ਵਾਲੀਆਂ

-ਸੰਤਵੀਰ
ਕਦੇ-ਕਦੇ ਮੈਂ ਸੋਚਦਾ ਹਾਂ ਕਿ ਕੋਠੀਨੁਮਾ ਮਕਾਨ ਵਿੱਚ ਰਹਿ ਕੇ ਆਰਾਮ ਦਾਇਕ ਜ਼ਿੰਦਗੀ ਗੁਜ਼ਾਰਨ ਦੇ ਬਾਵਜੂਦ ਪੰਜਾਹ ਵਰ੍ਹੇ ਪੁਰਾਣੀ ਕੱਚੇ ਕੋਠੇ ਦੀ ਯਾਦ ਮੈਨੂੰ ਅਜੇ ਵੀ ਕਿਉਂ ਬੇਚੈਨ ਕਰੀ ਜਾ ਰਹੀ ਹੈ। ਮੈਂ ਕਿਸੇ ਕੌੜੀ ਹਕੀਕਤ ਦੇ ਰੂ-ਬ-ਰੂ ਆ ਖਲੋਂਦਾ ਹਾਂ। ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਵਿੱਚ ਮੁੜ ਤੋਂ ਚੱਸ-ਚੱਸ ਜਿਹੀ ਹੋਣ ਲੱਗ ਪੈਂਦੀ ਹੈ। ਫਿਰ ਸੋਚਦਾ ਹਾਂ ਕਿ ਇਸ ਜ਼ਹਿਰ ਨੂੰ ਅੱਧੀ ਸਦੀ ਤੱਕ ਆਪਣੇ ਅੰਦਰ ਕਿਉਂ ਡੱਕੀ ਰੱਖਿਆ। ਇਹ ਜਾਣਦਿਆਂ ਵੀ ਕਿ ਅੰਦਰ ਡੱਕਿਆ ਜ਼ਹਿਰ ਖੂਨ ਵਿੱਚ ਕੁੜੱਤਣ ਪੈਦਾ ਕਰਦਾ ਹੈ। ਦਰਅਸਲ ਥੋੜੇ ਕੀਤਿਆਂ ਸਾਧਾਰਨ ਵਿਅਕਤੀ ਆਪਣਾ ਕੋਹਜ ਕਿਸੇ ਨੂੰ ਵਿਖਾਉਣ ਤੋਂ ਗੁਰੇਜ਼ ਕਰਦਾ ਹੈ ਅਤੇ ਮੈਂ ਵੀ ਇਕ ਸਾਧਾਰਨ ਵਿਅਕਤੀ ਹੀ ਸੀ।
ਕੜੀਆਂ, ਬਾਲਿਆਂ ਅਤੇ ਸਰਕੰਡੇ ਦੀ ਛੱਤ ਵਾਲੇ ਦੋ ਕੱਚੇ ਕੋਠੇ, ਜਿਨ੍ਹਾਂ ਨੂੰ ਹਰ ਵਰ੍ਹੇ ਬਰਸਾਤ ਤੋਂ ਪਹਿਲਾਂ ਪਿੰਡ ਦੇ ਟੋਭੇ ਤੋਂ ਡਲੇ ਢੋਅ ਕੇ ਵਿੱਚ ਤੂੜੀ ਦਾ ਮਲਣ ਪਾ ਕੇ ਗਾਰਾ ਬਣਾ ਕੇ ਲਿੱਪਣਾ ਪੈਂਦਾ ਸੀ। ਕਈ ਵਾਰ ਬਹੁਤੀ ਬਰਸਾਤ ਨਾਲ ਛੱਤ ਉਪਰ ਦੀ ਮਿੱਟੀ ਹੜ੍ਹ ਜਾਂਦੀ ਤੇ ਇਹ ਤਿਪਕਣ ਲੱਗ ਪੈਂਦੇ। ਇਨ੍ਹਾਂ ਦੋਵਾਂ ਕੱਚੇ ਕੋਠਿਆਂ ਦੇ ਵਿਚਕਾਰ ਹੁੰਦਾ ਸੀ, ਓਨਾ ਹੀ ਵਿਹੜਾ। ਵਿਹੜੇ ਦੇ ਇਕ ਪਾਸੇ ਮੱਝ ਦਾ ਹਰਾ ਚਾਰਾ, ਲੱਕੜਾਂ ਅਤੇ ਹੋਰ ਨਿੱਕ ਸੁੱਕ ਪਿਆ ਰਹਿੰਦਾ ਅਤੇ ਦੂਜੇ ਪਾਸੇ ਹਾਰਾ ਹੁੰਦਾ। ਨਾਲ ਓਟੀਏ ਦੇ ਓਹਲੇ ਮਿੱਟੀ ਦੇ ਚੁੱਲ੍ਹੇ ਪਏ ਹੁੰਦੇ। ਇਕ ਛੱਤ ਰਹਿਤ ਗੁਸਲਖਾਨਾ। ਗੁਸਲਖਾਨਾ ਵੀ ਕਾਹਦਾ ਇੱਟਾਂ ਦਾ ਇਕ ਚੌਂਤਰਾ ਜਿਸ ਉਪਰੋਂ ਨਹਾਉਣ ਧੋਣ ਦਾ ਪਾਣੀ ਤਿਲਕ੍ਹ ਕੇ ਛੋਟੀ ਜਿਹੀ ਨਾਲੀ ਰਾਹੀਂ ਬਾਹਰ ਬੀਹੀ ਦੀ ਨਾਲੀ ਵਿੱਚ ਜਾ ਡਿੱਗਦਾ। ਗਰਮੀ ਦੀ ਰੁੱਤੇ ਇਹ ਵਿਹੜਾ ਡਾਇਨਿੰਗ ਰੂਮ ਦਾ ਵੀ ਕੰਮ ਦਿੰਦਾ। ਇਕ ਕੱਚੇ ਕੋਠੇ ਵਿੱਚ ਨੌਂ ਜੀਆਂ ਦਾ ਕੁਨਬਾ ਰਹਿ ਰਿਹਾ ਸੀ ਅਤੇ ਦੂਜੇ ਵਿੱਚ ਇਕ ਮੱਝ ਤੇ ਉਸ ਦਾ ਟੱਬਰ। ਨਾਲੀ ਦੇ ਨਾਲ ਸਰਕੰਡੇ ਦੇ ਛਪਰੇ ਖੜੇ ਕਰਕੇ ਮੱਝ ਲਈ ਸੁੱਕੇ ਪੁੱਠੇ ਰੱਖਣ ਦਾ ਜੁਗਾੜ ਬਣਾਇਆ ਹੋਇਆ ਸੀ। ਇਸ ਸਥਿਤੀ ਵਿੱਚ ਜੇ ਪਰਵਾਰ ਦੇ ਰਹਿਣ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਪਰਵਾਰ ਦਾ ਕੋਈ ਮੈਂਬਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੋਵੇਗਾ। ਇਹ ਇਕ ਕੌੜਾ ਸੱਚ ਹੈ ਪਿੰਡੇ ਹੰਢਾਈ ਪੀੜ ਜਿਹਾ ਸੱਚ। ਮੈਂ ਇਕ ਦਿਨ ਸੜਕ ਕੰਢੇ ਆਪਣੀ ਕਾਰ ਰੋਕ ਕੇ ਆਪਣੇ ਪਰਵਾਰ ਦੇ ਮਨੋ ਲੱਥੇ ਵਸਤਾਂ ਦੀ ਗਠੜੀ ਲੈ ਕੇ ਇਨ੍ਹਾਂ ਝੁੱਗੀਆਂ ਵੱਲ ਅਜੇ ਕੁਝ ਕਦਮ ਹੀ ਪੁੱਟੇ ਸਨ ਕਿ ਇਨ੍ਹਾਂ ਵਿੱਚੋਂ ਮਰੀਅਲ ਜਿਹੇ ਸਰੀਰਾਂ ਵਾਲੇ ਔਰਤ, ਮਰਦ ਅਤੇ ਕਾਲੇ ਕਲੋਟੇ, ਨੰਗ ਧੜੰਗੇ ਬੱਚੇ ਨਿਕਲ ਕੇ ਮੇਰੇ ਵੱਲ ਭੱਜੇ ਆਏ ਅਤੇ ਮੇਰੇ ਹੱਥੋਂ ਕੱਪੜਿਆਂ ਦੀ ਗਠੜੀ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਮੇਰੇ ਰੋਕਣ ‘ਤੇ ਉਹ ਰੁਕ ਗਏ। ਉਨ੍ਹਾਂ ਨੇ ਮੇਰੇ ਖਲੋਤੇ-ਖਲੋਤੇ ਸਾਰੇ ਕੱਪੜੇ ਚੋਰੀ ਦੇ ਮਾਲ ਵਾਂਗੂੰ ਆਪਸ ਵਿੱਚ ਵੰਡ ਲਏ।
