ਵਰਜੀਨੀਆ ਵਿੱਚ ਵਿਵਾਦ ਵਾਲੇ ਗ੍ਰੰਥੀ ਸਿੰਘ ਉੱਤੇ ਜਾਨ ਲੇਵਾ ਹਮਲਾ


ਵਰਜੀਨੀਆ, 13 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਸੂਬੇ ਵਰਜੀਨੀਆ ਦੇ ਇਲਾਕੇ ਵਿਚ ਗੁਰਦੁਆਰੇ ਦੇ ਇਕ ਹੈੱਡ ਗਰੰਥੀ ਕੁਲਦੀਪ ਸਿੰਘ, ਜਿਹੜੇ ਮਈ 2016 ਤੋਂ ਵਿਵਾਦਾਂ ਵਿਚ ਘਿਰੇ ਹੋਏ ਹਨ, ਉੱਤੇ ਬੀਤੇ ਦਿਨ ਜਾਨਲੇਵਾ ਹਮਲਾ ਹੋਇਆ ਹੈ। ਇਸ ਬਾਰੇ ਕਈ ਗੱਲਾਂ ਸੁਣੀਆਂ ਜਾ ਰਹੀਆਂ ਹਨ।
ਵਰਨਣ ਯੋਗ ਹੈ ਕਿ ਇਸ ਗ੍ਰੰਥੀ ਸਿੰਘ ਵੱਲੋਂ ਸਾਲ 2016 ਵਿਚ ਤਿੰਨ ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਾਉਣ ਕਰਕੇ ਅਤੇ ਸਿੱਖੀ ਮਰਿਆਦਾ ਤੋੜਨ ਕਾਰਨ ਈਸਟ ਕੋਸਟ ਦੇ 30 ਦੇ ਕਰੀਬ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਇਸ ਦਾ ਵਿਰੋਧ ਕੀਤਾ ਸੀਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸਿੱਖੀ ਮਰਿਆਦਾ ਨੂੰ ਭੰਗ ਕਰਨ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਹ ਹੱਠੀ ਰਵੱਈਏ ਉੱਤੇ ਅੜੇ ਰਹੇ ਤੇ ਪੇਸ਼ ਨਹੀਂ ਸੀ ਹੋਏ, ਜਿਸ ਕਰਕੇ ਸਥਾਨਕ ਗੁਰੂ ਘਰਾਂ ਦੇ ਵਿਰੋਧ ਤੋਂ ਬਾਅਦ ਵੀ ਮੁਆਫੀਨਾਮਾ ਦੀ ਸ਼ਰਤ ਰੱਖਣ ਉੱਤੇ ਉਹ ਟੱਸ ਤੋਂ ਮੱਸ ਨਹੀਂ ਹੋਏ।
ਕੱਲ੍ਹ ਸਵੇਰੇ 5 ਵਜੇ ਦੇ ਕਰੀਬ ਇਕ ਕਾਲੇ ਰੰਗ ਦਾ ਟਰੱਕ ਕੁਝ ਦੂਰੀ ਉੱਤੇ ਖੜ੍ਹਾ ਗ੍ਰੰਥੀ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਗ੍ਰੰਥੀ 5 ਵਜੇ ਸਵੇਰੇ ਘਰੋਂ ਨਿਕਲੇ ਤੇ ਆਪਣੀ ਕਾਰ ਨੂੰ ਗੈਰਾਜ ਵਿਚੋਂ ਕੱਢਿਆ ਤਾਂ ਟਰੱਕ ਪਾਰਕਿੰਗ ਵਿਚੋਂ ਬਾਹਰ ਨਿਕਲਿਆ ਅਤੇ ਸਟਾਪ ਸਾਈਨ ਉੱਤੇ ਗੱਡੀ ਦੇ ਰੁਕਦੇ ਸਾਰ ਟਰੱਕ ਸਵਾਰਾਂ ਨੇ ਦੋਵੇਂ ਪਾਸਿਓਂ ਫਾਇਰਿੰਗ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ 7 ਦੇ ਕਰੀਬ ਫਾਇਰ ਹੋਏ। ਗਿਆਨੀ ਕੁਲਦੀਪ ਸਿੰਘ ਇਸ ਹਮਲੇ ਵਿਚ ਵਾਲ-ਵਾਲ ਬੱਚ ਗਏ। ਸੂਤਰਾਂ ਮੁਤਾਬਕ ਹਮਲਾਵਰ ਗ੍ਰੰਥੀ ਨੂੰ ਮਾਰਨ ਨਹੀਂ ਆਏ ਸਨ, ਉਹ ਸਿਰਫ ਉਨ੍ਹਾਂ ਨੂੰ ਡਰਾਉਣ ਆਏ ਸਨ ਤਾਂ ਜੋ ਉਹ ਆਪਣੇ ਕੀਤੇ ਗੁਨਾਹ ਨੂੰ ਸੁਧਾਰ ਲੈਣ।
ਇਸ ਮਾਮਲੇ ਵਿੱਚ ਗਰੰਥੀ ਕੁਲਦੀਪ ਸਿੰਘ ਦੀ ਕਿਸੇ ਆਪਣੀ ਸ਼ਰਾਰਤ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਇਸ ਬਾਰੇ ਪੁਲਸ ਨੇ ਖੁਦ ਇਸ ਗ੍ਰੰਥੀ ਬਾਰੇ ਪੁਰਾਣੀ ਅਤੇ ਹੁਣ ਦੀ ਜਾਂਚ ਦੀ ਜਾਣਕਾਰੀ ