ਵਿਆਹ ਦੀਆਂ ਰਸਮਾਂ ‘ਤੇ ਭਾਰੂ ਪਈ ਮੰਡੀ

– ਡਾ. ਰਾਜਵੰਤ ਕੌਰ ਪੰਜਾਬੀ
ਪੂਰੇ ਵਿਸ਼ਵ ਵਿੱਚ ਭਾਰਤੀ ਵਿਆਹ ਸਮਾਗਮ ਆਪਣੀ ਵਿਲੱਖਣ ਪਛਾਣ ਰੱਖਦੇ ਹਨ। ਇਥੇ ਸਿਰਫ ਮਨੁੱਖਾਂ ਦੇ ਨਹੀਂ, ਦੇਵੀ ਦੇਵਤਿਆਂ, ਪੌਦਿਆਂ ਤੇ ਜਾਨਵਰਾਂ ਦੇ ਵਿਆਹ ਵੀ ਧੂਮ ਧਾਮ ਨਾਲ ਕੀਤੇ ਜਾਂਦੇ ਹਨ। ਅਜੋਕੇ ਸਮਾਜ ਵਿੱਚ ਗਰੀਬ ਬੰਦੇ ਲਈ ਧੀ ਪੁੱਤ ਦਾ ਵਿਆਹ ਕਰਨਾ ਸਹਿਜ ਕਾਰਜ ਨਹੀਂ ਰਿਹਾ। ਇਸ ਨੇ ਬੇਹੱਦ ਜਟਿਲ ਅਤੇ ਖਰਚੀਲੇ ਆਯੋਜਨ ਵਾਲੇ ਸਮਾਰੋਹ ਦਾ ਰੂਪ ਧਾਰਨ ਕਰ ਲਿਆ ਹੈ। ਧੂਮ ਧੜਾਕੇ ਨਾਲ ਕੀਤੇ ਜਾਂਦੇ ਵਿਆਹਾਂ ਦਾ ਖਰਚ ਪੰਦਰਾਂ ਵੀਹ ਲੱਖ ਤੋਂ ਘੱਟ ਕਿਆਸ ਹੀ ਨਹੀਂ ਕੀਤਾ ਜਾ ਸਕਦਾ।
ਸਾਹਾ ਚਿੱਠੀ ਮਹਿੰਗੇ ਕਾਰਡਾਂ ਰਾਹੀਂ ਸੱਦਾ ਪੱਤਰਾਂ ਦਾ ਰੂਪ ਲੈ ਚੁੱਕੀ ਹੈ। ਗੁੜ ਦੀ ਭੇਲੀ ਦੀ ਥਾਂ ਪੰਜੀਰੀ ਜਾਂ ਵਿਭਿੰਨ ਕਿਸਮਾਂ ਦੀ ਮਠਿਆਈ ਵੰਡਣ ਦਾ ਰੁਝਾਨ ਹੋ ਗਿਆ ਹੈ। ਪੂੰਜੀਪਤੀ ਆਪਣੀ ਔਲਾਦ ਦੇ ਵਿਆਹ ਪੰਜ ਤਾਰਾ ਹੋਟਲਾਂ ਵਿੱਚ ਕਰਨ ਲੱਗੇ ਹਨ। ਬਰਾਤ ਦੇ ਢੁਕਾਅ ਵੇਲੇ ਲਾੜਾ ਘੋੜੀ ਤੋਂ ਉਤਰਨ ਦੀ ਥਾਂ ਮਹਿੰਗੀ ਕਾਰ ਤੋਂ ਉਤਰਨਾ ਪਸੰਦ ਕਰਦਾ ਹੈ। ਜੁਲਾਈ 2016 ਵਿੱਚ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਏਅਰ ਫੋਰਸ ਦੇ ਇੱਕ ਅਫਸਰ ਨੇ ਆਪਣੇ ਵਿਆਹ ਨੂੰ ਯਾਦਗਾਰੀ ਬਣਾਉਣ ਲਈ ਘੋੜੀ, ਕਾਰ ਦੀ ਥਾਂ ਹੈਲੀਕਾਪਟਰ ਵਰਤਿਆਂ ਅਤੇ ਪੈਲੇਸ ਨੇੜੇ ਪੈਰਾਸ਼ੂਟ ਰਾਹੀਂ ਉਤਰਿਆ। ਅਜਿਹੇ ਰੁਝਾਨਾਂ ਦੀ ਦੇਖਾ ਦੇਖੀ ਮੱਧ-ਵਰਗੀ ਤਬਕਾ ਤੇ ਹੇਠਲੇ ਵਰਗ ਵਾਲੇ ਪਰਵਾਰ ਵੀ ਚਾਦਰ ਤੋਂ ਬਾਹਰ ਪੈਰ ਪਸਾਰਨ ਲੱਗੇ ਹਨ। ਹੁਣ ਕਿਸੇ-ਕਿਸੇ ਘਰ ਹਲਵਾਈ ਬਿਠਾਏ ਜਾਂਦੇ ਹਨ ਤੇ ਖੁੱਲ੍ਹੀ ਭਾਜੀ ਪਕਵਾਈ ਜਾਂਦੀ ਹੈ। ਮਠਿਆਈ ਬਾਹਰੋਂ ਬਣੀ ਬਣਾਈ ਡੱਬਿਆਂ ਵਿੱਚ ਪੈਕ ਕੀਤੀ ਘਰ ਆ ਜਾਂਦੀ ਹੈ। ਵਿਆਹ ਲਈ ਲੋੜੀਂਦੀ ਰਸਦ ਵੀ ਬਾਜ਼ਾਰੋਂ ਖਰੀਦੀ ਜਾਂਦੀ ਹੈ। ਇਸ ਲਈ ਅਜਿਹੀਆਂ ਸਿੱਠਣੀਆਂ ਸੁਣਨ ਨੂੰ ਨਹੀਂ ਮਿਲਦੀਆਂ:
ਸ਼ੀਲੋ ਕੁੜੀ ਐ ਬੈਠੀ
ਜਿਵੇਂ ਫੁੱਟੇ ਭੜੋਲੇ ਦਾ ਥੱਲਾ
ਨਿਕੰਮੀਏ ਕੰਮ ਕਰ ਨੀਂ
ਤੈਂ ਕਿਉਂ ਛੱਡਿਆ ਧੰਦਾ
ਨਿਕੰਮੀਏ ਕੰਮ ਕਰ ਨੀਂ
ਪਿੰਡਾਂ ਵਿੱਚ ਵਿਆਹੁਲੇ ਘਰ ਵਿੱਚ ਕਈ-ਕਈ ਦਿਨ ਪਹਿਲਾਂ ਪ੍ਰਾਹੁਣੇ ਆਉਣੇ ਸ਼ੁਰੂ ਹੋ ਜਾਂਦੇ ਸਨ। ਪ੍ਰਾਹੁਣਿਆਂ ਵਿੱਚੋਂ ਨਾਨਕਾ ਮੇਲ ਦੀ ਵਿਸ਼ੇਸ਼ ਉਡੀਕ ਕੀਤੀ ਜਾਂਦੀ ਸੀ। ਨਾਨਕਾ ਮੇਲ ਵਿਆਹ ਵਾਲੇ ਘਰ ਦੀ ਰੌਣਕ ਨੂੰ ਹੋਰ ਖਿੱਚ ਭਰਪੂਰ ਬਣਾਉਣ ਦੇ ਮੰਤਵ ਅਧੀਨ ਆਪਣੇ ਨਾਲ ਵੱਧ ਤੋਂ ਵੱਧ ਜੀਅ ਲੈ ਆਉਂਦਾ। ਇਸ ਮੇਲ ਦੀਆਂ ਔਰਤਾਂ ਪਿੰਡ ਵੜਦਿਆਂ ਸਾਰ ਜੋਸ਼ ਨਾਲ ਪ੍ਰਵੇਸ ਕਰਦੀਆਂ, ਖਰੂਦ ਪਾਉਂਦੀਆਂ ਤੇ ਗੀਤ ਗਾਉਂਦੀਆਂ ਆਉਂਦੀਆਂ। ਨਾਨਕਾ ਧਾੜ ਦੀ ਗ੍ਰਿਫਤ ਵਿੱਚ ਆਇਆ ਹਰ ਵਿਅਕਤੀ ਵਿਅੰਗ ਅਤੇ ਟਕੋਰਾਂ ਦਾ ਸ਼ਿਕਾਰ ਬਣਦਾ। ਮਰਦਾਂ ਨੂੰ ਚੋਭਾਂ ਲਾ ਕੇ ਖੂਬ ਠਿੱਠ ਕੀਤਾ ਜਾਂਦਾ। ਇਨ੍ਹਾਂ ਗੀਤਾਂ ਦਾ ਮਨਰੋਥ ਕਿਸੇ ਨੂੰ ਮਾਨਸਿਕ ਕਸ਼ਟ ਦੇਣਾ ਨਹੀਂ, ਅਜਿਹਾ ਸੱਭਿਆਚਾਰਕ ਵਾਤਾਵਰਨ ਉਪਜਾਉਣਾ ਹੁੰਦਾ, ਜਿਸ ਨਾਲ ਵਿਆਹ ਦੀ ਰਸਮ ਹੋਰ ਰੌਣਕੀ ਬਣ ਜਾਵੇ:
ਆਹੋ ਜੀ ਬੰਬੀਹਾ ਬੋਲੇ।
ਖੜੋਤੀ ਕੁੜੀ ਦੇ ਬਾਰ ਨੀਂ ਬੰਬੀਹਾ ਬੋਲੇ।
ਸਿਖਰ ਦੁਪਹਿਰੇ ਬੋਲੇ ਨੀਂ ਬੰਬੀਹਾ ਬੋਲੇ।
ਬੰਬੀਹਾ ਰਾਤੀਂ ਬੋਲੇ ਤੇ ਬੋਲੇ ਪ੍ਰਭਾਤ ਨੀਂ, ਬੰਬੀਹਾ ਬੋਲੇ।
ਅੱਜ ਨਾਨਕਾ ਮੇਲ ਦੀ ਓਹੋ ਜਿਹੀ ਆਮਦ ਨਜ਼ਰ ਨਹੀਂ ਆਉਂਦੀ। ਘਰਾਂ ਵਿੱਚ ਨਿਭਾਈ ਜਾਂਦੀ ਮਹਿੰਦੀ ਅਤੇ ਵਟਣਾ ਲਾਉਣ ਦੀ ਰਸਮ ਤੇ ਨਾਲ ਗਾਏ ਜਾਂਦੇ ਸੁਹਾਗ ਗੀਤਾਂ ਵਾਲੇ ਰਸਭਿੰਨੇ ਵਾਤਾਵਰਨ ਦੀ ਥਾਂ ਬਿਊਟੀ ਪਾਰਲਰਾਂ ਵਿੱਚ ਬੁਕਿੰਗ ਕਰਵਾ ਕੇ ਘਰਾਂ ਵਿੱਚ ਪੈਦਾ ਹੁੰਦੀ ਸੁੰਨ ਨਜ਼ਰ ਆਉਂਦੀ ਹੈ। ਵਿਆਹ ਤੋਂ ਪਹਿਲੀ ਸ਼ਾਮ ਨਾਨਕਾ ਮੇਲ ਵੱਲੋਂ ਪਿੱਤਲ ਦੀ ਗਾਗਰ/ ਵਲਟੋਹੀ ਉਤੇ ਆਟੇ ਦੇ ਦੀਵਿਆਂ ਦੀਆਂ ਕਤਾਰਾਂ ਬਣਾ ਕੇ ਤਿਆਰ ਕੀਤੀ ਜਾਂਦੀ ਜਾਗੋ ਕਿਤੇ-ਕਿਤੇ ਦੇਖਣ ਨੂੰ ਮਿਲਦੀ ਹੈ। ਜਾਗੋ ਕੱਢਦਿਆਂ ਦੋ ਕੁੜੀਆਂ, ਜਿਨ੍ਹਾਂ ਦੀਆਂ ਅੱਖਾਂ ਵਿੱਚ ਕੱਜਲ ਤੇ ਮੂੰਹ ਗੋਰੇ ਕੀਤੇ ਹੁੰਦੇ, ਨੂੰ ਗੋਰੇ ਬਣਾ ਕੇ ਆਪਣੇ ਅੱਗੇ ਲਾਉਣਾ ਬੀਤੇ ਦੀ ਬਾਤ ਬਣ ਗਿਆ ਹੈ। ਸਾਰੀਆਂ ਮੇਲਣਾਂ ਨਾਲ-ਨਾਲ ਗੀਤ ਗਾਉਂਦੀਆਂ, ਸ਼ੋਰ ਮਚਾਉਂਦੀਆਂ ਜਾਂਦੀਆਂ। ਕਈ ਘਰ ਜਾਗੋ ਵਿੱਚ ਤੇਲ ਪਾਉਂਦੇ ਅਤੇ ਕਈ ਸ਼ਗਨ ਦਿੰਦੇ। ਪਿੰਡ ਦੇ ਮੁਖੀਏ ਤੇ ਰਿਸ਼ਤੇਦਾਰੀ ਵਾਲੇ ਘਰਾਂ ਵਿੱਚ ਗਿੱਧਾ ਪਾਇਆ ਜਾਂਦਾ। ਜਾਗੋ ਦੌਰਾਨ ਪਿੰਡ ਦੀ ਪਰਿਕਰਮਾ ਕਰਦੇ ਸਮੇਂ ਨਾਨਕੀਆਂ ਆਪਣੇ ਨਾਲ ਸਲੰਘ (ਤੂੜੀ ਹਿਲਾਉਣ ਵਾਲ ਸੋਟੀ, ਜਿਸ ਉਤੇ ਉਹ ਘੁੰਗਰੂ ਬੰਨ੍ਹੇ ਹੁੰਦੇ) ਵੀ ਲੈ ਲੈਂਦੀਆਂ। ਪਿੰਡ ਦੇ ਸੁੱਤੇ ਲੋਕਾਂ ਨੂੰ ਜਗਾਉਣ ਖਾਤਰ ਉਸ ਦੀ ਵਰਤੋਂ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣ ਅਤੇ ਸੜਕ ਉਤੇ ਦੱਬ-ਦੱਬ ਕੇ ਮਾਰਨ ਲਈ ਕੀਤੀ ਜਾਂਦੀ ਹੈ। ਇਸ ਪ੍ਰਕਾਰ ਉਹ ਪਿੰਡ ਦੇ ਲੰਬੜਦਾਰ ਤੋਂ ਲੈ ਕੇ ਜਮਾਂਦਰ ਤੱਕ ਸਭ ਨੂੰ ਆਪਣੀਆਂ ਪਤਨੀਆਂ ਨੂੰ ਜਗਾਉਣ ਦਾ ਹੋਕਾ ਦਿੰਦੀਆਂ। ਆਪਣੇ ਵਿਸ਼ਾਲ ਸਮੂਹ ਨੂੰ ‘ਹਾਕਮ ਦੀ ਚੌਕੀḔ ਨਾਲ ਤੁਲਨਾ ਦੇਂਦੀਆਂ ਉਹ ਪੁਰਸ਼ ਪ੍ਰਧਾਨ ਸਮਾਜ ਨੂੰ ਖਬਰਦਾਰ ਕਰਦੀਆਂ:
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ
ਚੌਂਕੀਦਾਰ ਆਪਣੀ ਜੋਰੂ ਵੇਚੇ, ਟਕੇ-ਟਕੇ ਸਿਰ ਸਾਹੀ
