ਵਰਣਿਕਾ ਦੇ ਪਿਤਾ ਨੇ ਕਿਹਾ: ਘਟਨਾ ਵਾਲੀ ਰਾਤ ਦੋਸ਼ੀ ਦੇ ਬਾਪ ਦਾ ਛੇ ਵਾਰ ਫੋਨ ਆਇਆ ਸੀ

vernika kundu
* ਰਾਜ਼ੀਨਾਮੇ ਲਈ ਕਈ ਪਾਸਿਆਂ ਤੋਂ ਦਬਾਅ ਪਾਏ ਜਾਣ ਦਾ ਖੁਲਾਸਾ
ਚੰਡੀਗੜ੍ਹ, 9 ਅਗਸਤ, (ਪੋਸਟ ਬਿਊਰੋ)- ਚੰਡੀਗੜ੍ਹ ਦੇ ਬਹੁ-ਚਰਚਿਤ ਛੇੜਛਾੜ ਕੇਸ ਵਿਚ ਪੀੜਤਾ ਕੁੜੀ ਵਰਣਿਕਾ ਦੇ ਪਿਤਾ ਅਤੇ ਸੀਨੀਅਰ ਆਈ ਏ ਐੱਸ ਅਫਸਰ ਵੀ ਐੱਸ ਕੁੰਡੂ ਨੇ ਭੇਦ ਖੋਲ੍ਹਿਆ ਹੈ ਕਿ ਘਟਨਾ ਵਾਲੀ ਰਾਤ ਉਨ੍ਹਾਂ ਨੂੰ ਮੁੱਖ ਦੋਸ਼ੀ ਵਿਕਾਸ ਬਰਾਲਾ ਦੇ ਪਿਤਾ ਅਤੇ ਹਰਿਆਣਾ ਰਾਜ ਦੀ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ 6 ਵਾਰ ਫੋਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾ ਨੇ ਸੁਭਾਸ਼ ਬਰਾਲਾ ਦਾ ਫੋਨ ਨਹੀਂ ਚੁੱਕਿਆ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਉੱਤੇ ਦਬਾਅ ਬਣਾਇਆ ਜਾ ਸਕਦਾ ਹੈ। ਕੁੰਡੂ ਨੇ ਪੁਲਸ ਉੱਤੇ ਇਨਸਾਫ ਕਰਨ ਦੀ ਆਸ ਵੀ ਪ੍ਰਗਟ ਕੀਤੀ ਹੈ, ਪਰ ਨਾਲ ਹੀ ਉਸ ਉੱਤੇ ਕਈ ਪੱਖਾਂ ਤੋਂ ਗੁੰਮਰਾਹ ਕਰਨ ਦਾ ਵੀ ਦੋਸ਼ ਲਾਇਆ ਹੈ।
ਵੀ ਐੱਸ ਕੁੰਡੂ ਨੇ ਕਿਹਾ ਕਿ ਘਟਨਾ ਵਾਲੀ ਰਾਤ ਉਨ੍ਹਾ ਨੂੰ ਸੁਭਾਸ਼ ਬਰਾਲਾ ਦਾ 6 ਵਾਰ ਫੋਨ ਆਉਣ ਪਿੱਛੋਂ ਭਾਜਪਾ ਦੇ ਇਕ ਹੋਰ ਵੱਡੇ ਨੇਤਾ ਨੇ ਉਨ੍ਹਾਂ ਨੂੰ ਫੋਨ ਕਰ ਕੇ ਸਮਝੌਤੇ ਲਈ ਦਬਾਅ ਪਾਇਆ ਸੀ। ਉਨ੍ਹਾ ਦੇ ਦੱਸਣ ਮੁਤਾਬਕ ਉਕਤ ਭਾਜਪਾ ਨੇਤਾ ਵੀ ਕੁੰਡੂ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਉਨ੍ਹਾਂ ਨੇ ਹੀ ਦੱਸਿਆ ਸੀ ਕਿ ਦੋਸ਼ੀ ਸੁਭਾਸ਼ ਬਰਾਲਾ ਦਾ ਬੇਟਾ ਹੈ, ਇਸ ਲਈ ਉਹ ਸਮਝੌਤਾ ਕਰ ਲੈਣ। ਕੁੰਡੂ ਨੇ ਕਿਹਾ ਕਿ ਭਾਜਪਾ ਨੇਤਾ ਨੇ ਉਨ੍ਹਾਂ ਨੂੰ ਏਥੋਂ ਤੱਕ ਵੀ ਕਿਹਾ ਸੀ ਕਿ ਪੀੜਤ ਧਿਰ ਅਤੇ ਦੋਸ਼ੀ ਧਿਰ ਦੋਵੇਂ ਕਿਉਂਕਿ ਇਕੋ ਜਾਤੀ ਨਾਲ ਸੰਬੰਧਤ ਹਨ, ਇਸ ਲਈ ਉਨ੍ਹਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ, ਪਰ ਉਨ੍ਹਾਂ ਨੇ ਸਮਝੌਤੇ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਦੋਸ਼ੀ ਕਿਸ ਦਾ ਬੇਟਾ ਹੈ, ਇਸ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ, ਉਨ੍ਹਾਂ ਨੂੰ ਆਪਣੀ ਬੇਟੀ ਦੀ ਚਿੰਤਾ ਹੈ, ਉਸ ਨਾਲ ਗਲਤ ਵਿਹਾਰ ਕੀਤਾ ਗਿਆ ਹੈ, ਉਸਨੂੰ ਇਸ ਮਾਮਲੇ ਵਿਚ ਜ਼ਰੂਰ ਇਨਸਾਫ ਮਿਲਣਾ ਚਾਹੀਦਾ ਹੈ।
ਅੱਜ ਚੰਡੀਗੜ੍ਹ ਪੁਲੀਸ ਵੱਲੋਂ ਵਿਕਾਸ ਬਰਾਲਾ ਦੀ ਗ੍ਰਿਫਤਾਰੀ ਦਰਜ ਕੀਤੇ ਜਾਣ ਪਿੱਛੋਂ ਵਰਣਿਕਾ ਦੇ ਪਿਤਾ ਆਈ ਏ ਐਸ ਅਫਸਰ ਵੀ ਐਸ ਕੁੰਡੂ ਨੇ ਪੰਚਕੂਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਪੁਲੀਸ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ ਅਤੇ ਉਨ੍ਹਾਂ ਨੂੰ ਆਸ ਹੈ ਕਿ ਪੁਲੀਸ ਆਪਣਾ ਕੰਮ ਠੀਕ ਤਰੀਕੇ ਨਾਲ਼ ਕਰੇਗੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜਾਂਚ ਕੀਤੀ ਹੈ ਤਾਂ ਇਨਸਾਫ ਦਿਵਾਏਗੀ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਇਸ ਕੇਸ ਵਿੱਚ ਜੇ ਕਿਤੇ ਕੁਤਾਹੀ ਰਹੀ ਵੀ ਹੋਵੇ ਤਾਂ ਉਹ ਸਾਰਾ ਕੁਝ ਸੰਬੰਧਤ ਲੋਕਾਂ ਕਰ ਕੇ ਹੋਇਆ ਹੈ, ਸਿਸਟਮ ਕਰ ਕੇ ਨਹੀਂ।