ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈ ਓਵਰ ਡਿੱਗਾ, 18 ਮੌਤਾਂ


ਵਾਰਾਨਸੀ, 15 ਮਈ, (ਪੋਸਟ ਬਿਊਰੋ)- ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈ ਓਵਰ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ। ਏਥੇ ਰੇਲਵੇ ਸਟੇਸ਼ਨ ਨੇੜੇ ਬਣ ਰਿਹਾ ਫਲਾਈ ਓਵਰ ਅੱਜ ਅਚਾਨਕ ਡਿਗ ਗਿਆ ਤੇ ਕਾਫੀ ਲੋਕ ਇਸ ਦੇ ਥੱਲੇ ਆ ਗਏ। ਕਈ ਵਾਹਨ ਵੀ ਮਲਬੇ ਥੱਲੇ ਆ ਕੇ ਤਬਾਹ ਹੋ ਗਏ। ਕੌਮੀ ਆਫਤ ਪ੍ਰਬੰਧ ਦੇ ਅਧਿਕਾਰੀਆਂ ਨੇ 16 ਲਾਸ਼ਾਂ ਲੱਭਣ ਦੀ ਪੁਸ਼ਟੀ ਕੀਤੀ ਹੈ। ਵਾਰਾਨਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਹੈ।
ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਬਾਅਦ ਦੁਪਹਿਰ ਵਾਪਰੀ ਹੈ ਅਤੇ ਰਾਹਤ ਟੀਮਾਂ ਘਟਨਾ ਸਥਾਨ ਉੱਤੇ ਪੁੱਜ ਗਈਆਂ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਘਟਨਾ ਸਥਾਨ ਉੱਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਵੀ ਹੁਕਮ ਦਿੱਤੇ ਹਨ।