ਵਿਆਹਾਂ ਉੱਤੇ ਪੈਸਾ ਫਜ਼ੂਲ ਨਾ ਉਡਾਓ

indian mrriages
-ਸਰਬਜੀਤ ਸਿੰਘ ਹੇਰਾਂ
ਵਿਆਹ ਦੋ ਰੂਹਾਂ ਦਾ ਪਵਿੱਤਰ ਬੰਧਨ ਹੁੰਦਾ ਹੈ, ਪਰ ਆਮ ਕਰ ਕੇ ਫਜ਼ੂਲ ਖਰਚੀ ਇਸ ਨੂੰ ਜੀਅ ਦਾ ਜੰਜਾਲ ਬਣਾ ਕੇ ਰੱਖ ਦਿੰਦੀ ਹੈ। ਧੜਾ ਧੜਾ ਉਸਰ ਰਹੇ ਸੜਕਾਂ ਦੇ ਕੰਢੇ ਮੈਰਿਜ ਪੈਲੇਸ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਵਿਆਹ ਹਰ ਇਕ ਲਈ ਸੌਖਾ ਨਹੀਂ ਰਿਹਾ। ਇਸ ਸਿਸਟਮ ਵਿੱਚ ਸਭ ਤੋਂ ਵੱਧ ਨਪੀੜੀ ਜਾਣ ਵਾਲੀ ਧਿਰ ਹੁੰਦੀ ਹੈ ਲੜਕੀ ਦਾ ਪਰਵਾਰ। ਉਹ ਦੇਖਾ ਦੇਖੀ ਤੇ ਮਜ਼ਬੂਰੀ ਵਿੱਚ ਵੱਡੇ ਤੇ ਖਰਚੀਲੇ ਪੈਲੇਸ ਬੁੱਕ ਕਰਨ ਨੂੰ ਮਜਬੂਰ ਹਨ।
ਪੰਜਾਬ ਦੇ ਵਿਆਹਾਂ ਵਿੱਚ ਖਾਧਾ ਘੱਟ ਜਾਂਦਾ ਹੈ, ਖਰਾਬ ਵੱਧ ਕੀਤਾ ਜਾਂਦਾ ਹੈ। ਵਿਆਹਾਂ ਵਿੱਚ ਉਚੀ ਆਵਾਜ਼ ਵਿੱਚ ਵੱਜਦੇ ਡੀ ਜੇ ਕੋਲ ਆਮ ਇਨਸਾਨ ਨਹੀਂ ਬੈਠ ਸਕਦਾ। ਨਿੱਕੀ-ਨਿੱਕੀ ਉਮਰ ਦੀਆਂ ਨੱਚਦੀਆਂ ਡਾਂਸਰਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਓ ਦਾਦੇ ਦੀ ਉਮਰ ਦੇ ਲੋਕ ਪੈਸੇ ਵਾਰਦੇ ਅਤੇ ਬਰਾਬਰ ਡਾਂਸ ਕਰਦੇ ਹਨ। ਅਜਿਹੀ ਫਜ਼ੂਲੀ ਖਰਚੀ ਨੇ ਵਿਆਹ ਨੂੰ ਫੋਕਾ ਸਮਾਜਿਕ ਦਿਖਾਵਾ ਤੇ ਪਾਖੰਡ ਦਾ ਮੌਕਾ ਬਣਾ ਦਿੱਤਾ ਹੈ। ਜੇ ਇਹੀ ਵਿਆਹ ਕਿਸੇ ਧਾਰਮਿਕ ਸਥਾਨ ਉਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਹੋਵੇ ਅਤੇ ਅਖੀਰ ਵਿੱਚ ਗੁਰੂ ਕਾ ਲੰਗਰ ਚੱਲੇ ਤਾਂ ਇਸ ਵਿੱਚ ਕੀ ਘਾਟਾ ਹੈ। ਜਿਨ੍ਹਾਂ ਨੇ ਸੱਤਰ ਅੱਸੀ ਦੇ ਦਹਾਕਿਆਂ ਦੇ ਵਿਆਹ ਦੇਖੇ ਹਨ, ਉਨ੍ਹਾਂ ਨੂੰ ਯਾਦ ਹੋਵੇਗਾ ਕਿ ਪਹਿਲੇ ਦਿਨ ਮੇਲ ਹੁੰਦਾ ਸੀ। ਇਸ ਵਿੱਚ ਨਜ਼ਦੀਕੀ ਰਿਸ਼ਤੇਦਾਰ ਇਕ ਦਿਨ ਪਹਿਲਾਂ ਆ ਜਾਂਦੇ ਤੇ ਬੜੇ ਸਾਧਾਰਨ ਖਾਣੇ ਬਣਾਏ ਜਾਂਦੇ ਸਨ। ਸ਼ਾਮ ਨੂੰ ਸਭ ਰਿਸ਼ਤੇਦਾਰਾਂ ਨੂੰ ਇਕ ਪੰਗਤ ਵਿੱਚ ਬਹਾ ਕੇ ਖਾਣਾ ਖੁਆਇਆ ਜਾਂਦਾ ਅਤੇ ਕਿਸੇ ਬਹਿਰੇ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਸੀ। ਅੱਜ ਤਿੰਨ ਘੰਟੇ ਚੱਲਣ ਵਾਲੇ ਵਿਆਹ ਉਪਰ ਪਿਛਲੇ ਤੀਹ ਪੈਂਤੀ ਸਾਲ ਦੀ ਕਮਾਈ ਬੜੀ ਬੇਰਹਿਮੀ ਨਾਲ ਰੋੜ੍ਹੀ ਜਾਂਦੀ ਹੈ। ਅਸੀਂ ਪਹਿਲਾਂ ਰੋਕਾ, ਫਿਰ ਰਿੰਗ ਸੈਰੇਮਨੀ, ਸ਼ਗਨ, ਅਨੰਦ ਕਾਰਜ, ਸਮਾਗਮ ਐਨਾ ਲੰਬਾ ਖਿੱਚਣ ਦੀ ਕੀ ਲੋੜ ਹੈ। ਮੈਰਿਜ ਪੈਲੇਸਾਂ ਵਿੱਚ ਕੁਝ ਘੰਟਿਆਂ ਲਈ ਬਣਿਆ ਖਾਣਾ ਆਮ ਦਿਨਾਂ ਵਿੱਚ ਕਈ ਦਿਨ ਚੱਲ ਸਕਦਾ ਹੈ। ਵਿਆਹ ਵਿੱਚ ਗਿਆ ਬੰਦਾ ਦੋ ਦਿਨ ਦੇ ਖਾਣੇ ਬਰਾਬਰ ਕੁਝ ਸਮੇਂ ਵਿੱਚ ਖਾ ਜਾਂਦਾ ਹੈ। ਕਈ ਤਾਂ ਹਮਾਤੜ ਸੌ ਦੋ ਸੌ ਸ਼ਗਨ ਪਾ ਕੇ ਕਈ ਗੁਣਾ ਲਾਹਾ ਲੈਣ ਦੀ ਸੋਚਦੇ ਹਨ।
ਦਿਖਾਵਾ ਤੇ ਪਖੰਡ ਨੂੰ ਛੱਡ ਕੇ ਸਾਦੇ ਵਿਆਹਾਂ ਵੱਲ ਮੁੜਿਆ ਜਾਵੇ। ਇਸੇ ਵਿੱਚ ਸਭ ਦੀ ਭਲਾਈ ਹੈ। ਸਰਦੇ ਪੁੱਜਦੇ ਲੋਕ ਜੇ ਦਿਖਾਵਿਆਂ ਤੋਂ ਗੁਰੇਜ਼ ਕਰਨ ਤਾਂ ਮੱਧ ਵਰਗ ਤੇ ਗਰੀਬ ਵਰਗ ਦੇਖਾ ਦੇਖੀ ਕਰਜ਼ਾ ਚੁੱਕ ਕੇ ਵਿਆਹ ਕਰਨ ਤੋਂ ਬਚ ਜਾਏਗਾ। ਇਸੇ ਤਰ੍ਹਾਂ ਜੇ ਮੁੰਡੇ ਵਾਲਿਆਂ ਵੱਲੋਂ ਕੁੜੀ ਪੱਖ ਤੋਂ ਦਾਜ ਦੀ ਝਾਕ ਰੱਖਣ ਦੀ ਗੱਲ ਕਰੀਏ ਤਾਂ ਜੇ ਮੁੰਡੇ ਦਾ ਪਰਵਾਰ ਪੰਜਾਹ ਸੱਠ ਲੱਖ ਦੀ ਕੋਠੀ ਬਣਾ ਸਕਦਾ ਹੈ ਤਾਂ ਦੋ ਤਿੰਨ ਲੱਖ ਦਾ ਫਰਨੀਚਰ ਨਹੀਂ ਲੈ ਸਕਦਾ? ਜੇ ਮਾਪਿਆਂ ਨੇ ਤੀਹ ਚਾਲੀ ਲੱਖ ਲਾ ਕੇ ਕੁੜੀ ਨੂੰ ਸਿੱਖਿਆ ਦਿਵਾਈ ਅਤੇ ਰੁਜ਼ਗਾਰ ਦੇ ਕਾਬਲ ਕੀਤਾ ਹੈ ਤਾਂ ਕੀ ਅਜੇ ਵੀ ਦਾਜ ਦੀ ਗੁੰਜਾਇਸ਼ ਹੈ? ਜੇ ਤੁਹਾਡੇ ਕੋਲ ਕਾਫੀ ਧਨ ਹੈ ਅਤੇ ਦਿਖਾਵਾ ਕਰਨਾ ਹੀ ਹੈ ਤਾਂ ਇਸ ਪੈਸੇ ਨਾਲ ਮੁੰਡਾ ਕੁੜੀ ਨੂੰ ਜ਼ਿੰਦਗੀ ਵਿੱਚ ਸੈਟ ਕਰਨ ਲਈ ਵਰਤੀਏ ਅਤੇ ਲੋੜਵੰਦ ਲੋਕਾਂ ਦਾ ਸਹਾਰਾ ਬਣੀਏ।