ਪੰਜਾਹ ਕੁ ਵਰ੍ਹੇ ਪਹਿਲਾਂ ਇਸ ਕੱਚੇ ਕੋਠੇ ਵਿੱਚ ਰਹਿਣ ਵਾਲੇ ਨੌਂ ਜੀਆਂ ਦੇ ਟੱਬਰ ਵਿੱਚ ਮੈਂ ਸ਼ਾਮਲ ਸੀ। ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ। ਵੇਖਣ ਨੂੰ ਆਪਣੀ ਉਮਰ ਤੋਂ ਚਾਰ ਵਰ੍ਹੇ ਛੋਟਾ ਤੇ ਸੂਝ ਸਿਆਣਪ ਪੱਖੋਂ ਉਮਰ ਤੋਂ ਚਾਰ ਵਰ੍ਹੇ ਵੱਡਾ। ਦਸਵੀਂ ਜਮਾਤ ਦੀ ਪੜ੍ਹਾਈ ਦੇ ਅੰਤਲੇ ਦਿਨ ਸਨ। ਕੱਚੇ ਕੋਠੇ ਵਿੱਚ ਨਾਲ ਜੋੜ-ਜੋੜ ਕੇ ਡਾਹੇ ਮੰਜੇ ਸਵੇਰ ਸਾਰ ਵਿਹੜੇ ਵਿੱਚ ਕੰਧ ਨਾਲ ਖੜੇ ਕਰ ਦਿੱਤੇ ਜਾਂਦੇ। ਮੇਰਾ ਮੰਜਾ ਕਮਰੇ ਦੀ ਨੁੱਕਰੇ ਪਿਆ ਰਹਿੰਦਾ। ਇਕ ਨੁੱਕਰੇ ਹੋਣ ਕਾਰਨ ਇਸ ਕੋਲ ਦਰਵਾਜ਼ੇ ਰਾਹੀਂ ਸੂਰਜ ਦੀ ਰੌਸ਼ਨੀ ਨਹੀਂ ਸੀ ਅੱਪੜਦੀ। ਕੰਧ ‘ਤੇ ਕੁਝ ਵਿੱਥ ‘ਤੇ ਦੋ ਲੋਹੇ ਦੇ ਸਰੀਏ ਗੱਡ ਕੇ ਉਪਰ ਚੌੜਾ ਲੱਕੜ ਦਾ ਫੱਟਾ ਰੱਖ ਕੇ ਇਕ ਸੈਲਫ ਬਣਾਈ ਹੁੰਦੀ ਜਿਸ ਉਤੇ ਮੇਰੀਆਂ ਪੁਸਤਕਾਂ ਤੋਂ ਇਲਾਵਾ ਬਾਕੀ ਬੱਚਿਆਂ ਦੀਆਂ ਪੁਸਤਕਾਂ ਵੀ ਪਈਆਂ ਰਹਿੰਦੀਆਂ।
ਮੰਜੇ ਦੇ ਨਾਲ ਟੀਨ ਦਾ ਪੀਪਾ ਮੂਧਾ ਮਾਰ ਕੇ ਉਪਰ ਅਖਬਾਰ ਵਿਛਾ ਕੇ ਮੇਰੀਆਂ ਕੁਝ ਪੁਸਤਕਾਂ ਬਹੁਤ ਸਲੀਕੇ ਨਾਲ ਟਿਕਾਈਆਂ ਹੁੰਦੀਆਂ। ਵਿਚਕਾਰ ਹੁੰਦਾ ਇਕ ਦੀਵਾ। ਕੱਚ ਦੀ ਸ਼ੀਸ਼ੀ ਵਿੱਚ ਮਿੱਟੀ ਦਾ ਤੇਲ ਪਾ ਕੇ ਸ਼ੀਸ਼ੀ ਦੇ ਢੱਕਣ ਵਿੱਚੋਂ ਇਕ ਮੋਰੀ ਕੱਢੀ ਹੁੰਦੀ ਜਿਸ ਵਿੱਚ ਸੂਤ ਦੀ ਬੱਤੀ ਵੱਟ ਕੇ ਪਾਈ ਹੁੰਦੀ। ਇਸ ਦੀਵੇ ਦਾ ਪ੍ਰਯੋਗ ਸਿਰਫ ਮੈਂ ਤੜਕੇ ਪੜ੍ਹਨ ਸਮੇਂ ਕਰਦਾ ਸੀ। ਰਾਤ ਨੂੰ ਰੌਸ਼ਨੀ ਲਈ ਲਾਲਟੈਣ ਕਿੱਲੇ ‘ਤੇ ਲਟਕਦੀ ਰਹਿੰਦੀ ਸੀ। ਮੈਂ ਪੜ੍ਹਨ ਵਿੱਚ ਹੁਸ਼ਿਆਰ ਨਹੀਂ ਸੀ। ਇਸ ਦਾ ਅਸਲ ਪਤਾ ਮੈਨੂੰ ਅੱਠਵੀਂ ਜਮਾਤ ਦੀ ਵਿਭਾਗੀ ਪ੍ਰੀਖਿਆ ਦੇ ਨਤੀਜੇ ਵੇਲੇ ਲੱਗਿਆ। ਮੈਂ ਮਸਾਂ 33 ਫੀਸਦੀ ਨੰਬਰ ਲੈ ਕੇ ਅੱਠਵੀਂ ਪਾਸ ਕੀਤੀ। ਤੜਕੇ ਉਠ ਕੇ ਪੜ੍ਹਨਾ ਮੈਨੂੰ ਸਭ ਤੋਂ ਔਖਾ ਲੱਗਦਾ ਸੀ। ਮਾਪੇ ਆਵਾਜ਼ਾਂ ਮਾਰ ਕੇ ਉਠਾ ਦਿੰਦੇ, ਪਰ ਮੈਂ ਪੜ੍ਹਦਾ-ਪੜ੍ਹਦਾ ਰਜਾਈ ਵਿੱਚ ਮੁੜ ਸੌਂ ਜਾਂਦਾ। ਇਕ ਦਿਨ ਅਜਿਹਾ ਆਇਆ ਜਿਸ ਮਗਰੋਂ ਮੈਨੂੰ ਤੜਕੇ ਉਠਣ ਵਿੱਚ ਕਦੇ ਦਿੱਕਤ ਪੇਸ਼ ਨਹੀਂ ਆਈ। ਆਪੁਮਾਹਰੇ ਮੇਰੀ ਅੱਖ ਤੜਕੇ ਖੁੱਲ੍ਹ ਜਾਂਦੀ। ਕਈ ਵਾਰ ਚਾਰ ਵਜੇ ਗੁਰਦੁਆਰੇ ਦੇ ਸਪੀਕਰ ਦੀ ਆਵਾਜ਼ ਵੀ ਮਗਰੋਂ ਸੁਣਾਈ ਦਿੰਦੀ। ਸਪੀਕਰ ਦੀ ਆਵਾਜ਼ ਦਾ ਸਮਾਂ ਨਿਸ਼ਚਿਤ ਸੀ, ਰ ਮੇਰੇ ਉਠਣ ਦਾ ਸਮਾਂ ਨਿਸ਼ਚਿਤ ਨਹੀਂ ਸੀ ਹੁੰਦਾ। ਬਿਜਲੀ ਨੇ ਸਾਡੇ ਪਿੰਡ ਵਿੱਚ ਦਸਤਕ ਤਾਂ ਦੇ ਦਿੱਤੀ ਸੀ, ਪਰ ਅਜੇ ਇਸ ਦੀ ਪਹੁੰਚ ਕੁਝ ਰੱਜੇ ਪੁੱਜੇ ਘਰਾਂ ਤੱਕ ਹੀ ਸੀਮਤ ਸੀ।
