੋਰਟਾਂ ਮਿਲ ਰਹੀਆਂ ਹਨ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਮੁਤਾਬਕ ਇਸ ਵੇਲੇ ਲਗਾਤਾਰ ਵਾਪਰ ਰਹੀਆਂ ਕਤਲਾਂ, ਲੁੱਟਾਂ-ਖੋਹਾਂ ਅਤੇ ਹੋਰ ਜੁਰਮਾਂ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਸਹਿਮੇ ਹੋਏ ਦੱਸੇ ਜਾਂਦੇ ਹਨ। ਕਾਂਗਰਸ ਦੇ ਕੁਝ ਵਿਧਾਇਕਾਂ ਨੇ ਲੋਕਲ ਬਾਡੀਜ਼ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਮੁੱਦੇ ਦੀ ਗੰਭੀਰਤਾ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਨ ਨੂੰ ਕਿਹਾ ਸੀ। ਇਸ ਦੇ ਬਾਅਦ ਨਵਜੋਤ ਸਿੱਧੂ ਦੀ ਅਗਵਾਈ ਹੇਠ ਕੁਝ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਉਚੇਚੇ ਤੌਰ ਉੱਤੇ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਅਮਨ ਕਾਨੂੰਨ ਦੀ ਵਿਗੜੀ ਹਾਲਤ ਤੇ ਗੈਂਗਾਂ ਦੀਆਂ ਸਰਗਰਮੀਆਂ ਦੀ ਚਰਚਾ ਕੀਤੀ ਅਤੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਤਿੱਖੀ ਸ਼ਬਦਾਵਲੀ ਵਰਤੀ। ਸਰਕਾਰ ਵਿਚਲੇ ਸੂਤਰਾਂ ਅਨੁਸਾਰ ਇਸ ਦੇ ਬਾਅਦ ਮੁੱਖ ਮੰਤਰੀ ਨਾਲ ਪੁਲੀਸ ਅਫਸਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੁੱਦਾ ਕਾਨੂੰਨ ਵਿਵਸਥਾ ਅਤੇ ਮਹੱਤਵ ਪੂਰਨ ਕੇਸਾਂ ਦੀ ਲਮਕਦੀ ਜਾ ਰਹੀ ਜਾਂਚ ਦਾ ਰਿਹਾ।
ਪਤਾ ਲੱਗਾ ਹੈ ਕਿ ਪੁਲੀਸ ਦੀ ਕਾਰਗੁਜ਼ਾਰੀ ਦੇ ਦੋਸ਼ਾਂ ਬਾਰੇ ਪੁਲੀਸ ਅਫਸਰਾਂ ਨੇ ਆਪਣਾ ਪੱਖ ਰੱਖਿਆ ਤੇ ਭਵਿੱਖ ਵਿੱਚ ਚੌਕਸੀ ਵਧਾਉਣ ਲਈ ਨਹਿਰਾਂ, ਦਰਿਆਵਾਂ ਦੇ ਪੁਲਾਂ ਅਤੇ ਹੋਰ ਅਹਿਮ ਥਾਵਾਂ ਉੱਤੇ ਕਲੋਜ਼ ਸਰਕਟ ਕੈਮਰੇ ਲਾਉਣ ਦੀ ਜਾਣਕਾਰੀ ਦਿੱਤੀ। ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਹੋਰ ਪੁਲੀਸ ਅਫਸਰਾਂ ਨੇ ਕਤਲ ਕੇਸਾਂ ਦੀ ਜਾਂਚ ਬਾਰੇ ਵੀ ਦੱਸਿਆ। ਅੰਦਰਲੇ ਸੂਤਰ ਦੱਸਦੇ ਹਨ ਕਿ ਪੁਲੀਸ ਅਫ਼ਸਰਾਂ ਵੱਲੋਂ ਜਾਂਚ ਬਾਰੇ ਦਿੱਤੇ ਗਏ ਤੱਥ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸੱਲੀ ਨਹੀਂ ਕਰਵਾ ਸਕੇ। ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰਾਂ ਦੀ ਮੌਜ ਦੇ ਸੰਬੰਧ ਵਿੱਚ ਮਿਲਦੀਆਂ ਰਿਪੋਰਟਾਂ ਬਾਰੇ ਵੀ ਪੁਲੀਸ ਨਾਲ ਨਾਰਾਜ਼ਗੀ ਪ੍ਰਗਟ ਕੀਤੀ। ਵਰਨਣ ਯੋਗ ਹੈ ਕਿ ਪਿਛਲੇ ਡੇਢ ਕੁ ਸਾਲ ਵਿੱਚ ਪੰਜਾਬ ਵਿੱਚ ਕਈ ਅਹਿਮ ਵਿਅਕਤੀਆਂ ਦੇ ਕਤਲ ਹੋ ਚੁੱਕੇ ਹਨ ਤੇ ਇਸ ਮਾਮਲੇ ਵਿੱਚ ਪੁਲੀਸ ਦੀ ਢਿੱਲ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਮੁੱਖ ਮੰਤਰੀ ਨਾਲ ਅੱਜ ਦੀ ਬੈਠਕ ਵਿੱਚ ਡੀ ਜੀ ਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ, ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਪੰਜਾਬ ਦੇ ਚਾਰ ਪੁਲਸ ਜ਼ੋਨਾਂ ਦੇ ਮੁਖੀ ਆਈ ਜੀ ਅਤੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰਾਂ ਦੇ ਪੁਲੀਸ ਕਮਿਸ਼ਨਰ ਮੌਜੂਦ ਸਨ।
ਇਸ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਉੱਤੇ ਮਿਲੇ ਲੋਕਲ ਬਾਡੀਜ਼ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਉਨ੍ਹਾਂ ਨਾਲ ਗਏ ਕੁਝ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਤਲ ਦੀਆਂ ਵਾਰਦਾਤਾਂ ਤੇ ਗੈਂਗਾਂ ਦੀਆਂ ਸਰਗਰਮੀਆਂ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੀਨੀਅਰ ਪੁਲੀਸ ਅਫਸਰਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਨਾਲ ਸੱਤ ਦੇਸ਼ਾਂ ਵਿਚਲੇ ਗੁੱਟਾਂ ਵੱਲੋਂ ਪੰਜਾਬ ਵਿੱਚ ਵੱਖਵਾਦੀ ਤੇ ਫਿਰਕੂ ਸ਼ਕਤੀਆਂ ਉਭਾਰਨ ਦੇ ਯਤਨਾਂ ਤੋਂ ਚੌਕਸ ਰਹਿਣ ਲਈ ਕਿਹਾ।