ਵਰਲਡ ਰਿਕਾਰਡ ਇੰਡਿਆ ਦੇ ਇੰਟਰਨੈਸ਼ਨਲ ਸਮਾਗਮ ਵਿੱਚ ਡਾ. ਸਰੂਪ ਸਿੰਘ ਅਲੱਗ ਜੀਨੀਅਸ ਐਵਾਰਡ ਨਾਲ ਸਨਮਾਨਿਤ

ਸਿੱਖ ਕੋਮ ਦੇ ਪ੍ਰਸਿੱਧ ਵਿਦਵਾਨ ਨਾਮਵਰ ਵਕਤਾ ਡਾ. ਸਰੂਪ ਸਿੰਘ ਅਲੱਗ ਦੀਆਂ ਉਮਰ ਭਰ ਦੀਆਂ ਨਿਸ਼ਕਾਮ ਕੌਮੀ ਸੇਵਾਵਾਂ ਦੀ ਸ਼ਲਾਘਾ ਵਿੱਚ ਵਰਲਡ ਰਿਕਾਰਡ ਇੰਡਿਆ ਸੋਸਾਇਟੀ ਅਹਮਦਾਬਾਦ ਦੇ ਸਲਾਨਾ ਇੰਟਰਨੈਸ਼ਨਲ ਸਮਾਗਮ ਵਿੱਚ ਡਾ. ਅਲੱਗ ਨੂੰ ਜੀਨੀਅਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਾਲ ਇੱਕਠ ਵਿੱਚ ਡਾ. ਅਲੱਗ ਸਬੰਧੀ ਚਾਨਣਾ ਪਾਉਂਦੇ ਹੋਏ ਉਹਨਾਂ ਦੀਆਂ ਵਿਲੱਖਣ ਕੌਮੀ ਸੇਵਾਵਾਂ ਤੇ 105 ਕਿਸਮ ਦੀਆਂ ਆਤਮਾ ਨੂੰ ਹੁਲਾਰਾ ਦੇਣ ਵਾਲੀਆਂ ਅਤੇ ਜੀਵਨ ਨੂੰ ਸੰਤੋਖ ਬਖਸ਼ਣ ਵਾਲੀਆਂ ਪੁਸਤਕਾਂ ਦਾ ਰਚੇਤਾ ਹੋਣ ਦਾ ਅਤੇ ਉਹਨਾਂ ਨੂੰ ਮੁਫਤ ਵੰਡਣ ਦਾ ਗੌਰਵਮਈ ਮਾਣ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਡਾ. ਅਲੱਗ ਦੀਆਂ ਇਹਨਾਂ ਪੁਸਤਕਾਂ ਵਿੱਚੋਂ ਕੁਝ ਪੁਸਤਕਾਂ ਐਸੀਆਂ ਵੀ ਹਨ ਜਿਹਨਾਂ ਨੇ ਕਈ ਇੰਟਰਨੈਸ਼ਨਲ ਰਿਕਾਰਡ ਆਪਣੀ ਝੋਲੀ ਵਿੱਚ ਪਾਏ ਹਨ। ਜਦੋਂ ਸਟੇਜ ਤੋਂ ਇਹ ਅਨਾਊਂਸ ਕੀਤਾ ਗਿਆ ਕਿ ਡਾ. ਅਲੱਗ ਹੁਣ ਤਕ ਲਗਪਗ 50 ਲੱਖ ਡੀਲਕਸ ਪੁਸਤਕਾਂ ਨੂੰ ਸਾਰੇ ਸੰਸਾਰ ਵਿੱਚ ਸ਼ਬਦ ਦੇ ਲੰਗਰ ਵਾਂਗ ਮੁਫਤ ਵੰਡ ਚੁੱਕੇ ਹਨ ਤਾਂ ਹਾਲ ਵਿੱਚ ਸਜ਼ੀ ਸਾਰੀ ਸੰਗਤ ਨੇ ਭਰਪੂਰ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ।
ਇਹ ਸਨਮਾਨ ਗ੍ਰਹਿਣ ਕਰਨ ਵਾਲੇ ਡਾ. ਸਰੂਪ ਸਿੰਘ ਅਲੱਗ ਪਹਿਲੇ ਸਭ ਤੋਂ ਵਧ ਉਮਰ ਵਾਲੇ ਬਜੁਰਗ ਸਿੱਖ ਲਿਖਾਰੀ ਹਨ। ਅਸਵਸਥ ਹੋਣ ਕਾਰਣ ਉਹਨਾਂ ਦਾ ਇਹ ਸਨਮਾਨ ਉਹਨਾਂ ਦੇ ਬੇਟਿਆਂ ਡਾ. ਰਮਿੰਦਰ ਦੀਪ ਸਿੰਘ ਅਲੱਗ, ਸੁਖਿੰਦਰ ਪਾਲ ਸਿੰਘ ਅਲੱਗ ਨੇ ਪ੍ਰਾਪਤ ਕੀਤਾ ਅਤੇ ਇਸ ਮੌਕੇ ਡਾ. ਰਮਿੰਦਰ ਦੀਪ ਸਿੰਘ ਅਲੱਗ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਇਸ ਗੱਲ ਤੇ ਰੌਸ਼ਨੀ ਪਾਈ ਕਿ ਡਾ. ਅਲੱਗ ਦੀ ਬਿਮਾਰੀ ਦੇ ਬਾਵਜੂਦ ਵੀ ਉਹਨਾਂ ਦਾ ਆਪਣੀ ਕਲਮੀ ਸੇਵਾ ਦਾ ਸੁਭਾਅ ਬਾਦਸਤੂਰ ਚੱਲ ਰਿਹਾ ਹੈ ਤੇ ਹੁਣੇ ਹੁਣੇ ਉਹਨਾਂ ਨੇ ਬਿਮਾਰੀ ਦੀ ਅਵਸਥਾ ਵਿੱਚ ਵੀ 3 ਕਿਤਾਬਾਂ ਧੰਨ ਨਾਨਕ ਤੇਰੀ ਵੱਡੀ ਕਮਾਈ ਪੰਜਾਬੀ, ਸਤਿਗੁਰ ਨਾਨਕ ਪ੍ਰਗਟਿਆ ਹਿੰਦੀ ਅਤੇ ਗੁਰ ਨਾਨਕ ਦਾ ਮਾਸਟਰ ਡੀਵਾਇਨ ਅੰਗਰੇਜ਼ੀ ਵਿੱਚ ਮਨੁੱਖਤਾ ਦੀ ਝੋਲੀ ਪਾਕੇ ਮਾਨਵਤਾ ਦਾ ਮਾਣ ਵਧਾਇਆ ਹੈ।