ਵਾਤਾਵਰਣ ਦਾ ਦੁਸ਼ਮਣ ਮਨੁੱਖ


-ਬਲਰਾਜ ਸਿੰਘ ਸਿੱਧੂ ਐਸ ਪੀ
ਕੁਝ ਦਿਨ ਪਹਿਲਾਂ ਮਨਾਲੀ ਜਾਣ ਦਾ ਮੌਕਾ ਮਿਲਿਆ। ਅਸੀਂ ਮੋਟੀਆਂ ਜੈਕਟਾਂ ਲੈ ਕੇ ਬਰਫ ਵੇਖਣ ਲਈ ਰੋਹਤਾਂਗ ਪਾਸ ਪਹੁੰਚੇ ਤਾਂ ਸਾਰੇ ਪਾਸੇ ਮਿੱਟੀ ਉਡ ਰਹੀ ਸੀ, ਬਰਫ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਸੀ। ਇਸ ਤੋਂ ਪਹਿਲਾਂ 2008 ਵਿੱਚ ਉਤੇ ਜਾਣ ਦਾ ਮੌਕਾ ਮਿਲਿਆ ਸੀ। ਓਦੋਂ ਸਾਰੇ ਪਾਸੇ ਬਰਫ ਦੀ ਮੋਟੀ ਚਾਦਰ ਵਿਛੀ ਹੋਈ ਸੀ। ਦਰਅਸਲ ਇਨਸਾਨਾਂ ਵੱਲੋਂ ਬੇਕਿਰਕੀ ਨਾਲ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਅੱਜ ਕੱਲ੍ਹ ਕਈ ਸਾਲਾਂ ਤੋਂ ਰੋਹਤਾਂਗ ਦੱਰੇ ਵਿੱਚ ਬਰਫ ਨਹੀਂ ਪੈ ਰਹੀ। ਜੇ ਪਹਾੜਾਂ ਉਪਰ ਬਰਫ ਨਹੀਂ ਪਵੇਗੀ ਤਾਂ ਥੱਲੇ ਦਰਿਆਵਾਂ ਵਿੱਚ ਪਾਣੀ ਕਿੱਥੋਂ ਆਵੇਗਾ?
ਲੈਨਸਟ ਮੈਡੀਕਲ ਜਰਨਲ (ਨਿਊਯਾਰਕ) ਨੇ 10 ਅਕਤੂਬਰ 2017 ਨੂੰ ਪ੍ਰਦੂਸ਼ਣ ਬਾਰੇ ਬਹੁਤ ਚੌਂਕਾਉਣ ਵਾਲੀ ਰਿਪੋਰਟ ਜਾਰੀ ਕੀਤੀ ਸੀ। ਇਸ ਮੁਤਾਬਕ ਭਾਰਤੀ ਲੋਕ ਦੁਨੀਆ ਵਿੱਚ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਸ਼ਿਕਾਰ ਹਨ। 2015 ਵਿੱਚ ਪੂਰੀ ਦੁਨੀਆ ਵਿੱਚ ਪ੍ਰਦੂਸ਼ਣ ਕਾਰਨ 90 ਲੱਖ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਣੀਆਂ ਪਈਆਂ, ਜਿਨ੍ਹਾਂ ਵਿੱਚੋਂ 25 ਲੱਖ ਭਾਰਤੀ ਸਨ। 18 ਲੱਖ ਮੌਤਾਂ ਨਾਲ ਚੀਨ ਦੂਜੇ ਨੰਬਰ ‘ਤੇ ਹੈ। ਮਰਨ ਵਾਲੇ ਭਾਰਤੀਆਂ ਵਿੱਚ 17.5 ਲੱਖ ਵਿਅਕਤੀ ਹਵਾ ਪ੍ਰਦੂਸ਼ਣ ਕਾਰਨ ਮਰੇ ਤੇ ਬਾਕੀ ਜਲ ਪ੍ਰਦੂਸ਼ਣ ਕਾਰਨ। ਸਿਗਰਟਨੋਸ਼ੀ, ਭੁੱਖ, ਕੁਦਰਤੀ ਆਫਤਾਂ, ਬਿਮਾਰੀਆਂ, ਜੰਗਾਂ ਤੇ ਅੱਤਵਾਦ ਨਾਲ ਮਰਨ ਵਾਲੇ ਲੋਕਾਂ ਨਾਲੋਂ ਇਹ ਗਿਣਤੀ 15 ਗੁਣਾ ਜ਼ਿਆਦਾ ਹੈ। ਹਵਾ ਅਤੇ ਜਲ ਪ੍ਰਦੂਸ਼ਣ ਵਿੱਚ ਪਿਛਲੇ ਵੀਹ ਸਾਲਾਂ ਵਿੱਚ ਅਥਾਹ ਵਾਧਾ ਹੋਇਆ ਹੈ। 