ਪਿੰਡ ਵਿੱਚ ਇਕ ਪ੍ਰਾਇਮਰੀ ਸਕੂਲ ਸੀ। ਇਹ ਸਕੂਲ ਸਰਕਾਰੀ ਸੀ ਤੇ ਪਿੰਡ ਦੀ ਧਰਮਸ਼ਾਲਾ ਵਿੱਚ ਲੱਗਦਾ ਹੁੰਦਾ ਸੀ। ਇਕ ਪ੍ਰਾਈਵੇਟ ਮਿਡਲ ਸਕੂਲ ਸੀ, ਜਿਥੋਂ ਮੈਂ ਅੱਠਵੀਂ ਜਮਾਤ ਤੱਕ ਪੜ੍ਹਿਆ। ਮਿਡਲ ਸਕੂਲ ਵਿੱਚ ਤਿੰਨ ਜਮਾਤਾਂ ਹੁੰਦੀਆਂ ਸਨ ਅਤੇ ਚਾਰ ਸੈਕਸ਼ਨ। ਚਾਰ ਹੀ ਅਧਿਆਪਕ ਤੇ ਇਕ ਮੁੱਖ ਅਧਿਆਪਕ। ਨਾਂ ਦੀ ਸਕੂਲ ਦੀ ਇਕ ਪ੍ਰਬੰਧਕੀ ਕਮੇਟੀ ਹੁੰਦੀ ਸੀ। ਸਾਰਾ ਪ੍ਰਬੰਧ ਮੁੱਖ ਅਧਿਆਪਕ ਕੋਲ ਹੀ ਸੀ। ਇਹ ਚਾਰੇ ਅਧਿਆਪਕ ਵਿਦਿਆਰਥੀਆਂ ਤੋਂ ਫੀਸਾਂ ਲੈ ਕੇ ਆਪਸ ਵਿੱਚ ਵੰਡ ਲੈਂਦੇ ਸਨ। ਇਨ੍ਹਾਂ ਵਿੱਚ ਇਕ ਅਧਿਆਪਕ ਹੁੰਦੇ ਸਨ ਮੇਰੇ ਪਿਤਾ ਜੀ। ਇਹ ਅਧਿਆਪਕ ਕਈ ਸਾਲ ਥੋੜ੍ਹੀਆਂ-ਥੋੜ੍ਹੀਆਂ ਤਨਖਾਹਾਂ ਲੈ ਕੇ ਇਲਾਕੇ ‘ਚ ਵਿੱਦਿਆ ਦਾ ਚਾਨਣ ਵੰਡਦੇ ਰਹੇ। ਮੈਨੂੰ ਸਰਕਾਰੀ ਨੌਕਰੀ ਮਿਲਣ ਤੋਂ ਦੋ ਕੁ ਸਾਲ ਮਗਰੋਂ ਇਹ ਸਕੂਲ ਬੰਦ ਹੋ ਗਿਆ ਅਤੇ ਮੇਰੇ ਪਿਤਾ ਜੀ ਬੇਰੁਜ਼ਗਾਰ ਹੋ ਗਏ ਸਨ।
ਅੱਠਵੀਂ ਜਮਾਤ ਪਾਸ ਕਰਨ ਮਗਰੋਂ ਮੈਨੂੰ ਤਿੰਨ ਚਾਰ ਕਿਲੋਮੀਟਰ ਦੀ ਵਿੱਥ ‘ਤੇ ਇਕ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਦਾਖਲਾ ਮਿਲ ਗਿਆ। ਹਾਈ ਸਕੂਲ ਵਿੱਚ ਪੜ੍ਹਨ ਨਾਲ ਘਰ ਦਾ ਖਰਚਾ ਵਧਣਾ ਸੁਭਾਵਿਕ ਸੀ। ਪਰਵਾਰਕ ਅਰਥਚਾਰਾ ਡੂੰਘੇ ਸੰਕਟ ਵਿੱਚ ਆ ਗਿਆ। ਭਾਵੇਂ ਮਾਂ ਦੁੱਧ ਵੇਚ ਕੇ ਅਤੇ ਲੋਕਾਂ ਦੀਆਂ ਦਰੀਆਂ ਬੁਣ ਕੇ ਇਸ ਦਾ ਸੰਤੁਲਨ ਸਾਵਾਂ ਰੱਖਣ ਦੀ ਬਥੇਰੀ ਕੋਸ਼ਿਸ਼ ਕਰਦੀ, ਪਰ ਆਮਦਨ ਤੋਂ ਖਰਚਾ ਵਧਣ ਨਾਲ ਇਹ ਲੀਹ ‘ਤੇ ਨਹੀਂ ਸੀ ਆ ਰਿਹਾ। ਸਾਡਾ ਪਰਵਾਰ ਗਰੀਬੀ ਰੇਖਾ ਤੋਂ ਹੇਠਾਂ ਵੱਲ ਖਿਸਕਣਾ ਸ਼ੁਰੂ ਹੋ ਗਿਆ। ਇਸ ਦਾ ਇਕ ਕਾਰਨ ਹੋਰ ਵੀ ਸੀ। ਬਹੁਤੇ ਗਰੀਬ ਲੋਕ ਅਜਿਹੀ ਸਥਿਤੀ ਵਿੱਚੋਂ ਨਿਕਲਣ ਲਈ ਆਪਣੇ ਬੱਚਿਆਂ ਨੂੰ ਪੜ੍ਹਨੋਂ ਹਟਾ ਕੇ ਕੰਮੀਂ ਕਾਰੀਂ ਲਾ ਦਿੰਦੇ ਸਨ। ਇਸ ਤੋਂ ਉਲਟ ਸਾਡੇ ਮਾਂ ਪਿਓ ਦੀ ਪਹਿਲ ਬੱਚਿਆਂ ਦੀ ਪੜ੍ਹਾਈ ਸੀ ਅਤੇ ਉਹ ਸਾਡੀ ਪੜ੍ਹਾਈ ਨਾਲ ਕੋਈ ਸਮਝੌਤਾ ਨਹੀਂ ਸਨ ਕਰਦੇ।
ਸਰਕਾਰੀ ਹਾਈ ਸਕੂਲ ਵਿੱਚ ਇਲਾਕੇ ਦੇ ਹੋਰ ਪਿੰਡਾਂ ਦੇ ਵਿਦਿਆਰਥੀ ਵੀ ਪੜ੍ਹਦੇ ਸਨ। ਸਾਡੇ ਪਿੰਡ ਵੱਲ ਦੇ ਪਿੰਡਾਂ ‘ਚੋਂ ਆਉਣ ਵਾਲੇ ਸਾਰੇ ਵਿਦਿਆਰਥੀ ਪਿੰਡ ਦੇ ਰੇਲਵੇ ਸਟੇਸ਼ਨ ‘ਤੇ ਇਕੱਠੇ ਹੋ ਕੇ ਸਕੂਲ ਦਾ ਤਿੰਨ ਚਾਰ ਕਿਲੋਮੀਟਰ ਦਾ ਔਖਾ ਪੈਂਡਾ ਤੈਅ ਕਰਦੇ ਸਨ। ਸਟੇਸ਼ਨ ਤੋਂ ਲੈ ਕੇ ਸਕੂਲ ਦਾ ਸਾਰਾ ਰਾਹ ਉਜਾੜ ਅਤੇ ਰੇਤਲਾ ਸੀ। ਰਾਹ ਵਿੱਚ ਕੋਈ ਪਿੰਡ ਨਹੀਂ ਸੀ ਆਉਂਦਾ। ਸਟੇਸ਼ਨ ਤੋਂ ਇਕ ਤੰਗ ਜਿਹੀ ਰੇਤਲੀ ਪਹੀ ਸਾਨੂੰ ਸਟੇਸ਼ਨ ਤੋਂ ਨਦੀ ਤੱਕ ਪਹੁੰਚਾ ਦਿੰਦੀ। ਨਦੀ ਟੱਪ ਕੇ ਬਾਕੀ ਪੈਂਡਾ ਖੇਤਾਂ ਦੀਆਂ ਵੱਟਾਂ ‘ਤੇ ਤੁਰ ਕੇ ਸਕੂਲ ਤੱਕ ਖਤਮ ਹੋ ਜਾਂਦਾ। ਰਾਹ ਵਿੱਚ ਆਉਂਦੀ ਬਰਸਾਤੀ ਨਦੀ ਬਰਸਾਤ ਦੇ ਕੁਝ ਮਹੀਨੇ ਛੱਡ ਕੇ ਸਾਰਾ ਸਾਲ ਪਾਣੀ ਨੂੰ ਤਰਸਦੀ ਰਹਿੰਦੀ। ਇਸ ਦੇ ਰੁਦਰ ਰੂਪ ਦੇ ਦਰਸ਼ਨ ਗਰਮੀਆਂ ਦੇ ਮਹੀਨਿਆਂ ਵਿੱਚ ਹੁੰਦੇ ਸਨ। ਸੂਰਜ ਅੱਗ ਵਰ੍ਹਾਉਣ ਲੱਗ ਪੈਂਦਾ। ਨਦੀ ਦੀ ਰੇਤ ਫੁੱਲ ਜਾਂਦੀ। ਉਸ ਵਿੱਚ ਪੈਰ ਧਸਣ ਲੱਗ ਜਾਂਦੇ। ਗਰਮ ਰੇਤ ਜੁੱਤੀਆਂ ਵਿੱਚ ਪੈ ਜਾਂਦੀ ਅਤੇ ਤੁਰਨਾ ਔਖਾ ਹੋ ਜਾਂਦਾ। ਅਪ੍ਰੈਲ ਤੋਂ ਜੂਨ ਤੱਕ ਰੇਤ ਦਾ ਇਹ ਦਰਿਆ ਤਪਣ ਲੱਗਦਾ। ਲੂ ਵਗਦੀ। ਕੋਮਲ ਜਿਸਮ ਲੂਸੇ ਜਾਂਦੇ। ਅੱਖਾਂ ਅੱਗੇ ਭੁੰਬੀਰੀਆਂ ਘੁੰਮਣ ਲੱਗਦੀਆਂ। ਨਦੀ ਦਾ ਲਗਭਗ ਇਕ ਕਿਲੋਮੀਚਰ ਦਾ ਫੱਟ ਪਾਰ ਕਰਨ ਵਿੱਚ ਲਗਭਗ ਪੌਣਾ ਘੰਟਾ ਲੱਗ ਜਾਂਦਾ। ਨਦੀ ਕੰਢੇ ਟਾਹਲੀਆਂ ਹੇਠ ਆਰਾਮ ਕਰਕੇ ਅਸੀਂ ਫਿਰ ਤੰਗ ਰੇਤਲੀ ਪਹੀ ਵਿੱਚ ਤੁਰ ਪੈਂਦੇ। ਇਸ ਪਹੀ ਦੁਆਲੇ ਉਚੀਆਂ-ਉਚੀਆਂ ਫਸਲਾਂ ਤੇ ਆਕਮਕੱਦ ਭੰਗ, ਸਰਕੰਡਾ, ਅੱਕ ਆਦਿ ਅਤੇ ਬਰਸਾਤ ਵਿੱਚ ਉਗੀ ਬਨਸਪਤੀ ਦੀ ਹਵਾੜ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ। ਜੂਨ ਦੇ ਅੱਧ ਵਿੱਚ ਛੁੱਟੀਆਂ ਹੋ ਜਾਂਦੀਆਂ। ਬਰਸਾਤ ਤੋਂ ਬਾਅਦ ਸਕੂਲ ਆਉਂਦੇ ਤਾਂ ਇਸ ਨਦੀ ਦਾ ਜੁਗਰਾਫੀਆ ਬਦਲਿਆ ਹੁੰਦਾ। ਇਹ ਇਕ ਪਾਸੇ ਰੇਤ ਦੀ ਮੋਟੀ ਤਹਿ ਵਿਛਾ ਕੇ ਦੂਰ ਜਾ ਕੇ ਡੂੰਘੀ ਵਗਣ ਲੱਗ ਪੈਂਦੀ। ਖੇਤਾਂ ਦੇ ਖੇਤ ਹੜ੍ਹਾ ਦੇ ਕੰਢੇ ‘ਤੇ ਇਕ ਉਚੀ ਢਾਂਗ ਖੜੀ ਕਰ ਦਿੰਦੀ। ਇਲਾਕੇ ਦੇ ਵਿਦਿਆਰਥੀਆਂ ਨੂੰ ਦਸਵੀਂ ਪਾਸ ਕਰਨ ਲਈ ਇਸ ਪ੍ਰੀਖਿਆ ਵਿੱਚੋਂ ਲੰਘਣਾ ਪੈਂਦਾ ਸੀ। ਦਸਵੀਂ ਮਗਰੋਂ ਬਹੁਤ ਘੱਟ ਵਿਦਿਆਰਥੀ ਕਾਲਜ ਪੜ੍ਹਦੇ ਅਤੇ ਬਾਕੀ ਆਪਣੇ ਕੰਮੀਂ ਕਾਰੀਂ ਲੱਗ ਜਾਂਦੇ ਸਨ।
ਸਤੰਬਰ ਟੈਸਟ ਹੋ ਚੁੱਕਾ ਸੀ। ਇਹ ਯੂਨੀਵਰਸਿਟੀ ਦੀ ਪ੍ਰੀਖਿਆ ਦਾ ਕੁਆਲੀਫਾਈ ਟੈਸਟ ਹੁੰਦਾ ਸੀ। ਤਸੱਲੀ ਬਖਸ਼ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਤੋਂ ਪ੍ਰੀਖਿਆ ਫੀਸ ਲੈ ਕੇ ਯੂਨੀਵਰਸਿਟੀ ਭੇਜੀ ਜਾਂਦੀ। ਬਾਕੀਆਂ ਨੂੰ ਦਸਵੀਂ ਵਿੱਚ ਇਕ ਸਾਲ ਹੋਰ ਲਾਉਣਾ ਪੈਂਦਾ ਸੀ। ਸਤੰਬਰ ਟੈਸਟ ਮੈਂ ਕੁਆਲੀਫਾਈ ਕਰ ਲਿਆ, ਪਰ ਘਰ ਵਿੱਚ ਪ੍ਰੀਖਿਆ ਫੀਸ ਦੇਣ ਲਈ ਪੈਸੇ ਨਹੀਂ ਸਨ। ਇਕ ਦਿਨ ਜਦੋਂ ਪੈਸਿਆਂ ਦਾ ਕਿਤੋਂ ਪ੍ਰਬੰਧ ਨਾ ਹੋਇਆ ਤਾਂ ਪਿਤਾ ਜੀ ਡੂੰਘੀ ਚਿੰਤਾ ਵਿੱਚ ਸਿਰ ਸੁੱਟੀ ਬੈਠੇ ਸਨ। ਮਾਂ ਨੂੰ ਪਤਾ ਸੀ ਕਿ ਅਜਿਹੀ ਸਥਿਤੀ ਉਦੋਂ ਹੀ ਆਉਂਦੀ ਹੈ ਜਦੋਂ ਪਿਤਾ ਜੀ ਬੇਵੱਸ ਹੋ ਜਾਂਦੇ ਹਨ।
‘ਮਖਾਂ ਜੀ, ਮੁੰਡੇ ਦੇ ਦਾਖਲੇ ਲਈ ਪੈਸਿਆਂ ਦਾ ਕੋਈ ਹੀਲਾ ਬਣਿਆ ਜਾਂ ਨਹੀਂ?’ ਮਾਂ ਨੇ ਪੁੱਛਿਆ।
‘ਨਹੀਂ।’ ਕੇਵਲ ਇਕ ਸ਼ਬਦ ਦਾ ਜਵਾਬ ਸੀ।
‘ਦੋਧੀ ਨੂੰ ਪੁੱਛ ਲੈਣਾ ਤਾਂ ਜੇ ਕੁਝ ਪੈਸੇ ਉਧਾਰ ਦੇ ਦਿੰਦਾ। ਅਸੀਂ ਦੁੱਧ ਵਿੱਚ ਪੂਰੇ ਕਰ ਈ ਦੇਣੇ।’
‘ਪੁੱਛਿਆ ਸੀ, ਪਰ ਉਹ ਨਹੀਂ ਮੰਨਿਆ।’
ਮਾਂ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਗੂੜ੍ਹੀਆਂ ਹੋਣ ਲੱਗੀਆਂ। ਉਹ ਸੋਚੀਂ ਪੈ ਗਈ। ਉਸ ਦੇ ਸਾਰੇ ਗਹਿਣੇ ਇਕ-ਇਕ ਕਰਕੇ ਘਰ ਦੀ ਤੰਗੀ ਦੀ ਭੇਟ ਚੜ੍ਹ ਚੁੱਕੇ ਸਨ। ਬੱਸ ਕੰਨਾਂ ਦੀਆਂ ਵਾਲੀਆਂ ਹੀ ਬਚੀਆਂ ਸਨ।
‘ਆਏਂ ਕਰੋ, ਐਹ ਵਾਲੀਆਂ ਲੈ ਜਾਓ। ਸੁਨਿਆਰੇ ਨੂੰ ਕਹੋ ਕਿ ਇਹ ਰੱਖ ਕੇ ਸਾਨੂੰ ਕੁਝ ਪੈਸੇ ਉਧਾਰ ਦੇ ਦੇਵੇ। ਮੁੰਡੇ ਦੀ ਫੀਸ ਦੇ ਦਿਓ ਅਤੇ ਕੁਝ ਪੈਸੇ ਕਰਿਆਨੇ ਵਾਲੇ ਦੇ ਮੱਥੇ ਮਾਰੋ। ਉਹ ਬੇਵਿਸਾਹਿਆ ਹੋਇਆ ਫਿਰਦੈ। ਕੱਲ੍ਹ ਉਸ ਨੇ ਨਿਆਣਿਆਂ ਨੂੰ ਸੌਦੇ ਨਹੀਂ ਦਿੱਤੇ। ਅਖੇ ਪਹਿਲਾਂ ਪਹਿਲੇ ਪੈਸੇ ਦੇ ਕੇ ਜਾਓ। ਨਾਲੇ ਚਾਰ ਪੰਡਾਂ ਤੂੜੀ ਦੀਆਂ ਗਿਰਵਾ ਲੈਣੀਆਂ। ਮੈਥੋਂ ਨਹੀਂ ਨਿਆਣੇ ਰੋਜ਼-ਰੋਜ਼ ਲੋਕਾਂ ਦੇ ਖੇਤਾਂ ਵਿੱਚ ਭੇਜੇ ਜਾਂਦੇ।’ ਮਾਂ ਨੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਪਿਤਾ ਜੀ ਨੂੰ ਫੜਾਉਂਦਿਆਂ ਕਿਹਾ।
ਪਿਤਾ ਜੀ ਵਾਲੀਆਂ ਜੇਬ੍ਹ ਵਿੱਚ ਪਾ ਕੇ ਰੋਡਲ ਸੁਨਿਆਰੇ ਦੀ ਹੱਟੀ ਗਏ ਅਤੇ ਕੁਝ ਚਿਰ ਮਗਰੋਂ ਪੈਸੇ ਲੈ ਕੇ ਪਰਤ ਆਏ। ਉਨ੍ਹਾਂ ਨੇ ਪ੍ਰੀਖਿਆ ਫੀਸ ਮੇਰੇ ਹੱਥ ‘ਤੇ ਧਰ ਦਿੱਤੀ। ਕਾਗਜ਼ ਵਿੱਚ ਲਪੇਟੀਆਂ ਪਿੱਤਲ ਦੀ ਵਾਲੀਆਂ ਉਨ੍ਹਾਂ ਨੇ ਮਾਂ ਦੇ ਹੱਥ ਫੜਾਉਂਦਿਆਂ ਕਿਹਾ, ‘ਲੈ ਆ ਵਾਲੀਆਂ। ਸੁੰਨੇ ਕੰਨਾਂ ਤੋਂ ਐਨੇ ਇਹ ਪਾ ਲੈ।’
‘ਨਹੀਂ, ਮੈਂ ਪਿੱਤਲ ਦੀਆਂ ਵਾਲੀਆਂ ਵੀ ਨਹੀਂ ਪਾਉਣੀਆਂ। ਇਹ ਪਾ ਕੇ ਮੈਂ ਕੀਹਨੂੰ-ਕੀਹਨੂੰ ਝੂਠ ਬੋਲਦੀ ਰਹੂੰਗੀ। ਨਾਲੇ ਮੇਰੀ ਮਾਂ ਕਿਹਾ ਕਰਦੀ ਤੀ ਪਈ ਜੰਮੇ ਪੁੱਤ ਪਿਆ ਦਲਿੱਦਰ ਅਤੇ ਉਠੇ ਪੁੱਤ ਗਿਆ ਦਲਿੱਦਰ। ਸਾਡੇ ਸਦਾ ਈ ਤਾਂ ਨਹੀਂ ਐਕਣਾਂ ਦੇ ਦਿਨ ਰਹਿਣੇ।’
ਪਿਤਾ ਜੀ ਘਰ ਦੀ ਤੰਗੀ ਤੁਰਸ਼ੀ ਦੀ ਕੋਈ ਗੱਲ ਮੇਰੇ ਨਾਲ ਨਹੀਂ ਸੀ ਕਰਦੇ, ਪਰ ਮੈਨੂੰ ਉਨ੍ਹਾਂ ਦੀ ਚੁੱਪ ਦੀ ਭਾਸ਼ਾ ਸਮਝ ਆਉਣ ਲੱਗੀ ਸੀ। ਜਦੋਂ ਉਹ ਸਾਨੂੰ ਕਰਿਆਨੇ ਦੇ ਸੌਦੇ ਕਿਸੇ ਹੋਰ ਦੁਕਾਨ ਤੋਂ ਲਿਆਉਣ ਲਈ ਕਹਿੰਦੇ ਹੁੰਦੇ ਸਨ ਤਾਂ ਮੈਂ ਸਮਝ ਜਾਂਦਾ ਕਿ ਪਹਿਲੇ ਕਰਿਆਨੇ ਵਾਲੇ ਦੇ ਉਧਾਰ ਦੇ ਪੈਸੇ ਬਹੁਤ ਜ਼ਿਆਦਾ ਹੋ ਗਏ ਹਨ।
ਇਹ ਸਾਡੇ ਪਰਵਾਰ ਦੀ ਗੁਰਬਤ ਦਾ ਕਲਾਈਮੈਂਕਸ ਸੀ। ਮੈਂ ਦੂਜੇ ਦਿਨ ਪ੍ਰੀਖਿਆ ਫੀਸ ਜਮ੍ਹਾਂ ਕਰਾ ਦਿੱਤੀ। ਕਿਉਂਕਿ ਮਾਂ ਦੇ ਖਾਲੀ ਕੰਨ ਮੇਰੇ ਨਜ਼ਰੀਂ ਪੈਂਦੇ ਰਹਿੰਦੇ ਸਨ, ਇਸ ਲਈ ਮੇਰੇ ਅੰਦਰਲੀ ਖਾਮੋਸ਼ੀ ਹੋਰ ਡੂੰਘੀ ਹੁੰਦੀ ਜਾ ਰਹੀ ਸੀ। ਇਹ ਖਾਮੋਸ਼ੀ ਬਹੁਤੀ ਦੇਰ ਚੁੱਪ ਨਾ ਰਹਿ ਸਕੀ। ਇਸ ਨੂੰ ਬੋਲ ਮਿਲ ਗਏ। ਇਹ ਮੇਰੇ ਨਾਲ ਸੰਵਾਦ ਰਚਾਉਣ ਲੱਗੀ। ਇਕ ਰਾਤ ਮੈਂ ਆਪਣੀ ਕਿਸਮਤ ਦੇ ਅੱਖਰ ਆਪ ਲਿਖਣ ਦਾ ਨਿਰਣਾ ਲਿਆ। ਜ਼ਿੰਦਗੀ ਦੀ ਇਕ ਖੂਬਸੂਰਤ ਤਸਵੀਰ ਬਣਾ ਕੇ ਇਸ ਵਿੱਚ ਖੁਸ਼ਹਾਲੀ ਦੇ ਰੰਗ ਭਰਨ ਦਾ ਦਿੜ੍ਹ ਸੰਕਲਪ ਲਿਆ। ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਅਤਿ ਤੰਗੀ ਦੇ ਦਿਨਾਂ ਵਿੱਚ ਮਾਂ ਦਾ ਕੋਈ ਗਹਿਣਾ ਗਿਰਵੀ ਰੱਖਣ ਲਈ ਲੈ ਜਾਂਦੇ ਤੇ ਪੈਸੇ ਵਿਆਜ ‘ਤੇ ਫੜ ਲੈਂਦੇ। ਮੂਲ ਅਤੇ ਵਿਆਜ ਰਲ ਕੇ ਗਹਿਣੇ ਦੀ ਕੀਮਤ ਤੋਂ ਵੱਧ ਜਾਂਦਾ ਅਤੇ ਮਾਂ ਦਾ ਗਹਿਣਾ ਲੇਖੇ ਲੱਗ ਜਾਂਦਾ। ਇਹ ਸਿਲਸਿਲਾ ਕਦੋਂ ਤੋਂ ਚੱਲਦਾ ਆ ਰਿਹਾ ਸੀ ਇਹ ਤਾਂ ਮੈਨੂੰ ਪਤਾ ਨਹੀਂ, ਪਰ ਮਾਂ ਦੇ ਕੰਨਾਂ ਦੀਆਂ ਵਾਲੀਆਂ ਮੈਂ ਕੰਨਾਂ ਵਿੱਚ ਵੇਖਦਾ ਰਿਹਾ। ਇਹ ਵਾਲੀਆਂ ਵੀ ਅੱਜ ਨਹੀਂ ਸਨ ਰਹੀਆਂ। ਮੇਰੀ ਮਾਂ ਨੂੰ ਇਨ੍ਹਾਂ ਨਾਲ ਜਜ਼ਬਾਤੀ ਸਾਂਝ ਵਧੇਰੇ ਸੀ, ਕਿਉਂਕਿ ਇਹ ਮੇਰੀ ਮਾਂ ਦੀ ਮਾਂ ਨੇ ਮਰਨ ਵੇਲੇ ਉਸ ਨੂੰ ਆਖਰੀ ਨਿਸ਼ਾਨੀ ਵਜੋਂ ਦਿੱਤੀਆਂ ਸਨ।
ਸਰਦੀ ਦਾ ਮੌਸਮ ਗੁਜ਼ਰ ਚੁੱਕਾ ਸੀ। ਬੱਸ ਸਵੇਰ ਸ਼ਾਮ ਦੀ ਸਰਦੀ ਬਚੀ ਸੀ। ਸੂਰਜ ਵੀ ਆਸਮਾਨ ਵਿੱਚ ਖੜਨ ਲੱਗ ਪਿਆ ਸੀ। ਇਮਤਿਹਾਨ ਦੀ ਡੇਟਸ਼ੀਟ ਆ ਗਈ। ਮੇਰੇ ਪੇਪਰ ਸ਼ਾਮ ਦੀ ਸ਼ਿਫਟ ਵਿੱਚ ਸਨ। ਇਨ੍ਹਾਂ ਦਿਨਾਂ ਵਿੱਚ ਵੱਡੇ-ਵੱਡੇ ਘਰਾਂ ਵਿੱਚ ਡੰਗਰਾਂ ਦੇ ਸੁੱਕੇ ਕੱਖਾਂ ਦਾ ਭੋਗ ਪੈ ਜਾਂਦਾ ਹੈ। ਸਾਡੇ ਘਰ ਵੀ ਤੂੜੀ ਮੁੱਕ ਚੁੱਕੀ ਸੀ। ਰੋਜ਼ ਦੀ ਰੋਜ਼ ਡੰਗਰਾਂ ਲਈ ਪੱਠਿਆਂ ਦਾ ਪ੍ਰਬੰਧ ਕਰਨਾ ਪੈਂਦਾ ਸੀ। ਜਿਸ ਜ਼ਿਮੀਂਦਾਰ ਨੇ ਗੰਨੇ ਘੜਨੇ ਹੁੰਦੇ, ਮੈਂ ਇਕ ਦਿਨ ਪਹਿਲਾਂ ਉਸ ਨਾਲ ਸੰਪਰਕ ਬਣਾ ਰੱਖਦਾ। ਦੂਜੇ ਦਿਨ ਸਵੇਰ ਸਾਰ ਪੱਲੀ ਅਤੇ ਦਾਤੀ ਕੱਛੇ ਮਾਰ ਕੇ ਮੈਂ ਜ਼ਿਮੀਂਦਾਰ ਦੇ ਖੇਤ ਵਿੱਚ ਪਹੁੰਚ ਜਾਂਦਾ। ਕਮਾਦ ਦੀ ਫਸਲ ਵੱਢ ਸੰਵਾਰਨ ਬਦਲੇ ਮੈਨੂੰ ਹਰੇ ਚਾਰੇ ਦੇ ਰੂਪ ਵਿੱਚ ਫਸਲ ਦੇ ਆਗ ਮਿਲ ਜਾਂਦੇ। ਕਣਕ ਵਿੱਚ ਨਦੀਨ ਪੁੱਟ ਕੇ ਆਗਾਂ ਵਿੱਚ ਮਿਲਾ ਕੇ ਟੋਕਾ ਕਰਕੇ ਮੈਂ ਦੋ ਦਿਨ ਦੇ ਪੱਠੇ ਜਮ੍ਹਾਂ ਰੱਖਦਾ। ਇਹ ਸਿਲਸਿਲਾ ਮੇਰੇ ਪੇਪਰਾਂ ਦੇ ਦਿਨਾਂ ਵਿੱਚ ਇਉਂ ਹੀ ਚੱਲਦਾ ਰਿਹਾ। ਮੈਂ ਦੁਪਹਿਰ ਤੱਕ ਕੰਮ ਤੋਂ ਵਿਹਲਾ ਹੋ ਕੇ ਤੜਕੇ ਯਾਦ ਕੀਤੇ ਸਵਾਲਾਂ ‘ਤੇ ਸਰਸਰੀ ਨਜ਼ਰ ਮਾਰ ਕੇ ਪੇਪਰ ਦੇਣ ਚਲਾ ਜਾਂਦਾ। ਅਪ੍ਰੈਲ ਦੇ ਆਖਿਰੀ ਹਫਤੇ ਮੈਂ ਦਸਵੀਂ ਦੇ ਪੇਪਰ ਦੇ ਕੇ ਵਿਹਲਾ ਹੋ ਗਿਆ ਅਤੇ ਜ਼ਿੰਦਗੀ ਦੀ ਮੰਜ਼ਿਲ ਦੀ ਪੌੜੀ ‘ਤੇ ਪੈਰ ਰੱਖਣ ਲਈ ਉਤਾਵਲਾ ਸੀ।
ਸਾਡੇ ਪਿੰਡ ਇਕ ਰਈਸ ਹੁੰਦਾ ਸੀ ਜੰਗ ਬਹਾਦਰ ਸਿੰਘ। ਉਸ ਨੇ ਮੈਨੂੰ ਆਪਣੀ ਚੰਡੀਗੜ੍ਹ ਦੀ ਰੇਡੀਓ ਬਣਾਉਣ ਵਾਲੀ ਵਰਕਸ਼ਾਪ ਵਿੱਚ ਸਟੋਰ ਕੀਪਰ ਰੱਖ ਲਿਆ। ਆਜ਼ਾਦੀ ਮਿਲਣ ਮਗਰੋਂ ਜ਼ੈਲਦਾਰੀਆਂ, ਸਰਦਾਰੀਆਂ, ਰਈਸ ਆਦਿ ਰੁਤਬੇ ਸਮਾਪਤ ਹੋ ਚੁੱਕੇ ਸਨ, ਪਰ ਜੰਗ ਬਹਾਦਰ ਸਿੰਘ ਦੀ ਧੌਣ ਵਿੱਚ ਰਈਸੀ ਦਾ ਕਿੱਲਾ ਉਵੇਂ ਦਾ ਉਵੇਂ ਸੀ। ਉਹ ਗਰੀਬ ਗੁਰਬਿਆਂ ਨੂੰ ਬਹੁਤ ਰੋਅਬ ਨਾਲ ਬੋਲਦਾ। ਗਾਲ੍ਹ ਕੱਢਣਾ ਤਾਂ ਜਿਵੇਂ ਉਸ ਦਾ ਤਕੀਆ ਕਲਾਮ ਹੀ ਬਣ ਗਿਆ ਹੋਵੇ। ਰੇਡੀਓ ਬਣਾਉਣ ਦੀ ਵਰਕਸ਼ਾਪ ਹੇਠਲੀ ਮੰਜ਼ਿਲ ਵਿੱਚ ਸੀ ਅਤੇ ਉਤਲੀ ਮੰਜ਼ਿਲ ਵਿੱਚ ਉਸ ਨੇ ਆਪਣੀ ਰਿਹਾਇਸ਼ ਰੱਖੀ ਹੋਈ ਸੀ। ਮੈਂ ਦਿਨੇ ਵਰਕਸ਼ਾਪ ਵਿੱਚ ਕੰਮ ਕਰਦਾ, ਸ਼ਾਮੀਂ ਟਰੇਨਿੰਗ ਸਕੂਲ ਵਿੱਚ ਟਾਈਪ ਅਤੇ ਸ਼ਾਰਟਹੈਂਡ ਸਿੱਖਣ ਚਲਾ ਜਾਂਦਾ, ਰਾਤੀਂ ਢਾਬੇ ਤੋਂ ਖਾਣਾ ਖਾ ਕੇ ਵਰਕਸ਼ਾਪ ਦੇ ਵਰਾਂਡੇ ਵਿੱਚ ਪਏ ਤਖਤਪੋਸ਼ ‘ਤੇ ਤਲਾਈ ਵਿਛਾ ਕੇ ਸੌਂ ਜਾਂਦਾ। ਨਾਸ਼ਤਾ ਮੈਨੂੰ ਸਰਦਾਰ ਦਾ ਰਸੋਈਆ ਖੁਆ ਦਿੰਦਾ। ਤਿੰਨ ਕੁ ਮਹੀਨੇ ਵੀ ਨਹੀਂ ਸਨ ਹੋਏ ਕਿ ਇਕ ਦਿਨ ਨਿੱਕੀ ਜਿਹੀ ਨਾਜਾਇਜ਼ ਗੱਲ ‘ਤੇ ਜੰਗ ਬਹਾਦਰ ਸਿੰਘ ਨੇ ਮੈਨੂੰ ਗਾਲ੍ਹ ਕੱਢ ਦਿੱਤੀ। ਮੈਂ ਅੱਖਾਂ ਕੌੜੀਆਂ ਕੀਤੀਆਂ ਅਤੇ ਰੋਸ ਪ੍ਰਗਟ ਕੀਤਾ। ਉਸ ਨੇ ਮੇਰੀ ਗੱਲ੍ਹ ਉਤੇ ਥੱਪੜ ਜੜ ਦਿੱਤਾ। ਥੱਪੜ ਦੀ ਪੀੜ ਘੱਟ ਸੀ, ਪਰ ਬੇਇੱਜ਼ਤੀ ਦਾ ਅਹਿਸਾਸ ਵੱਧ।
ਮੈਂ ਉਸ ਰਾਤ ਖਾਣਾ ਨਹੀਂ ਖਾਧਾ। ਰਾਤ ਭਰ ਤਖਤਪੋਸ਼ ‘ਤੇ ਜਾਗੋ ਮੀਟੀ ਵਿੱਚ ਪਿਆ ਰਿਹਾ। ਰਤਾ ਕੁ ਅੱਖ ਲੱਗਦੀ ਤਾਂ ਜੰਗ ਬਹਾਦਰ ਸਿੰਘ ਦਾ ਚਿਹਰਾ ਅੱਖਾਂ ਸਾਹਮਣੇ ਆ ਜਾਂਦਾ। ਥੱਪੜ ਵਾਲੀ ਗੱਲ੍ਹ ਦਰਦ ਕਰਨ ਲੱਗ ਪੈਂਦੀ। ਮੈਂ ਸਵੇਰੇ ਉਠਿਆ। ਜੰਗ ਬਹਾਦਰ ਸਿੰਘ ਕੋਠੀ ਦੇ ਲਾਅਨ ਵਿੱਚ ਗਾਊਨ ਪਹਿਨੀ ਟਹਿਲ ਰਿਹਾ ਸੀ। ਮੈਂ ਉਸ ਕੋਲ ਆਇਆ ਅਤੇ ਬਿਨਾਂ ਦੁਆ ਸਲਾਮ ਕੀਤੇ ਕਿਹਾ: ‘ਮੈਂ ਤੁਹਾਡੇ ਕੋਲ ਕੰਮ ਨਹੀਂ ਕਰਨਾ। ਮੇਰਾ ਹਿਸਾਬ ਕਿਤਾਬ ਕਰ ਦਿਓ।’
‘ਕਾਹਦਾ ਹਿਸਾਬ ਕਿਤਾਬ? ਟਿੰਡ ਫਹੁੜੀ ਚੁੱਕ ਅਤੇ ਚਲਦਾ ਬਣ।’ ਮੈਂ ਆਪਣੇ ਕੱਪੜੇ ਇਕ ਥੈਲੇ ਵਿੱਚ ਪਾਏ ਅਤੇ ਤਲਾਈ ਤੇ ਖੇਸੀ ਲਪੇਟ ਕੇ ਕੱਛ ਵਿੱਚ ਦੇ ਕੇ ਕੋਠੀ ਤੋਂ ਬਾਹਰ ਨਿਕਲ ਆਇਆ। ਕੋਠੀ ਦੇ ਗੇਟ ਅੱਗੇ ਨੇਮ ਪਲੇਟ ਲੱਗੀ ਹੋਈ ਸੀ: ‘ਕੰਵਰ ਜੰਗ ਬਹਾਦਰ ਸਿੰਘ ਰਈਸ।’
‘ਹੂੰ..ਵੱਡਾ ਰਈਸ।’ ਮੇਰੇ ਮੂੰਹੋਂ ਨਿਕਲਿਆ ਅਤੇ ਮੈਂ ਇਕ ਜ਼ੋਰਦਾਰ ਝਟਕੇ ਨਾਲ ਨੇਮ ਪਲੇਟ ਪੁੱਟ ਕੇ ਆਪਣੀ ਕੱਛ ਵਿੱਚ ਦੇ ਕੇ ਤੇਜ਼-ਤੇਜ਼ ਕਦਮ ਪੁੱਟਦਾ ਕੋਠੀ ਤੋਂ ਦੂਰ ਲੰਘ ਗਿਆ। ਥੋੜ੍ਹੀ ਦੂਰ ਜਾ ਕੇ ਮੇਰੇ ਅੰਦਰੋਂ ਗੰਦੀ ਗਾਲ੍ਹ ਨਿਕਲੀ ਅਤੇ ਮੈਂ ਪੂਰੇ ਜ਼ੋਰ ਨਾਲ ਨੇਮ ਪਲੇਟ ਵਗਾਹ ਕੇ ਖੁੱਲ੍ਹੇ ਮੈਦਾਨ ਵਿੱਚ ਸੁੱਟ ਦਿੱਤੀ।
ਘਰ ਆ ਕੇ ਮੈਂ ਮਾਂ ਨੂੰ ਸਿਰਫ ਇੰਨਾ ਦੱਸਿਆ ਕਿ ਮੈਨੂੰ ਸਰਦਾਰ ਨੇ ਨੌਕਰੀ ਤੋਂ ਹਟਾ ਦਿੱਤਾ। ਬੇਇੱਜ਼ਤੀ ਦਾ ਜ਼ਹਿਰ ਲੈ ਕੇ ਮੈਂ ਕਿੰਨੇ ਸਾਲ ਵਿਚਰਦਾ ਰਿਹਾ। ਨਜ਼ਰ ਮਾਂ ਦੇ ਸੁੰਨੇ ਕੰਨਾਂ ‘ਤੇ ਪਈ, ਜਿਵੇਂ ਇਹ ਮੇਰਾ ਮੂੰਹ ਚਿੜਾਅ ਰਹੇ ਹੋਣ। ਜੁਲਾਈ ਦੇ ਅੱਧ ਵਿੱਚ ਦਸਵੀਂ ਦਾ ਨਤੀਜਾ ਆਇਆ। ਮੈਂ ਨਤੀਜਾ ਅਖਬਾਰ ਵਿੱਚ ਵੇਖਿਆ। ਮੇਰੇ ਨੰਬਰ ਇੰਨੇ ਵਧੀਆ ਆਏ ਕਿ ਭਵਿੱਖ ਵਿੱਚ ਮੈਨੂੰ ਸਰਕਾਰੀ ਨੌਕਰੀ ਲੈਣ ਲਈ ਕਿਸੇ ਸਿਫਾਰਸ਼ ਦੀ ਲੋੜ ਨਹੀਂ ਸੀ ਰਹਿਣੀ।
ਪਿਤਾ ਜੀ ਦੇ ਦੋਸਤ ਗਿਆਨ ਸਿੰਘ ਇਕ ਦਿਨ ਆਪਣੇ ਦਫਤਰ ਵੱਲ ਜਾਂਦੇ ਮਿਲ ਗਏ। ਉਹ ਬਿਜਲੀ ਬੋਰਡ ਦੇ ਦਫਤਰ ਵਿੱਚ ਲਾਈਨ ਸੁਪਰਡੈਂਟ ਸਨ। ਉਨ੍ਹਾਂ ਨੇ ਪਿਤਾ ਜੀ ਨਾਲ ਹੱਥ ਮਿਲਾਇਆ। ਮੈਂ ਵੀ ਸਤਿ ਸ੍ਰੀ ਅਕਾਲ ਬੁਲਾਈ ਤੇ ਗੋਡੀਂ ਹੱਥ ਲਾਏ। ਉਨ੍ਹਾਂ ਮੇਰੀ ਪਿੱਠ ‘ਤੇ ਥਾਪੀ ਦਿੱਤੀ ਅਤੇ ਪੁੱਛਿਆ, ‘ਮਾਸਟਰ ਜੀ, ਕਾਕਾ ਕੀ ਕਰਦੈ ਅੱਜ ਕੱਲ੍ਹ?’
‘ਕਾਕੇ ਨੇ ਜੀ, ਇਸ ਸਾਲ ਦਸਵੀਂ ਕੀਤੀ ਹੈ। ਹਾਈ ਫਸਟ ਡਿਵੀਜ਼ਨ ਆਈ ਹੈ। ਰੁਜ਼ਗਾਰ ਦਫਤਰ ਵਿੱਚ ਨਾਂ ਦਰਜ ਕਰਾ ਦਿੱਤਾ ਹੈ।’
ਕੁਝ ਚਿਰ ਸੋਚ ਕੇ ਪਿਤਾ ਜੀ ਦੇ ਦੋਸਤ ਕਹਿਣ ਲੱਗੇ, ‘ਜਿੰਨਾ ਚਿਰ ਇਹਨੂੰ ਕਿਤੇ ਨੌਕਰੀ ਨਹੀਂ ਮਿਲਦੀ, ਤੁਸੀਂ ਇਸ ਨੂੰ ਮੇਰੇ ਕੋਲ ਦਫਤਰ ਭੇਜ ਦਿਆ ਕਰੋ। ਮੈਂ ਇਸ ਦਾ ਨਾਂ ਲਿਸਟਾਂ ਵਿੱਚ ਪਾ ਲਵਾਂਗਾ। ਇਸ ਨੂੰ 82 ਰੁਪਏ ਤਨਖਾਹ ਵੀ ਮਿਲੇਗੀ। ਉਂਜ ਵੀ ਕਹਿੰਦੇ ਹਨ ਬੇਕਾਰ ਨਾਲੋਂ ਬੇਗਾਰ ਭਲੀ।’
ਬਿਜਲੀ ਬੋਰਡ ਦੇ ਦਫਤਰ ਵਿੱਚ ਬੈਠ ਕੇ ਮੈਂ ਕੁਝ ਮਹੀਨੇ ਬਿਜਲੀ ਦੇ ਬਿੱਲ ਤੇ ਨਵੇਂ ਕੁਨੈਕਸ਼ਨਾਂ ਦੇ ਤਖਮੀਨਿਆਂ ਦੀਆਂ ਨਕਲਾਂ ਕੀਤੀਆਂ। ਇਕ ਦਿਨ ਭਾਖੜਾ ਡੈਮ ‘ਤੇ ਵਰਕਚਾਰਜ ਟਾਈਮ ਕਲਰਕਾਂ ਦੀ ਅਸਾਮੀ ਲਈ ਇੰਟਰਵਿਊ ਲੈਟਰ ਆ ਗਈ। ਇੰਟਰਵਿਊ ਹੋਈ। ਪੰਜ ਅਸਾਮੀਆਂ ਲਈ ਪੰਦਰਾਂ ਉਮੀਦਵਾਰ। ਮੇਰੇ ਨੰਬਰ ਸਭ ਤੋਂ ਵੱਧ। ਮੈਨੂੰ ਭਾਖੜਾ ਡੈਮ ‘ਤੇ ਟਾਈਮ ਕਲਰਕ ਦੀ ਨੌਕਰੀ ਮਿਲ ਗਈ। ਛੇ ਕੁ ਮਹੀਨਿਆਂ ਮਗਰੋਂ ਪ੍ਰਾਜੈਕਟ ‘ਤੇ ਵਰਕਰਾਂ ਦੀ ਛਾਂਟੀ ਹੋ ਗਈ ਤੇ ਵਰਕਸ਼ਾਪ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਮੈਂ ਘਰ ਆ ਗਿਆ। ਪਰਵਾਰਕ ਆਰਥਿਕ ਸੰਕਟ ਅਜੇ ਉਵੇਂ ਦਾ ਉਵੇਂ ਸੀ। ਮਹੀਨਾ ਕੁ ਬੀਤਿਆ ਹੋਣਾ ਕਿ ਸਰਕਾਰੀ ਨੌਕਰੀ ਲਈ ਇੰਟਰਵਿਊ ਲੈਟਰ ਡਾਕ ਰਾਹੀਂ ਪ੍ਰਾਪਤ ਹੋਇਆ। ਇਸ ਵਾਰ ਨੌਕਰੀ ਘਰ ਤੋਂ ਥੋੜ੍ਹੀ ਦੂਰੀ ‘ਤੇ ਸੀ, ਜਿਥੇ ਰੋਜ਼ ਸਾਈਕਲ ‘ਤੇ ਸਫਰ ਕਰਕੇ ਪਹੁੰਚ ਹੋਣਾ ਸੀ। ਇੰਟਰਵਿਊ ਹੋਈ। ਮੇਰੇ ਕੋਲ ਛੇ ਮਹੀਨੇ ਦਾ ਦਫਤਰੀ ਕੰਮ ਦਾ ਤਜਰਬਾ ਵੀ ਸੀ। ਮੇਰੀ ਚੋਣ ਹੋ ਗਈ। ਦੂਜੇ ਦਿਨ ਨਿਯੁਕਤੀ ਪੱਤਰ ਲੈਣ ਲਈ ਕਹਿ ਦਿੱਤਾ ਗਿਆ। ਪਰਵਾਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਘਰ ਤੋਂ ਖਾਣਾ ਖਾ ਕੇ ਸਾਈਕਲ ‘ਤੇ ਦਫਤਰ ਜਾਣਾ ਅਤੇ ਵਾਪਸ ਆ ਜਾਣਾ। ਸਾਰੀ ਦੀ ਸਾਰੀ ਤਨਖਾਹ ਬੱਚਤ। ਦਿਨ ਗਿਣਦਿਆਂ ਮਹੀਨਾ ਗੁਜ਼ਰ ਗਿਆ। ਮੈਂ ਸ਼ਾਮੀਂ ਘਰ ਪਰਤਿਆ। ਪਹਿਲੀ ਤਰੀਕ ਸੀ। ਮੈਂ ਸਾਈਕਲ ਵਿਹੜੇ ਵਿੱਚ ਖੜਾ ਕੀਤਾ। ਸਾਰਾ ਪਰਵਾਰ ਮੇਰੀ ਤਨਖਾਹ ਦੀ ਉਡੀਕ ਕਰ ਰਿਹਾ ਸੀ। ਬੱਚਿਆਂ ਨੂੰ ਨੀਲਾ ਨੋਟ ਵੇਖਣ ਦਾ ਚਾਅ ਚੜ੍ਹਿਆ ਹੋਇਆ ਸੀ। ਮੈਂ ਤਨਖਾਹ ਮਾਂ ਦੇ ਹੱਥ ‘ਤੇ ਧਰ ਦਿੱਤੀ। ਉਸ ਨੇ ਮੱਥੇ ‘ਤੇ ਲਾ ਕੇ ਪਿਤਾ ਜੀ ਨੂੰ ਫੜਾ ਦਿੱਤੀ।
‘ਤਨਖਾਹ ਤਾਂ ਹਰ ਮਹੀਨੇ ਆਉਂਦੀ ਰਹਿਣੀ ਹੈ। ਇਸ ਲਈ ਸਭ ਤੋਂ ਪਹਿਲਾਂ ਸੁਨਿਆਰੇ ਤੋਂ ਮਾਂ ਦੀਆਂ ਵਾਲੀਆਂ ਲਿਆਉਣ ਚੱਲਦੇ ਹਾਂ।’ ਮੈਂ ਪਿਤਾ ਜੀ ਨੂੰ ਕਿਹਾ ਤੇ ਅਸੀਂ ਦੋਵੇਂ ਸੁਨਿਆਰੇ ਦੀ ਦੁਕਾਨ ‘ਤੇ ਗਏ।
‘ਅਸੀਂ ਵਾਲੀਆਂ ਲੈਣ ਆਏ ਹਾਂ।’ ਪਿਤਾ ਜੀ ਨੇ ਕਿਹਾ।
‘ਕਿਹੜੀਆਂ ਵਾਲੀਆਂ? ਤੁਸੀਂ ਛੇ ਮਹੀਨੇ ਦੇ ਅੰਦਰ ਪੈਸੇ ਮੋੜਨ ਦਾ ਵਾਅਦਾ ਕੀਤਾ ਸੀ। ਸਾਲ ਤੋਂ ਵੱਧ ਸਮਾਂ ਹੋ ਗਿਆ। ਮੂਲ ਅਤੇ ਵਿਆਹ ਮਿਲਾ ਕੇ ਤੁਹਾਡੀਆਂ ਵਾਲੀਆਂ ਨਾਲੋਂ ਵਧਦਾ ਹੈ। ਤੁਸੀਂ ਸਲਾਹ ਕਰ ਲਓ ਕਿ ਵਾਲੀਆਂ ਲੈਣੀਆਂ ਹਨ ਜਾਂ ਫਿਰ..।’ ਰੋਡਲ ਸੁਨਿਆਰੇ ਨੇ ਗੱਲ ਸਮਝਾਈ।
ਅਸੀਂ ਦੋਵੇਂ ਇਕ ਦੂਜੇ ਨੂੰ ਖਾਮੋਸ਼ੀ ਨਾਲ ਤੱਕ ਰਹੇ ਸੀ। ਉਸੇ ਖਾਮੋਸ਼ੀ ਵਿੱਚ ਸਾਡੇ ਕਦਮ ਘਰ ਵੱਲ ਪਰਤਣ ਲੱਗੇ।