ਵਿਆਹੁਤਾ ਨੇ ਖੁਦਕੁਸ਼ੀ ਕੀਤੀ, ਐਨ ਆਰ ਆਈ ਸਣੇ ਕਈਆਂ ਦੇ ਖਿਲਾਫ ਪਰਚਾ

suicide bride samrala
ਸਮਰਾਲਾ, 12 ਅਗਸਤ (ਪੋਸਟ ਬਿਊਰੋ)- ਨੇੜਲੇ ਪਿੰਡ ਮਾਣਕੀ ਵਿਖੇ ਵਿਆਹੁਤਾ ਗਗਨਦੀਪ ਕੌਰ ਨੇ ਆਪਣੇ ਪਿਤਾ ਦੇ ਲਾਇਸੈਂਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੇ ਖੁਦਕੁਸ਼ੀ ਨੋਟ ਵਿੱਚ ਓਸੇ ਪਿੰਡ ਦੇ ਨੌਜਵਾਨ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਮੌਤ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਭਾਗ ਸਿੰਘ ਨੇ ਦੱਸਿਆ ਕਿ ਉਹ ਕਲਕੱਤਾ ਵਿਖੇ ਆਪਣਾ ਕਾਰੋਬਾਰ ਕਰਦਾ ਸੀ ਤੇ ਕੁਝ ਸਾਲਾਂ ਤੋਂ ਉਹ ਆਪਣੇ ਜੱਦੀ ਪਿੰਡ ਮਾਣਕੀ ਵਿਖੇ ਆਪਣੇ ਪਰਵਾਰ ਸਮੇਤ ਰਹਿਣ ਲੱਗਿਆ ਸੀ। ਉਸ ਨੇ ਆਪਣੀ ਲੜਕੀ ਗਗਨਦੀਪ ਕੌਰ ਦਾ ਵਿਆਹ 25 ਜੁਲਾਈ 2015 ਨੂੰ ਅਮਰੀਕਾ ਰਹਿੰਦੇ ਸ਼ਰਨਜੀਤ ਸਿੰਘ ਵਾਸੀ ਸਮਰਾਲਾ ਨਾਲ ਕੀਤਾ ਸੀ, ਵਿਆਹ ਤੋਂ ਕੁਝ ਮਹੀਨੇ ਪਿੱਛੋਂ ਸ਼ਰਨਜੀਤ ਸਿੰਘ ਫਿਰ ਵਿਦੇਸ਼ ਅਮਰੀਕਾ ਚਲਾ ਗਿਆ ਤੇ ਮੇਰੀ ਲੜਕੀ ਏਥੇ ਰਹਿ ਰਹੀ ਸੀ। ਭਾਗ ਸਿੰਘ ਦੇ ਮੁਤਾਬਕ ਗਗਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲ ਗੁਰਿੰਦਰ ਸਿੰਘ ਉਰਫ ਤੋਤੀ ਮੈਨੂੰ ਕਹਿੰਦਾ ਹੈ ਕਿ ਤੂੰ ਮੇਰੀ ਮਾਤਾ ਗੁਰਮੀਤ ਕੌਰ ਅਤੇ ਦਾਦੀ ਬਲਜਿੰਦਰ ਕੌਰ ਨੂੰ ਪੰਜ ਲੱਖ ਰੁਪਏ ਭੇਜ ਦੇਹ, ਨਹੀਂ ਤਾਂ ਮੈਂ ਤੇਰੇ ਅਮਰੀਕਾ ਰਹਿੰਦੇ ਪਤੀ ਨੂੰ ਤੇਰੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਦੱਸ ਦਿਆਂਗਾ। ਪੀੜਤ ਪਿਤਾ ਦੇ ਮੁਤਾਬਕ ਗਗਨਦੀਫ ਨੇ ਗੁਰਿੰਦਰ ਸਿੰਘ ਦੇ ਫੋਨਾਂ ਤੋਂ ਦੁਖੀ ਹੋ ਕੇ ਆਪਣਾ ਫੋਨ ਪੱਕੇ ਤੌਰ ਉੱਤੇ ਬੰਦ ਕਰ ਦਿੱਤਾ। ਗੁਰਿੰਦਰ ਸਿੰਘ ਵੱਲੋਂ ਮੇਰੇ ਜਵਾਈ ਨੂੰ ਲੜਕੀ ਗਗਨਦੀਪ ਕੌਰ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਦੱਸ ਦਿੱਤੀਆਂ ਅਤੇ ਫਿਰ ਮੇਰੀ ਲੜਕੀ ਨੇ ਆਪਣੀ ਜ਼ਿੰਦਗੀ ਖੁਸ਼ ਨਾ ਰਹਿੰਦੀ ਦੇਖ ਕੇ ਸ਼ਰਨਜੀਤ ਸਿੰਘ ਨਾਲ ਸਮਰਾਲਾ ਦੀ ਅਦਾਲਤ ਵਿੱਚ ਸਹਿਮਤੀ ਦਾ ਤਲਾਕ ਪਾ ਦਿੱਤਾ ਤੇ 14 ਜੁਲਾਈ 2017 ਨੂੰ ਦੋਵਾਂ ਦਾ ਤਲਾਕ ਹੋ ਗਿਆ। ਤਲਾਕ ਪਿੱਛੋਂ ਲੜਕੀ ਘਰ ਪ੍ਰੇਸ਼ਾਨ ਰਹਿਣ ਲੱਗ ਗਈ। ਪੀੜਤ ਭਾਗ ਸਿੰਘ ਨੇ ਦੱਸਿਆ ਕਿ ਕੱਲ੍ਹ ਸਾਰਾ ਪਰਵਾਰ ਸੌਂ ਗਿਆ, ਜਦੋਂ ਸਵੇਰ ਹੋਈ ਤਾਂ ਮੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਗਗਨਦੀਪ ਕੌਰ ਨੇ ਰਿਵਾਲਵਰ ਨਾਲ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ ਹੈ। ਭਾਗ ਸਿੰਘ ਨੇ ਦੱਸਿਆ ਕਿ ਉਸ ਦੇ ਕਮਰੇ ਵਿੱਚ ਕਾਪੀ ਉੱਤੇ ਗਗਨਦੀਪ ਕੌਰ ਨੇ ਖੁਦਕੁਸ਼ੀ ਨੋਟ ਲਿਖਿਆ ਸੀ ਜਿਸ ਵਿੱਚ ਮੌਤ ਲਈ ਗੁਰਿੰਦਰ ਸਿੰਘ ਉਰਫ ਤੋਤੀ, ਉਸ ਦੀ ਮਾਤਾ ਗੁਰਮੀਤ ਕੌਰ ਅਤੇ ਦਾਦੀ ਬਲਜਿੰਦਰ ਕੌਰ ਨੂੰ ਜ਼ਿੰਮੇਵਾਰ ਲਿਖਿਆ ਹੋਇਆ ਸੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।