ਖਬਰਦਾਰ ਰਹਿਣਾ ਜੀ, ਚੌਂਕੀ ਹਾਕਮਾਂ ਦੀ ਆਈ।
ਅੱਜ ਕੱਲ੍ਹ ਜਾਗੋ ਘਰ ਤਿਆਰ ਨਹੀਂ ਕੀਤੀ ਜਾਂਦੀ। ਲੋਕ ਵੀ ਜਲਦੀ ਨਹੀਂ ਸੌਂਦੇ। ਸੁੱਤਿਆਂ ਨੂੰ ਜਗਾਉਣ ਲਈ ਵਰਤੀ ਜਾਂਦੀ ਸਲੰਘ ਸ਼ਿੰਗਾਰੀ ਹੋਈ ਸੋਟੀ ਦੇ ਰੂਪ ਵਿੱਚ ਅੱਜ ਜਾਗਦਿਆਂ ਨੂੰ ਜਗਾਉਂਦੀ ਹੈ ਜੋ ਸੈੱਲ ਵਾਲੀ ਜਾਗੋ ਦੇ ਨਾਲ ਬਾਜ਼ਾਰੋ ਖਰੀਦੀ ਜਾਂਦੀ ਹੈ। ਸੈੱਲ ਨਾਲ ਚੱਲਦੀ ਬਾਜ਼ਾਰੀ ਜਾਗੋ ਦੇ ਸੈੱਲ ਕੁਝ ਸਮੇਂ ਬਾਅਦ ਆਪਣਾ ਰੰਗ ਦਿਖਾ ਦਿੰਦੇ ਹਨ ਤੇ ਮਾਹੌਲ ਨੂੰ ਫਿੱਕਾ ਕਰ ਦਿੰਦੇ ਹਨ। ਪਾਣੀ ਵਾਰਨ ਵਾਲੀ ਗੜਵੀ ਵੀ ਬਾਜ਼ਾਰੋਂ ਖਰੀਦ ਲਈ ਜਾਂਦੀ ਹੈ।
ਅਜੋਕੇ ਵਿਆਹਾਂ ਦਾ ਕੁਝ ਹੋਰ ਪੱਖ ਚਰਚਾ ਦੀ ਮੰਗ ਕਰਦੇ ਹਨ। ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਵਿੱਚ ਗਰਮਜੋਸ਼ੀ ਘਟਦੀ ਜਾਂਦੀ ਹੈ, ਜਦੋਂ ਕਿ ਲੈਣ ਦੇਣ ‘ਤੇ ਖਰਚ ਹੋਣ ਵਾਲੀ ਰਾਸ਼ੀ ਹੱਦ ਬੰਨੇ ਟੱਪਦੀ ਜਾ ਰਹੀ ਹੈ। ਬਹੁਤੇ ਰਿਸ਼ਤੇਦਾਰ ਸਿੱਧੇ ਵਿਆਹ ਪੈਲੇਸ ਵਿੱਚ ਆਉਂਦੇ ਅਤੇ ਉਥੋਂ ਆਪਣੇ ਘਰ ਵਿਦਾ ਹੋ ਜਾਂਦੇ ਹਨ। ਕੱਪੜਿਆਂ ਅਤੇ ਹਾਰ ਸ਼ਿੰਗਾਰ ਉਤੇ ਲੱਖਾਂ ਰੁਪਿਆ ਖਰਚ ਹੋਣ ਲੱਗ ਪਿਆ ਹੈ। ਸਿਰਫ ਲਾੜੇ ਲਾੜੀ ਦੀ ਪੁਸ਼ਾਕ ‘ਤੇ ਖਰਚ ਹੋਈ ਰਾਸ਼ੀ ਦੰਦਾਂ ਥੱਲੇ ਉਂਗਲਾਂ ਦਿਵਾ ਦਿੰਦੀ ਹੈ। ਵਿਆਹ ਦੇ ਖੁਸ਼ਗਵਾਰ ਮਾਹੌਲ ਨੂੰ ਰਸਭਿੰਨਾ ਬਣਾਉਣ ਵਾਲੀਆਂ ਰਾਤ ਦੀਆਂ ਗਾਉਣ ਮਹਿਫਿਲਾਂ ਨੇ ਵੀ ਆਪਣਾ ਰੰਗ ਵਟਾ ਲਿਆ ਹੈ। ਉਨ੍ਹਾਂ ਮਹਿਫਿਲਾਂ ਦੀ ਥਾਂ ‘ਤੇ ਕਈ-ਕਈ ਦਿਨ ਮੀਟ ਸ਼ਰਾਬ ਦੇ ਦੌਰ ਚੱਲਦੇ ਹਨ। ਲੇਡੀਜ਼ ਸੰਗੀਤ ਦੇ ਨਾਂ ਉੱਤੇ ਹੁਣ ਦੇਖਣ ਸੁਣਨ ਨੂੰ ਮਿਲਦਾ ਹੈ, ਡੀ ਜੇ ਸਿਸਟਮ ਨਾਲ ਚੱਲਣ ਵਾਲਾ ਸ਼ੋਰ ਸ਼ਰਾਬੇ ਨਾਲ ਭਰਪੂਰ ਨਾਚ ਗਾਨ।
ਵਿਸ਼ਵੀਕਰਨ ਦੇ ਪ੍ਰਭਾਵ ਤੋਂ ਪਹਿਲਾਂ ਭਾਰਤ ਵਿੱਚ ਲਾੜੀ ਦੇ ਰੂਪ ਵਿੱਚ ਇਕ ਲੜਕੀ ਆਪਣੇ ਵਿਆਹ ਦੀਆਂ ਰਸਮਾਂ ਨੂੰ ਸ਼ਰਮ ਤੇ ਲਾਜ ਦੀ ਮੂਰਤੀ ਬਣੀ ਨਿਭਾਉਂਦੀ ਸੀ। ਇਸ ਸੰਦਰਭ ਵਿੱਚ ਵੀ ਹਾਲਾਤ ਬਦਲ ਗਏ ਹਨ। ਸਟੇਜ ਦੇ ਸਿੰਘਾਸਨੀ ਸੈਟ ‘ਤੇ ਲਾੜੇ ਨਾਲ ਸਸ਼ੋਭਿਤ ਲਾੜੀ ਖੂਬ ਖੁੱਲ੍ਹ ਡੁੱਲ੍ਹ ਮਹਿਸੂਸਦੀ ਨਿਸੰਗ ਵਿਚਰਦੀ ਨਜ਼ਰ ਆਉਂਦੀ ਹੈ। ਵਿਆਹੁਲੀ ਜੋੜੀ ਆਪਣਾ ਪ੍ਰੀ ਵੈਡਿੰਗ ਸ਼ੂਟ ਮੈਰਿਜ ਪੈਲੇਸ/ ਪੰਡਾਲ ਵਿੱਚ ਆਪਣੇ ਅਤੇ ਪਤੀ ਦੇ ਪੂਰੇ ਪਰਵਾਰ ਦੇ ਨਾਲ ਹਾਜ਼ਰ ਬਾਕੀ ਮਹਿਮਾਨਾਂ ਨਾਲ ਬੜੇ ਚਾਅ ਅਤੇ ਖੁਸ਼ੀ ਨਾਲ ਵੇਖਦੀ ਹੈ। ਧਾਰਮਿਕ ਪੱਖੋਂ ਵਿਆਹ ਨੂੰ ਪ੍ਰਵਾਨਗੀ ਮਿਲ ਜਾਣ ਉਪਰੰਤ ਨਵੀਂ ਜੋੜੀ ਖੁੱਲ੍ਹ ਕੇ ਨੱਚਦੀ ਹੈ। ਅਨੇਕ ਜੋੜੇ ਇਸ ਮੌਕੇ ਨੱਚਣ ਲਈ ਚੰਗੀ ਫੀਸ ਦੇ ਕੇ ਵਿਆਹ ਤੋਂ ਪਹਿਲਾਂ ਵਿਸ਼ੇਸ਼ ਤੌਰ ‘ਤੇ ਸਿਖਲਾਈ ਲੈਂਦੇ ਹਨ।
