‘ਵਿਕਾਸ’ ਦੇ ਦੌਰ ਵਿੱਚ ਮੋਦੀ ਗੁਜਰਾਤ ਵਿੱਚ ‘99 ਉੱਤੇ ਆਊਟ ਕਿਉਂ


-ਰਵੀਸ਼ ਕੁਮਾਰ
ਹੁਣ ਤੱਕ ਗੁਜਰਾਤ ਦੀਆਂ ਚੋਣਾਂ ‘ਚ ਭਾਜਪਾ ਦੀ ਜਿੱਤ ਦਾ ਇੱਕੋ ਕਿੱਸਾ ਹੁੰਦਾ ਸੀ; ਗੱਲ ਮੋਦੀ ਤੋਂ ਸ਼ੁਰੂ ਹੰੁਦੀ ਅਤੇ ਮੋਦੀ ‘ਤੇ ਖਤਮ ਹੋ ਜਾਂਦੀ ਸੀ। ਇਸ ਵਾਰ ਗੁਜਰਾਤ ਦੀਆਂ ਚੋਣਾਂ ‘ਚ ਕਈ ਕਿੱਸੇ ਰਹੇ, ਜੋ ਮੋਦੀ ‘ਤੇ ਖਤਮ ਤਾਂ ਹੁੰਦੇ ਹਨ, ਪਰ ਉਨ੍ਹਾਂ ਤੋਂ ਸ਼ੁਰੂ ਨਹੀਂ ਹੰੁਦੇ। ਇਸ ਵਾਰ ਦੀਆਂ ਚੋਣਾਂ ਇੱਕ ਨਾਇਕ ਦੀ ਜਿੱਤ ਦੇ ਨਾਲ ਕਈ ਕਿੱਸਿਆਂ ਦੀ ਜਿੱਤ ਵੀ ਹਨ। ਜਿੱਤ ਸਿਰਫ ਮੋਦੀ ਦੀ ਨਹੀਂ ਹੋਈ, ਕੁਝ ਰਾਹੁਲ ਗਾਂਧੀ ਵੀ ਜਿੱਤੇ ਹਨ ਅਤੇ ਕੁਝ ਜਿਗਨੇਸ਼, ਅਲਪੇਸ਼ ਵੀ।
ਕ੍ਰਿਕਟ ਵਿੱਚ ਸੈਂਕੜੇ ਦਾ ਰੋਮਾਂਚ ਇਹੋ ਹੁੰਦਾ ਹੈ। ਜਦੋਂ ਕੋਈ ਬੱਲੇਬਾਜ਼ 99 ਉਤੇ ਪਹੁੰਚਦਾ ਹੈ ਤਾਂ ਗੇਂਦਬਾਜ਼ੀ ਕਰ ਰਹੀ ਟੀਮ ਦੇ ਸਾਰੇ ਖਿਡਾਰੀ ਚੌਕਸ ਹੋ ਜਾਂਦੇ ਹਨ ਤੇ ਲੋਕ ਅੱਖਾਂ ਅੱਡ ਕੇ ਦੇਖਣ ਲੱਗਦੇ ਹਨ ਕਿ ਹੁਣ ਬੱਲੇਬਾਜ਼ ਸੈਂਕੜਾ ਬਣਾ ਸਕੇਗਾ ਜਾਂ ਨਹੀਂ ਅਤੇ ਗੇਂਦਬਾਜ਼ ਸੈਂਕੜੇ ਤੋਂ ਪਹਿਲਾਂ ਉਸ ਨੂੰ ਆਊਟ ਕਰ ਸਕੇਗਾ ਜਾਂ ਨਹੀਂ? ਗੁਜਰਾਤ ਵਿੱਚ ਹੁਣ ਭਾਜਪਾ 99 ਉੱਤੇ ਆਊਟ ਹੋ ਗਈ। ਓਥੇ ਭਾਜਪਾ 1995 ਤੋਂ ਬਾਅਦ ਪਹਿਲੀ ਵਾਰ ਸੈਂਕੜਾ ਬਣਾਉਣ ਤੋਂ ਖੰੁਝੀ। ਗੁਜਰਾਤ ਵਿੱਚ ਮੋਦੀ ਯੁੱਗ ਦਾ ਇਹ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਇਸ ਦਾ ਤਣਾਅ ਉਨ੍ਹਾਂ ਦੇ ਚਿਹਰੇ ‘ਤੇ ਝਲਕਦਾ ਸੀ, ਜਦੋਂ ਉਹ ਪਾਰਟੀ ਹੈਡਕੁਆਰਟਰ ‘ਚ ਭਾਸ਼ਣ ਦੇ ਰਹੇ ਸਨ। ਜਿੱਤ ਦੇ ਪਲਾਂ ਵਿੱਚ ਵੀ ਤਲਖੀ ਦੀ ਭਾਵਨਾ ਸੀ, ਗੁੱਸਾ ਝਲਕਦਾ ਸੀ।
ਭਾਜਪਾ ਇਸ ਜਿੱਤ ਤੋਂ ਖੁਸ਼ ਹੋ ਸਕਦੀ ਹੈ, ਕਿਉਂਕਿ ਉਸ ਦੀ ਸਰਕਾਰ ਬਣੀ ਹੈ, ਪਰ ਕੀ ਉਹ ਬੱਲੇਬਾਜ਼ ਵੀ ਖੁਸ਼ ਹੋਵੇਗਾ, ਜੋ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸ਼ੱਕ ‘ਵਿਕਾਸ-ਵਿਕਾਸ’ ਕਹਿ ਰਹੇ ਹੋਣ, ਪਰ ਵਿਕਾਸ ਦੇ ਇਸ ਦੌਰ ਵਿੱਚ ਉਹ 99 ਉਤੇ ਆਊਟ ਕਿਉਂ ਹੋਏ? 2002 ਵਿੱਚ ਵਿਕਾਸ ਹਾਲੇ ਸ਼ੁਰੂ ਵੀ ਨਹੀਂ ਹੋਇਆ ਸੀ, ਜਦੋਂ ਭਾਜਪਾ ਨੂੰ 127 ਸੀਟਾਂ ਮਿਲੀਆਂ ਸਨ। ਸਾਲ 2017 ਵਿੱਚ ਵਿਕਾਸ ਨਹੀਂ, ਸਗੋਂ 2002 ਦੇ ਰਹਿੰਦ ਖੰੂਹਦ ਦੀ ਜਿੱਤ ਹੋਈ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਉਸ ਦੌਰ ਦੀਆਂ ਯਾਦਾਂ ਤਾਜ਼ਾ ਕਰਨ ਦੇ ਬਹੁਤ ਯਤਨ ਹੋਏ। ਕਈ ਤਰ੍ਹਾਂ ਪਾਕਿਸਤਾਨ ਦਾ ਜ਼ਿਕਰ ਹੋਇਆ ਤੇ ਮੀਆਂ ਮੁਸ਼ੱਰਫ ਵਾਂਗ ‘ਅਹਿਮਦ ਮੀਆਂ’ ਸ਼ਬਦ ਘੜਨ ਦੀ ਸਾਜ਼ਿਸ਼ ਕੀਤੀ ਗਈ। ਬਿਨਾਂ ਕਿਸੇ ਆਧਾਰ ਦੇ ਸਾਬਕਾ ਪ੍ਰਧਾਨ ਮੰਤਰੀ ‘ਤੇ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਅਤੇ ਕਿਸੇ ਤਰ੍ਹਾਂ ਵਿਰੋਧੀ ਧਿਰ ਨੂੰ ਮੁਸਲਿਮ ਪ੍ਰਸਤ ਸਿੱਧ ਕਰ ਲਈ ‘ਔਰੰਗਜ਼ੇਬ ਰਾਜ’ ਅਤੇ ਮੁਗਲ ਵੰਸ਼ ਦਾ ਜ਼ਿਕਰ ਕੀਤਾ ਗਿਆ।
ਗੁਜਰਾਤ ਨੂੰ 2002 ਦੀਆਂ ਯਾਦਾਂ ਵਿੱਚ ਧੱਕਣ ਦੀ ਕੋਸ਼ਿਸ਼ ਜ਼ਰੂਰ ਹੋਈ, ਪਰ ਗੁਜਰਾਤ ਨੇ ਖੁਦ ਨੂੰ ਪੂਰੀ ਤਰ੍ਹਾਂ ਨਹੀਂ, ਕਾਫੀ ਹੱਦ ਤੱਕ ਜ਼ਰੂਰ ਉਨ੍ਹਾਂ ਯਾਦਾਂ ਤੋਂ ਅੱਡ ਕਰ ਲਿਆ ਹੈ। ਹਿੰਦੂਵਾਦ ਦੀ ਭੂਮਿਕਾ ਤਾਂ ਹੈ, ਪਰ ਉਹੋ ਜਿਹੀ ਨਹੀਂ ਰਹੀ। ਲੋਕ ਹਿੰਦੂਵਾਦ ਤੋਂ ਇਲਾਵਾ ਨੌਕਰੀਆਂ ਤੇ ਹੋਰ ਸਵਾਲਾਂ ਨੂੰ ਵੀ ਦੇਖ ਰਹੇ ਸਨ। ਭਾਜਪਾ ਜਿਸ ਵਿਕਾਸ ਦੀ ਗੱਲ ਕਰ ਰਹੀ ਸੀ, ਉਸ ਬਾਰੇ ਲੋਕ ਪੁੱਛ ਰਹੇ ਸਨ ਕਿ ਉਹ ਵਿਕਾਸ ਹੈ ਕਿੱਥੇ?
