ਵਿਆਹ ਵਿੱਚ ਕੀਤੀ ਫਾਇਰਿੰਗ ਦੌਰਾਨ ਐਮ ਬੀ ਏ ਦੀ ਵਿਦਿਆਰਥਣ ਮਾਰੀ ਗਈ


ਹੁਸ਼ਿਆਰਪੁਰ, 11 ਫਰਵਰੀ, (ਪੋਸਟ ਬਿਊਰੋ)- ਬੀਤੀ ਰਾਤ ਇਸ ਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਇੱਕ ਕਾਲਜ ਵਿਦਿਆਰਥਣ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
ਮਿਲ ਸਕੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮੁਹੱਲਾ ਛੱਤਾ ਬਾਜ਼ਾਰ ਵਿੱਚ ਬੀਤੀ ਰਾਤ ਕਰੀਬ 11 ਵਜੇ ਇਕ ਲੜਕੀ ਦੇ ਵਿਆਹ ਦੀ ਜਾਗੋ ਕੱਢੀ ਜਾ ਰਹੀ ਸੀ। ਇਸ ਦੌਰਾਨ ਗੁਆਂਢ ਵਿੱਚ ਰਹਿੰਦੀ ਲੜਕੀ ਸਾਕਸ਼ੀ ਅਰੋੜਾ (20) ਐੱਮ ਬੀ ਏ ਦੀ ਵਿਦਿਆਰਥਣ ਆਪਣੇ ਘਰ ਦੀ ਛੱਤ ਉੱਤੇ ਖੜੀ ਹੋ ਕੇ ਜਾਗੋ ਦੇਖ ਰਹੀ ਸੀ। ਜਾਗੋ ਦੇ ਦੌਰਾਨ ਲਾੜੀ ਦੇ ਪਿਤਾ ਅਸ਼ੋਕ ਸ਼ੋਕੀ ਨੇ ਗੋਲੀ ਚਲਾ ਦਿੱਤੀ, ਜਿਹੜੀ ਛੱਤ ਉੱਤੇ ਖੜੀ ਸਾਕਸ਼ੀ ਨੂੰ ਜਾ ਵੱਜੀ। ਗੋਲੀ ਲੱਗਣ ਪਿੱਛੋਂ ਸਾਕਸ਼ੀ ਨੂੰ 2 ਨੌਜਵਾਨ ਐਕਟਿਵਾ ਉੱਤੇ ਇਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਿਊਟੀ ਉੱਤੇ ਤਾਇਨਾਤ ਮੈਡੀਕਲ ਸਟਾਫ ਨੇ ਕਿਹਾ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਅਦ ਉਹ ਦੋਵੇਂ ਲੜਕੇ ਮੌਕੇ ਤੋਂ ਗਾਇਬ ਹੋ ਗਏ।
ਇਸ ਘਟਨਾ ਦਾ ਪਤਾ ਲੱਗਦੇ ਸਾਰ ਡੀ ਐੱਸ ਪੀ ਸਿਟੀ ਸੁਖਵਿੰਦਰ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਅਸ਼ੋਕ ਸ਼ੋਕੀ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਦਾ ਇੱਕ ਦੋਸਤ ਫਰਾਰ ਦੱਸਿਆ ਗਿਆ ਹੈ। ਸਿਟੀ ਪੁਲਸ ਨੇ ਦੋਵਾਂ ਦੇ ਖਿਲਾਫ ਧਾਰਾ 302 ਅਤੇ ਆਰਮਜ ਐਕਟ ਦਾ ਕੇਸ ਦਰਜ ਕੀਤਾ ਹੈ।