ਲੜਕੀ-ਲੜਕੇ ਦੇ ਸੰਜੋਗ ਦਾ ਸਬੱਬ ਹੁਣ ਨਾਈ ਨਹੀਂ ਬਣਦਾ। ਵਿਗਿਆਪਨ /ਇਸ਼ਤਿਹਾਰਬਾਜ਼ੀ ਇਸ ਪੱਖੋਂ ਅਹਿਮ ਭੂਮਿਕਾ ਨਿਭਾ ਰਹੀ ਹੈ। ਨਾਈਆਂ ਕੋਲ ਰਿਸ਼ਤਾ ਤੈਅ ਕਰਨ ਦਾ ਹੱਕ ਹੋਣ ਸਮੇਂ ਲੜਕੇ-ਲੜਕੀ ਨੇ ਵਿਆਹ ਦੀਆਂ ਰਸਮਾਂ ਸੰਪੂਰਨ ਹੋਣ ਤੱਕ ਇਕ ਦੂਜੇ ਨੂੰ ਪਹਿਲਾਂ ਕਦੇ ਵੇਖਿਆ ਨਹੀਂ ਸੀ ਹੁੰਦਾ। ਉਦੋਂ ਗੀਤਾਂ ਰਾਹੀਂ ਅਕਸਰ ਇਹ ਪੁੱਛ ਲਿਆ ਜਾਂਦਾ ਸੀ ਕਿ ਵਿਚੋਲੇ ਦੀ ਭੂਮਿਕਾ ਕਿਸ ਨੇ ਨਿਭਾਈ ਹੈ। ਮਾਨਵੀ ਸਬੰਧਾਂ ਦੀ ਮਜ਼ਬੂਤੀ ਦੇ ਸਿਲਸਿਲੇ ਵਿੱਚ ਇਹ ਸ਼ੁਭ ਸ਼ਗਨ ਹੈ ਕਿ ਨੌਜਵਾਨ ਪੀੜ੍ਹੀ ਜਾਤ ਪਾਤ ਦੇ ਬੰਧਨਾਂ ਨੂੰ ਤੋੜਦੀ ਨਜ਼ਰ ਆ ਰਹੀ ਹੈ। ਇਸ ਪ੍ਰਚਲਨ ਦਾ ਅਸਰ ਮਾਪਿਆਂ ਵਿੱਚ ਵੀ ਵੇਖਣ ਨੂੰ ਮਿਲਣ ਲੱਗਾ ਹੈ। ਉਹ ਆਪਣੀ ਔਲਾਦ ਲਈ ਅਨੁਕੂਲ ਜੀਵਨ ਸਾਥੀ ਦੀ ਤਲਾਸ਼ ਵਾਸਤੇ ਜਾਤੀ ਬੰਧਨਾਂ ਵਿੱਚ ਢਿੱਲ ਲੈਣ ਲੱਗ ਪਏ ਹਨ।
ਇਸ ਲੇਖ ਦਾ ਮਕਸਦ ਏਨਾ ਹੀ ਹੈ ਕਿ ਮੰਡੀ ਨੇ ਵਿਆਹ ਦੀਆਂ ਬੇਲੋੜੀਆਂ ਰਸਮਾਂ ਘਟਾਉਣ ਦੀ ਥਾਂ ਇਨ੍ਹਾਂ ਵਿੱਚ ਵਾਧਾ ਹੀ ਕੀਤਾ ਹੈ, ਜਿਸ ਕਰਕੇ ਬੇਲੋੜੇ ਖਰਚ ਕਾਰਨ ਬਹੁ ਗਿਣਤੀ ਘਰਾਂ ਦੀ ਮਾਲੀ ਹਾਲਤ ਡਾਵਾਂਡੋਲ ਹੋ ਜਾਂਦੀ ਹੈ ਜੋ ਛੇਤੀ ਕੀਤੇ ਅਤੇ ਸੌਖਿਆਂ ਪਰਵਾਰ ਦੀ ਗੱਡੀ ਨੂੰ ਲੀਹ ‘ਤੇ ਨਹੀਂ ਆਉਣ ਦਿੰਦੀ।