ਵਾਰਡ 9 ਤੇ 10 ਦੇ ਰੀਜਨਲ ਕਾਉਂਸਲਰ ਵਜੋਂ ਗੁਰਪ੍ਰੀਤ ਢਿੱਲੋਂ ਨੇ ਭਰਿਆ ਨਾਮਜ਼ਦਗੀ ਫਾਰਮ

ਬਰੈਂਪਟਨ, 17 ਮਈ (ਪੋਸਟ ਬਿਊਰੋ) : ਬੀਤੇ ਦਿਨੀਂ ਗੁਰਪ੍ਰੀਤ ਢਿੱਲੋਂ ਰਸਮੀ ਤੌਰ ਉੱਤੇ ਬਰੈਂਪਟਨ ਦੇ ਵਾਰਡ 9 ਤੇ 10 ਤੋਂ ਰੀਜਨਲ ਕਾਉਂਸਲਰ ਵਜੋਂ ਉਮੀਦਵਾਰ ਬਣ ਗਏ। ਜਿ਼ਕਰਯੋਗ ਹੈ ਕਿ ਮਿਉਂਸਪਲ ਚੋਣਾਂ 22 ਅਕਤੂਬਰ, 2018 ਨੂੰ ਹੋਣ ਜਾ ਰਹੀਆਂ ਹਨ।
ਆਪਣੇ ਨਾਮਜ਼ਦਗੀ ਫਾਰਮ ਭਰਨ ਲਈ ਸਿਟੀ ਹਾਲ ਪਹੁੰਚੇ ਢਿੱਲੋਂ ਨਾਲ ਉਨ੍ਹਾਂ ਦੀ ਪਤਨੀ ਕਵਲਜੀਤ ਤੇ ਦੋ ਲੜਕੇ ਕਰਮ ਸਿੰਘ ਤੇ ਸ਼ਬੇਗ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਆਖਿਆ ਕਿ ਜਦੋਂ ਉਹ ਪਹਿਲੀ ਵਾਰੀ ਸਿਟੀ ਕਾਉਂਸਲਰ ਚੁਣੇ ਗਏ ਸਨ ਤਾਂ ਉਨ੍ਹਾਂ ਦੇ ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਯੂਨੀਵਰਸਿਟੀ ਕਾਇਮ ਕਰਨ ਤੇ ਬਰੈਂਪਟਨ ਵਿੱਚ ਜਿਸ ਹਿਸਾਬ ਨਾਲ ਸਿਆਸਤ ਕੀਤੀ ਜਾਂਦੀ ਹੈ ਉਸ ਦਾ ਰੁਖ ਬਦਲਣ ਦੀ ਜਿ਼ੰਮੇਵਾਰੀ ਲਾਈ ਸੀ। ਉਨ੍ਹਾਂ ਆਖਿਆ ਕਿ ਭਾਵੇਂ ਇਨ੍ਹਾਂ ਵਿੱਚੋਂ ਬਹੁਤੇ ਟੀਚੇ ਅਸੀਂ ਹਾਸਲ ਕਰ ਚੁੱਕੇ ਹਾਂ ਪਰ ਅਜੇ ਇਸ ਪਾਸੇ ਹੋਰ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ।
ਉਨ੍ਹਾਂ ਅੱਗੇ ਆਖਿਆ ਕਿ 2016 ਵਿੱਚ ਉਨ੍ਹਾਂ ਵੱਲੋਂ 25000 ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਲਿਆਂਦੇ ਮਤੇ ਨੂੰ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਸਿਟੀ ਨੇ ਇਨ੍ਹਾਂ ਮੌਕਿਆਂ ਲਈ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਸੀ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਬਲੂ ਰਿਬਨ ਕਮੇਟੀ ਦਾ ਮੈਂਬਰ ਹੋਣ ਨਾਤੇ ਬਰੈਂਪਟਨ ਵਿੱਚ ਰਾਇਰਸਨਜ਼ ਪਸਾਰ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ।