ਜਸ਼ਨ ਨਾਲ ਕੋਈ ਜਿੱਤ ਵੱਡੀ ਨਹੀਂ ਹੋ ਜਾਂਦੀ। ਮੋਦੀ ਕਦੇ ਸੋਚ ਨਹੀਂ ਸਕਦੇ ਸਨ ਕਿ ਜਿਸ ਗੁਜਰਾਤ ਨੇ ਉਨ੍ਹਾਂ ਨੂੰ ਕਾਂਗਰਸ ਨੂੰ ਖਤਮ ਕਰਨ ਦੀ ਤਾਕਤ ਤੇ ਵਿਚਾਰਕ ਹਥਿਆਰ ਦਿੱਤੇ, ਉਹ ਗੁਜਰਾਤ ਕਾਂਗਰਸ ਨੂੰ ਸੱਤਾ ਨੇੜੇ ਲੈ ਜਾਵੇਗਾ। ਨਤੀਜੇ ਦੱਸਦੇ ਹਨ ਕਿ ਬੇਸ਼ੱਕ ਕਾਂਗਰਸ ਨਹੀਂ ਜਿੱਤੀ, ਪਰ ਗੁਜਰਾਤ ਦੇ ਲੋਕਾਂ ਨੇ ਉਸ ਬਾਰੇ ਉਸ ਤਰ੍ਹਾਂ ਨਹੀਂ ਸੋਚਿਆ, ਜਿਸ ਤਰ੍ਹਾਂ ਮੋਦੀ ਪੇਸ਼ ਕਰਨਾ ਚਾਹੁੰਦੇ ਹਨ। ਅਜਿਹਾ ਹੁੰਦਾ ਤਾਂ 22 ਸਾਲਾਂ ‘ਚ ਕਾਂਗਰਸ ਨੂੰ ਪਹਿਲੀ ਵਾਰ ਇਥੇ 80 ਸੀਟਾਂ ਨਾ ਮਿਲਦੀਆਂ। ਵੋਟ ਪ੍ਰਤੀਸ਼ਤ ਕੋਈ ਪੈਮਾਨਾ ਨਹੀਂ ਹੁੰਦਾ। ਇਹ ਹਾਰੀ ਹੋਈ ਪਾਰਟੀ ਦਾ ਵੀ ਵਧਦਾ ਹੈ ਤੇ ਕਈ ਵਾਰ ਵੋਟ ਪ੍ਰਤੀਸ਼ਤ ਜ਼ਿਆਦਾ ਹੋਣ ‘ਤੇ ਵੀ ਕੋਈ ਪਾਰਟੀ ਹਾਰ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਜੇ 10 ਉਮੀਦਵਾਰ ਵੀ ਵੱਡੇ ਫਰਕ ਨਾਲ ਜਿੱਤ ਗਏ ਤਾਂ ਉਸ ਦੇ ਆਧਾਰ ‘ਤੇ ਵੋਟ ਪ੍ਰਤੀਸ਼ਤ ਵਧ ਜਾਂਦੀ ਹੈ। ਇਸ ਲਈ ਵੋਟ ਪ੍ਰਤੀਸ਼ਤ ਦੇ ਵਧਣ ਦਾ ਸੀਟਾਂ ਦੀ ਗਿਣਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੰੁਦਾ।
ਗੁਜਰਾਤ ਦੀ ਕਹਾਣੀ ਦਾ ਇੱਕ ਹਿੱਸਾ ਇਹ ਹੈ ਕਿ ਪੰਜ ਲੱਖ ਵੋਟਰਾਂ ਨੇ ਕਾਂਗਰਸ-ਭਾਜਪਾ ਨੂੰ ਵੋਟ ਨਹੀਂ ਦਿੱਤੀ, ਸਗੋਂ ‘ਨੋਟਾ’ ਵਾਲਾ ਬਟਨ ਦਬਾਇਆ। ਇਨ੍ਹਾਂ ਪੰਜ ਲੱਖ ਵੋਟਰਾਂ ਨੂੰ ਨਾ ਹਿੰਦੂਵਾਦ ਨਜ਼ਰ ਆਇਆ ਅਤੇ ਨਾ ਹੀ ਕਿਸੇ ਦਾ ਵਿਕਾਸ। ਕਾਂਗਰਸ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਵਿੱਚ ਇਸ ਵਾਰ ਕਈ ਲੱਖ ਵੋਟਾਂ ਦਾ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਆਪਣੇ ਜੱਦੀ ਨਗਰ ਵਾਲੀ ਸੀਟ ਉਤੇ ਉਮੀਦਵਾਰ ਨਹੀਂ ਜਿਤਾ ਸਕੇ। ਉਂਝਾ ਸੀਟ ‘ਤੇ ਕਾਂਗਰਸੀ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ। 2014 ਤੋਂ ਬਾਅਦ ਜਿੱਥੇ ਵੀ ਚੋਣਾਂ ਹੋਈਆਂ, ਭਾਜਪਾ ਨੇ ਕਾਂਗਰਸ ‘ਚੋਂ ਉਮੀਦਵਾਰ ਤੋੜੇ। ਕਾਂਗਰਸ ‘ਚੋਂ ਆਏ ਲੋਕਾਂ ਲਈ ਭਾਜਪਾ ਇੱਕ ਲਾਟਰੀ ਵਾਂਗ ਸੀ, ਕਿਉਂਕਿ ਉਹ ਜਿੱਤੇ ਵੀ ਅਤੇ ਮੰਤਰੀ ਵੀ ਬਣੇ, ਪਰ ਗੁਜਰਾਤ ਵਿੱਚ ਕਾਂਗਰਸ ਵਿੱਚੋਂ ਆਏ ਜਿਹੜੇ ਪੰਜ ਵਿਧਾਇਕਾਂ ਨੂੰ ਭਾਜਪਾ ਨੇ ਟਿਕਟ ਦਿੱਤੀ, ਉਨ੍ਹਾਂ ‘ਚੋਂ ਚਾਰ ਹਾਰ ਗਏ, ਭਾਵ ਭਾਜਪਾ ਜਿੱਤਣ ਦੀ ਗਾਰੰਟੀ ਨਹੀਂ ਰਹੀ।
ਆਪਣੇ ਪ੍ਰਧਾਨ ਮੰਤਰੀ ਦਾ ਗੁਜਰਾਤ ਨੇ ਜ਼ਰੂਰ ਮਾਣ ਰੱਖਿਆ। ਆਖਰੀ ਸਮੇਂ ਵਿੱਚ ਪੁਰਾਣੇ ਪਿਆਰ ਦੀ ਖਿੱਚ ਨੇ ਵੋਟਰਾਂ ਨੂੰ ਉਨ੍ਹਾਂ ਤੋਂ ਦੂਰ ਜਾਣ ਤੋਂ ਰੋਕ ਲਿਆ, ਪਰ ਸਾਫ ਨਜ਼ਰ ਆ ਰਿਹਾ ਹੈ ਕਿ ਉਸ ਦੇ ਬਾਵਜੂਦ ਬਹੁਤ ਸਾਰੇ ਵੋਟਰਾਂ ਨੇ ਉਨ੍ਹਾਂ ਤੋਂ ਮੂੰਹ ਮੋੜਿਆ ਅਤੇ ਉਹ ਮੋਦੀ ਯੁੱਗ ਦੇ ਪ੍ਰਭਾਵ ਤੋਂ ਬਾਹਰ ਆ ਗਏ। ਭਾਜਪਾ ਵਿਰੋਧੀ ਆਗੂਆਂ ਅਤੇ ਵਿਰੋਧੀ ਪਾਰਟੀਆਂ ਉਤੇ ਜਾਤਵਾਦ ਦਾ ਦੋਸ਼ ਲਾ ਰਹੀ ਹੈ, ਪਰ ਸੱਚ ਇਹੋ ਹੈ ਕਿ ਭਾਜਪਾ ਵੀ ਹਰ ਵਾਰ ਚੋਣਾਂ ਵਿੱਚ ਜਾਤਵਾਦੀ ਸਮੀਕਰਨ ਬਣਾਉਂਦੀ ਹੈ। ਗੁਜਰਾਤ ਤੇ ਗੁਜਰਾਤ ਤੋਂ ਬਾਹਰ ਇਸ ਦੀਆਂ ਕਈ ਮਿਸਾਲਾਂ ਹਨ।