ਮੌਕੇ ਉੱਤੇ ਹਾਜ਼ਰ ਲੋਕਾਂ ਦੇ ਦੱਸਣ ਅਨੁਸਾਰ ਛੱਤਾ ਬਾਜ਼ਾਰ, ਸ਼ੀਤਲਾ ਮੰਦਰ ਦੇ ਵਾਸੀ ਅਸ਼ੋਕ ਖੋਸਲਾ ਸ਼ੋਕੀ ਦੀ ਧੀ ਆਰਤੀ ਦਾ 11 ਫਰਵਰੀ ਐਤਵਾਰ ਨੂੰ ਵਿਆਹ ਹੋਣਾ ਸੀ। ਇਸੇ ਸੰਬੰਧ ਵਿੱਚ 10 ਫਰਵਰੀ ਨੂੰ ਜਾਗੋ ਅਤੇ ਡੀ ਜੇ ਪਾਰਟੀ ਰੱਖੀ ਗਈ ਸੀ। ਜਾਗੋ ਜਦੋਂ ਮੁਹੱਲੇ ਦੀਆਂ ਵੱਖ-ਵੱਖ ਗਲੀਆਂ ਵਿੱਚ ਘੁੰਮ ਕੇ ਘਰ ਨੇੜੇ ਪਹੁੰਚੀ ਤਾਂ ਇਸੇ ਦੌਰਾਨ ਡੀ ਜੇ ਸ਼ੁਰੂ ਹੋ ਗਿਆ ਅਤੇ ਲਾੜੀ ਦੇ ਪਿਤਾ ਅਸ਼ੋਕ ਸ਼ੋਕੀ ਅਤੇ ਕੁਝ ਹੋਰ ਲੋਕਾਂ ਨੇ ਰਿਵਾਲਵਰ ਅਤੇ ਦੋਨਾਲੀ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇੱਕ ਗੋਲੀ ਗੁਆਂਢ ਵਿੱਚ ਰਹਿੰਦੀ ਤੇ ਆਪਣੇ ਘਰ ਦੀ ਛੱਤ ਉੱਤੇ ਖੜ੍ਹੀ ਸਾਕਸ਼ੀ ਦੇ ਸਿਰ ਵਿੱਚ ਜਾ ਲੱਗੀ ਅਤੇ ਉਸ ਦੀ ਮੌਤ ਹੋ ਗਈ। ਇਸ ਨਾਲ ਵਿਆਹ ਦੀਆਂ ਖੁਸ਼ੀਆਂ ਚੀਕ-ਚਿਹਾੜੇ ਵਿੱਚ ਬਦਲ ਗਈਆਂ।
ਸਾਕਸ਼ੀ ਦੇ ਪਿਤਾ ਚਰਨਜੀਤ ਅਰੋੜਾ ਨੇ ਪੁਲਸ ਨੂੰ ਦੱਸਿਆ ਕਿ ਪ੍ਰਸ਼ਾਸਨ ਦੀ ਇਜਾਜ਼ਤ ਬਿਨਾਂ ਦੇਰ ਰਾਤ ਡੀ ਜੇ ਦੇ ਰੋਲੇ ਵਿੱਚ ਅਸ਼ੋਕ ਅਤੇ ਉਸ ਦੇ ਸਾਥੀ ਦੋਨਾਲੀ ਤੇ ਪਿਸਤੌਲ ਚਲਾ ਰਹੇ ਸੀ, ਜਿਸ ਦੀ ਗੋਲੀ ਨਾਲ ਮੇਰੀ ਬੇਟੀ ਸਾਕਸ਼ੀ ਦੀ ਮੌਤ ਹੋਈ ਹੈ। ਮ੍ਰਿਤਕ ਸਾਕਸ਼ੀ ਜਲੰਧਰ ਦੇ ਏ ਪੀ ਜੇ ਕਾਲਜ ਵਿੱਚ ਐੱਮ ਬੀ ਏ ਦੀ ਵਿਦਿਆਰਥਣ ਸੀ ਤੇ ਸੋਮਵਾਰ ਤੋਂ ਉਸ ਦੀਆਂ ਪ੍ਰੀਖਿਆ ਸ਼ੁਰੂ ਹੋਣ ਵਾਲੀਆਂ ਸਨ।