ਢਿੱਲੋਂ ਆਪਣੇ ਹੇਠ ਲਿਖੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਵੀ ਕਾਮਯਾਬ ਰਹੇ :
ਕਾਉਂਸਲ ਵੱਲੋਂ ਰਿਕਾਰਡ ਕੀਤੀਆਂ ਵੋਟਾਂ ਨੂੰ ਮਹੀਨਾਵਾਰੀ ਆਨਲਾਈਨ ਪੋਸਟ ਕਰਨ
ਊਬਰ ਉੱਤੇ ਆਰਜ਼ੀ ਤੌਰ ਉੱਤੇ ਪਾਬੰਦੀ ਲਵਾਉਣ
ਘਰ ਘਰ ਜਾ ਕੇ ਚੀਜਾਂ ਵੇਚਣ ਵਾਲੇ ਸੇਲਜ਼ ਏਜੰਟਾਂ ਉੱਤੇ ਪਾਬੰਦੀ ਲਵਾਉਣ
ਮਿਉਂਸਪਲ 101 ਐਜੂਕੇਸ਼ਨਲ ਸੈਸ਼ਨ ਵਿੱਚ ਸਥਾਨਕ ਨਾਗਰਿਕਾਂ ਦੀ ਸ਼ਮੂਲੀਅਤ ਵਧਾਉਣ
ਨੌਜਵਾਨਾਂ ਲਈ ਹਫਤਾਵਾਰੀ ਮੁਫਤ ਡਰੌਪ ਇਨ ਬਾਸਕਿਟਬਾਲ ਪ੍ਰੋਗਰਾਮ ਦਾ ਪ੍ਰਬੰਧ ਕਰਨ
40 ਪਾਰਕਾਂ ਵਿੱਚ ਸਾਲਾਨਾ ਟਾਊਨ ਹਾਲ ਕਰਵਾਉਣ
ਨਵੇਂ ਕਾਮਾਗਾਟਾਮਾਰੂ ਪਾਰਕ ਨੂੰ ਤਿਆਰ ਕਰਵਾਉਣ
ਖਰਾਬ ਮੌਸਮ ਦੌਰਾਨ ਸੇਵਾਵਾਂ ਦਾ ਪੱਧਰ, ਮਦਦ ਤੇ ਸੰਚਾਰ ਪ੍ਰਬੰਧਾਂ ਨੂੰ ਸਹੀ ਰੱਖਣ
ਬਰੈਂਪਟਨ ਬੀਸਟ ਤੇ ਰਿਵਰਸਟੋਨ ਗੌਲਫ ਕਲੱਬ ਬੇਲਆਊਟਜ਼ ਸਮੇਤ ਸ਼ਾਹਖਰਚੀ ਖਿਲਾਫ ਆਵਾਜ਼ ਉਠਾਉਣ
ਰੀਜਨਲ ਕਾਉਂਸਲਰ ਵੱਜੋਂ ਢਿੱਲੋਂ ਵੱਲੋਂ ਵਧੇਰੇ ਪੁਲਿਸਿੰਗ, ਵਧੇਰੇ ਕਫਾਇਤੀ ਘਰਾਂ, ਵੇਸਟ ਮੈਨੇਜਮੈਂਟ ਵਿੱਚ ਸੁਧਾਰ ਤੇ ਸਿਟੀ ਪਲੈਨਿੰਗ ਲਈ ਹੋਰ ਆਵਾਜ਼ ਉਠਾਉਣ ਦੇ ਨਾਲ ਨਾਲ ਹੋਰ ਕਈ ਕੰਮ ਕਰਵਾਉਣ ਦਾ ਵਾਅਦਾ ਕੀਤਾ। ਗੁਰਪ੍ਰੀਤ ਢਿੱਲੋਂ ਨੂੰ ਪਹਿਲਾਂ ਹੀ ਐਮਪੀ ਰਾਜ ਗਰੇਵਾਲ, ਐਮਪੀ ਕਮਲ ਖਹਿਰਾ, ਐਮਪੀ ਰੂਬੀ ਸਹੋਤਾ, ਐਮਪੀ ਰਮੇਸ਼ ਸੰਘਾ, ਐਮਪੀ ਸੋਨੀਆ ਸਿੱਧੂ, ਮੇਅਰ ਲਿੰਡਾ ਜੈਫਰੀ, ਕਾਉਂਸਲਰ ਪੈਟ ਫੋਰਟਿਨੀ, ਕਾਉਂਸਲਰ ਮਾਰਟਿਨ ਮੈਡੇਰੌਸ, ਟੋਰਾਂਟੋ ਸਕੂਲ ਬੋਰਡ ਦੇ ਟਰਸਟੀ ਅਵਤਾਰ ਮਿਨਹਾਸ, ਮਾਰਖਮ ਐਮਪੀ ਬੌਬ ਸਰੋਇਆ ਦੇ ਨਾਲ ਨਾਲ ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਦਾ ਸਮਰਥਨ ਵੀ ਹਾਸਲ ਹੋ ਚੁੱਕਿਆ ਹੈ।