ਜਿੱਤ ਤੋਂ ਬਾਅਦ ਭਾਜਪਾ ਜ਼ੋਰ-ਸ਼ੋਰ ਨਾਲ ਕਾਂਗਰਸ ‘ਤੇ ਤੁਸ਼ਟੀਕਰਨ ਦੇ ਦੋਸ਼ ਲਾ ਰਹੀ ਸੀ। ਮੀਆਂ ਮੁਸ਼ੱਰਫ ਦੀ ਜਗ੍ਹਾ ਅਹਿਮਦ ਮੀਆਂ ਤੇ ਪਾਕਿਸਤਾਨ ਬਾਰੇ ਝੂਠਾ ਪ੍ਰਚਾਰ ਵੀ ਇੱਕ ਵਰਗ ਦੇ ਤੁਸ਼ਟੀਕਰਨ ਲਈ ਸੀ। ਭਾਜਪਾ ਮੁਸਲਿਮ ਤੁਸ਼ਟੀਕਰਨ ਦੀ ਆਲੋਚਨਾ ਤਾਂ ਕਰਦੀ ਹੈ, ਪਰ ਖੁਦ ਵੀ ਹਿੰਦੂ ਤੁਸ਼ਟੀਕਰਨ ‘ਚ ਲੱਗੀ ਰਹਿੰਦੀ ਹੈ। ਉਹ ਹਿੰਦੂ ਸਮਾਜ ‘ਚ ਮੁਸਲਮਾਨ ਦੇ ਨਾਂਅ ‘ਤੇ ਇੱਕ ਭਾਰਤੀ ਨਾਗਰਿਕ ਦੇ ਮੁੱਖ ਮੰਤਰੀ ਬਣਨ ਦਾ ਖੌਫ ਪੈਦਾ ਕਰਦੀ ਹੈ। ਜਦ ਭਾਜਪਾ ਦੇ ਸਮਰਥਨ ਨਾਲ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਬਣ ਸਕਦੀ ਹੈ ਤਾਂ ਆਹਿਮਦ ਪਟੇਲ ਕਿਉਂ ਨਹੀਂ? ਉਂਝ ਅਹਿਮਦ ਪਟੇਲ ਕਦੇ ਵੀ ਦਾਅਵੇਦਾਰ ਨਹੀਂ ਰਹੇ। ਗੁਜਰਾਤ ਨੇ ਹਿੰਦੂ ਤੁਸ਼ਟੀਕਰਨ ਨੂੰ ਵੀ ਬਹੁਤ ਹੱਦ ਤੱਕ ਖਾਰਜ ਕੀਤਾ ਹੈ। ਆਸ ਕੀਤੀ ਜਾ ਸਕਦੀ ਹੈ ਕਿ ਇੱਕ ਸਮਾਂ ਆਵੇਗਾ, ਜਦੋਂ ਵਿਕਾਸ ਦੇ ਸਵਾਲਾਂ ਬਾਰੇ ਡੂੰਘੀ ਸਮੀਖਿਆ ਹੋਵੇਗੀ, ਲੋਕ ਭਾਵੁਕਤਾ ਦੇ ਮਾਇਆਜਾਲ ‘ਚੋਂ ਨਿਕਲ ਕੇ ਦੇਖ ਸਕਣਗੇ ਕਿ ਵਿਕਾਸ ਦੇ ਨਾਂਅ ‘ਤੇ ਵੱਡੇੇ ਉਦਯੋਗਪਤੀਆਂ ਦਾ ਹੀ ਵਿਕਾਸ ਹੁੰਦਾ ਹੈ ਜਾਂ ਉਨ੍ਹਾਂ ਦਾ ਵੀ ਹੁੰਦਾ ਹੈ? ਇਸ ਵਿਕਾਸ ਨਾਲ ਸਿਰਫ ਇੱਕ ਫੀਸਦੀ ਲੋਕ ਹੀ ਅਮੀਰ ਕਿਉਂ ਹੁੰਦੇ ਹਨ ਤੇ ਬਾਕੀ ਕਿਉਂ ਰਹਿ ਜਾਂਦੇ ਹਨ? ਗੁਜਰਾਤ ਦਾ ਸੁਨੇਹਾ ਇਹੋ ਹੈ। ਮੋਦੀ ਨਾ ਤਾਂ ਵਿਕਾਸ ਹਨ ਅਤੇ ਨਾ ਹੀ ਗੁਜਰਾਤ।