1990 ਵਿੱਚ 42 ਲੱਖ ਲੋਕ ਮਰੇ ਸਨ ਤੇ 2015 ਵਿੱਚ 90 ਲੱਖ। ਹੁਣ ਤੱਕ ਤਾਂ ਇਹ ਗਿਣਤੀ ਹੋਰ ਕਈ ਗੁਣਾ ਵਧ ਗਈ ਹੋਵੇਗੀ। ਏਸ਼ੀਆ ਅਤੇ ਅਫਰੀਕਾ ਸਭ ਤੋਂ ਵੱਧ ਪਲੀਤ ਮਹਾਂਦੀਪ ਹਨ।
ਭਾਰਤ ਵਿੱਚ ਪ੍ਰਦੂਸ਼ਣ ਫੈਲਾਉਣਾ ਮਾਣ ਦੀ ਗੱਲ ਸੋਚੀ ਜਾਂਦੀ ਹੈ। ਖੇਤਾਂ ਵਿੱਚ ਪਰਾਲੀ ਫੂਕੀ ਜਾਂਦੀ ਹੈ। ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਕਰੋੜਾਂ ਟਨ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਵਿੱਚ ਬਿਨਾਂ ਕਿਸੇ ਡਰ ਭੈਅ ਦੇ ਮਿਲਾਈਆਂ ਜਾ ਰਹੀਆਂ ਹਨ। ਸਾਡੇ ਬਹੁਤੇ ਤਿਉਹਾਰ ਸਿਵਾਏ ਪ੍ਰਦੂਸ਼ਣ ਫੈਲਾਉਣ ਤੋਂ ਹੋਰ ਕੁਝ ਨਹੀਂ ਕਰਦੇ। ਆਸਥਾ ਦੇ ਨਾਮ ‘ਤੇ ਰੋਜ਼ ਹਜ਼ਾਰਾਂ ਟਨ ਨਿੱਕੁਸੱਕ ਪਾਣੀ ਵਿੱਚ ਵਹਾਇਆ ਜਾਂਦਾ ਹੈ। ਅਦਾਲਤੀ ਹੁਕਮਾਂ ਦੇ ਬਾਵਜੂਦ ਲੋਕ ਦੀਵਾਲੀ ਮੌਕੇ ਰੱਜ ਕੇ ਪ੍ਰਦੂਸ਼ਣ ਫੈਲਾਉਂਦੇ ਹਨ। ਭਾਰਤ ਵਿੱਚ ਪ੍ਰਤੀ ਵਿਅਕਤੀ ਸਿਰਫ 28 ਦਰੱਖਤ ਹਨ, ਜਦੋਂ ਕਿ ਚੀਨ ਵਿੱਚ 102, ਅਮਰੀਕਾ ‘ਚ 716, ਬ੍ਰਾਜ਼ੀਲ ਵਿੱਚ 1494, ਰੂਸ 4500 ਅਤੇ ਕੈਨੇਡਾ ਵਿੱਚ 9000 ਪ੍ਰਤੀ ਵਿਅਕਤੀ ਦਰੱਖਤ ਹਨ। ਬਾਕੀ ਮੁਲਕਾਂ ਵਿੱਚ ਇਹ ਪ੍ਰਤੀਸ਼ਤ ਹਰ ਸਾਲ ਵਧ ਰਹੀ ਹੈ, ਪਰ ਭਾਰਤ ਵਿੱਚ ਘਟੀ ਜਾ ਰਹੀ ਹੈ। ਆਕਸੀਜਨ ਕਿਥੋਂ ਆਵੇਗੀ? ਬੂਟੇ ਕੋਈ ਲਾ ਕੇ ਰਾਜ਼ੀ ਨਹੀਂ, ਪਰ ਹਵਾ ਸਾਫ ਚਾਹੀਦੀ ਹੈ। ਅਸੀਂ ਜਿਸ ਬੇਰਹਿਮੀ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਜਾਪਦਾ ਹੈ ਕਿ 100 ਸਾਲ ਬਾਅਦ ਆਉਣ ਵਾਲੀਆਂ ਨਸਲਾਂ ਲਈ ਕੁਝ ਨਹੀਂ ਬਚਣਾ। ਸਭ ਤੋਂ ਵੱਧ ਬੇਕਿਰਕੀ ਨਾਲ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਪਾਣੀ ਕੁਦਰਤ ਦੀ ਅਣਮੋਲ ਦਾਤ ਹੈ, ਪਰ ਇਸ ਨੂੰ ਮੁਫਤ ਸਮਝ ਕੇ ਅੰਨ੍ਹੇਵਾਹ ਵਰਤਦੇ ਹਾਂ ਤੇ ਬਚਿਆ ਹੋਇਆ ਪ੍ਰਦੂਸ਼ਿਤ ਕਰਕੇ ਕਿਸੇ ਕੰਮ ਦਾ ਨਹੀਂ ਛੱਡਦੇ।
ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ 2025 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾ। ਫੈਕਟਰੀਆਂ, ਵਧਦੀ ਆਬਾਦੀ ਤੇ ਪਾਣੀ ਹੜੱਪਣ ਵਾਲੀਆਂ ਫਸਲਾਂ ਕਾਰਨ ਪਾਣੀ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ। ਪੰਜਾਬ ਦੇ ਅਨੇਕਾਂ ਜ਼ਿਲੇ ਬਲੈਕ ਜ਼ੋਨ ਵਿੱਚ ਆ ਗਏ ਹਨ। ਛੱਪੜ ਟੋਭੇ ਖਤਮ ਹੋਣ ਨਾਲ ਅਣਸੋਧਿਆ ਪ੍ਰਦੂਸ਼ਤ ਪਾਣੀ ਬਰਸਾਤੀ ਡਰੇਨਾਂ ਵਿੱਚ ਪਾਇਆ ਜਾ ਰਿਹਾ ਹੈ ਜੋ ਅੱਗੇ ਨਦੀਆਂ ਦਰਅਿਾਵਾਂ ਵਿੱਚ ਜਾ ਪੈਦਾ ਹੈ। ਹਿਮਾਚਲ ਵਾਲੇ ਆਪਣਾ ਜ਼ਹਿਰੀਲਾ ਪਾਣੀ ਪੰਜਾਬ ਵੱਲ ਧੱਕੀ ਜਾ ਰਹੇ ਹਨ ਤੇ ਪੰਜਾਬ ਵਾਲੇ ਹਰਿਆਣੇ-ਰਾਜਸਥਾਨ ਨੂੰ।
ਲੋਕਾਂ ਨੂੰ ਰੱਬ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਅੱਜ ਕੱਲ੍ਹ ਪਹਿਲਾਂ ਵਰਗੀਆਂ ਬਾਰਿਸ਼ਾਂ ਨਹੀਂ ਹੁੰਦੀਆਂ, ਨਹੀਂ ਤਾਂ ਸਾਰਾ ਪੰਜਾਬ ਡੁੱਬ ਜਾਂਦਾ। ਪੰਜਾਹ ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਪਤਾ ਹੈ ਕਿਵੇਂ ਕਈ-ਕਈ ਦਿਨ ਦੀਆਂ ਝੜੀਆਂ ਲੱਗਦੀਆਂ ਸਨ। ਕਦੇ ਕਿਸੇ ਦਾ ਕੋਠਾ ਢਹਿ ਜਾਣਾ ਕਦੇ ਕਿਸੇ ਦਾ। ਅੱਜ ਕੱਲ੍ਹ ਜੇ ਕਦੇ ਦੋ ਘੰਟੇ ਭਰਵੀਂ ਬਰਸਾਤ ਹੋ ਜਾਵੇ ਤਾਂ ਸ਼ਹਿਰ ਨਰਕ ਦਾ ਨਮੂਨਾ ਬਣ ਜਾਂਦੇ ਹਨ। ਸੀਵਰ ਜਾਮ ਹੋਣ ਕਾਰਨ ਸਾਰੇ ਪਾਸੇ ਪਾਣੀ, ਗੰਦਗੀ ਅਤੇ ਚਿੱਕੜ ਫੈਲ ਜਾਂਦਾ ਹੈ। ਕੁਦਰਤ ਨਾਲ ਛੇੜਛਾੜ ਕਰਕੇ ਅੰਨੇ੍ਹਵਾਹ ਬਣਾਈਆਂ ਜਾ ਰਹੀਆਂ ਸੜਕਾਂ, ਰੇਲਵੇ ਲਾਈਨਾਂ, ਕਲੋਨੀਆਂ ਅਤੇ ਛੱਪੜਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੇ ਪਾਣੀ ਦੇ ਕੁਦਰਤੀ ਵਹਾਅ ਰੋਕ ਦਿੱਤੇ ਹਨ। ਇਨਸਾਨ ਨੇ ਨਦੀਆਂ ਨਾਲਿਆਂ ਦੇ ਰਸਤਿਆਂ ਵਿੱਚ ਇਮਾਰਤਾਂ ਖੜੀਆਂ ਕਰਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ।
ਪਾਣੀ ਦੀ ਕਮੀ ਕਾਰਨ ਸਿੰਧੂ ਘਾਟੀ ਵਰਗੀਆਂ ਕਈ ਸੱਭਿਆਤਾਵਾਂ ਗਰਕ ਹੋਈਆਂ ਹਨ। ਬਾਦਸ਼ਾਹ ਅਕਬਰ ਨੂੰ ਪਾਣੀ ਦੀ ਕਮੀ ਕਾਰਨ ਫਤਹਿਪੁਰ ਸੀਕਰੀ ਵਰਗਾ ਰੀਝਾਂ ਨਾਲ ਵਸਾਇਆ ਸ਼ਹਿਰ ਛੱਡਣਾ ਪਿਆ ਸੀ। ਪਾਣੀ ਦੀ ਸੰਭਾਲ ਵੱਲ ਕਿਸੇ ਦਾ ਧਿਆਨ ਨਹੀਂ। ਘਰਾਂ ਤੇ ਜਨਤਕ ਥਾਵਾਂ ਦੀਆਂ ਟੂਟੀਆਂ ਪਾਣੀ ਆਉਣ ‘ਤੇ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ। ਕੋਈ ਵਿਰਲਾ ਹੀ ਚੱਲਦੀ ਸਰਕਾਰੀ ਟੂਟੀ ਬੰਦ ਕਰਨ ਦਾ ਕਸ਼ਟ ਕਰਦਾ ਹੈ। ਵੱਡੇ ਸ਼ਹਿਰਾਂ ਦੇ ਪੜ੍ਹੇ ਲਿਖੇ ਅਤੇ ਸਿਆਣੇ ਲੋਕ ਸਵੇਰ ਤੋਂ ਕਾਰਾਂ ਅਤੇ ਘਰਾਂ ਦੇ ਵਿਹੜੇ ਧੋਣ ਲੱਗ ਜਾਂਦੇ ਹਨ। ਸਮਝਾਉਣ ਉਤੇ ਗਲ ਪੈਂਦੇ ਹਨ ਕਿ ਅਸੀਂ ਬਿੱਲ ਭਰਦੇ ਹਾਂ, ਜੋ ਮਰਜ਼ੀ ਕਰਾਂਗੇ। ਉਹ ਇਹ ਨਹੀਂ ਸਮਝਦੇ ਕਿ ਕੁਝ ਸਾਲ ਬਾਅਦ ਉਨ੍ਹਾਂ ਦੀ ਔਲਾਦ ਨੂੰ ਮੂੰਹ ਧੋਣ ਲਈ ਪਾਣੀ ਨਹੀਂ ਲੱਭਣਾ। ਜੇ ਕਰੋੜਾਂ ਰੁਪਏ ਖਰਚ ਕੇ ਬਹੁਮੰਜ਼ਿਲਾ ਇਮਾਰਤਾਂ ਵਿੱਚ ਖਰੀਦੇ ਸ਼ਾਨਦਾਰ ਅਪਰਾਟਮੈਂਟ ਵਿੱਚ ਪਾਣੀ ਨਾ ਪਹੁੰਚੇ ਤਾਂ ਸੋਚੋ ਕੀ ਹਾਲ ਹੋਵੇਗਾ? ਹਵਾ ਬੁਰੀ ਤਰ੍ਹਾਂ ਪਲੀਤ ਹੋ ਚੁੱਕੀ ਹੈ। ਰੋਜ਼ ਅਨੇਕਾਂ ਦਰੱਖਤ ਵਿਕਾਸ ਦੀ ਭੇਂਟ ਚੜ੍ਹ ਜਾਂਦੇ ਹਨ। ਵਣ ਮਹਾਂਉਤਸਵ ਵੇਲੇ ਲੀਡਰਾਂ ਵੱਲੋਂ ਫੋਟੋਆਂ ਖਿਚਾਉਣ ਲਈ ਲੱਖਾਂ ਪੌਦੇ ਲਾਏ ਜਾਂਦੇ ਹਨ। ਫੋਟੋਆਂ ਖਿਚਵਾ ਕੇ ਲੋਕ ਘਰਾਂ ਨੂੰ ਤੁਰ ਜਾਂਦੇ ਹਨ ਤੇ ਪੌਦੇ ਨੂੰ ਆਵਾਰਾ ਪਸ਼ੂ ਖਾ ਜਾਂਦੇ ਹਨ। ਸਾਲ ਵਿੱਚ 100 ਪੌਦਾ ਵੀ ਦਰੱਖਤ ਨਹੀਂ ਬਣਦਾ। ਨਾ ਕੋਈ ਸਾਂਭ ਸੰਭਾਲ ਕਰਦਾ ਤੇ ਨਾ ਪਾਣੀ ਪਾਉਂਦਾ ਹੈ। ਹਵਾ ਪਾਣੀ ਨੂੰ ਸਭ ਤੋਂ ਵੱਧ ਪ੍ਰਦੂਸਿਤ ਅਮੀਰਾਂ ਦੀਆਂ ਫੈਕਟਰੀਆਂ ਕਰਦੀਆਂ ਹਨ। ਧਨਾਢ ਆਪਣੇ ਬੱਚਿਆਂ ਨੂੰ ਪਾਣੀ ਆਰ ਓ ਦਾ ਪਿਆ ਲੈਣਗੇ, ਪਰ ਸਾਹ ਲੈਣ ਲਈ ਸਾਫ ਹਵਾ ਕਿੱਥੋਂ ਲਿਆਉਣਗੇ? ਅਮੀਰ ਜਾਂ ਗਰੀਬ, ਇਕੋ ਗੰਦੀ ਹਵਾ ਵਿੱਚ ਸਾਹ ਲੈਣਾ ਪੈਂਦਾ ਹੈ। ਸ਼ਹਿਰੀ ਭਾਰਤੀਆਂ ਦੇ ਫੇਫੜੇ ਪ੍ਰਦੂਸ਼ਣ ਕਾਰਨ ਸਿਗਰਟ ਪੀਣ ਵਾਲਿਆਂ ਨਾਲੋਂ ਵੀ ਜ਼ਿਆਦਾ ਕਾਲੇ ਹੋਏ ਪਏ ਹਨ।
ਖਗੋਲ ਸ਼ਾਸਤਰੀਆਂ ਨੂੰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਕੋਈ ਅਜਿਹਾ ਗ੍ਰਹਿ ਨਹੀਂ ਲੱਭਿਆ, ਜਿਸ ‘ਤੇ ਜ਼ਿੰਦਗੀ ਸੰਭਵ ਹੋਵੇ। ਇਨਸਾਨ ਨੇ ਵਿਕਾਸ ਦੀ ਅੰਨ੍ਹੀ ਦੌੜ ਕਾਰਨ ਬ੍ਰਹਿਮੰਡ ਵਿੱਚ ਰਹਿਣ ਯੋਗ ਇਕੋ ਇਕ ਗ੍ਰਹਿ ਧਰਤੀ ਦਾ ਬੁਰਾ ਹਾਲ ਕਰ ਦਿੱਤਾ ਹੈ। ਵਿਗਿਆਨੀ ਕਹਿੰਦੇ ਹਨ ਕਿ ਜੇ ਕੀੜੇ ਪਤੰਗੇ ਖਤਮ ਹੋ ਜਾਣ ਤਾਂ 100 ਸਾਲ ਵਿੱਚ ਧਰਤੀ ਤੋਂ ਜ਼ਿੰਦਗੀ ਖਤਮ ਹੋ ਜਾਵੇਗੀ, ਪਰ ਜੇ ਇਨਸਾਨ ਖਤਮ ਹੋ ਜਾਣ ਤਾਂ ਸਿਰਫ 50 ਸਾਲ ਵਿੱਚ ਦੁਨੀਆ ਹਜ਼ਾਰਾਂ ਸਾਲ ਪਹਿਲਾਂ ਵਰਗੀ ਹਰੀ ਭਰੀ ਅਤੇ ਆਕਸੀਜਨ ਨਾਲ ਭਰਪੂਰ ਹੋ ਜਾਵੇਗੀ। ਇਸ ਲਈ ਅਜੇ ਵੀ ਸੰਭਲਣ ਦਾ ਮੌਕਾ ਹੈ। ਜੇ ਇਕ ਭਾਰਤੀ ਸਾਲ ਵਿੱਚ ਇਕ ਪੌਦਾ ਵੀ ਲਾ ਕੇ ਪਾਲ ਦੋਵੇਂ ਤਾਂ ਹਰ ਸਾਲ 130 ਕਰੋੜ ਪੌਦੇ ਤਾਂ ਲੱਗ ਹੀ ਜਾਣਗੇ। ਇਹ ਹੰਭਲਾ ਆਪਾਂ ਨੂੰ ਹੀ ਮਾਰਨਾ ਪੈਣਾ ਹੈ। ਹਰੇਕ ਕੰਮ ਲਈ ਸਰਕਾਰਾਂ ਵੱਲ ਵੇਖਣਾ ਠੀਕ ਨਹੀਂ ਹੈ।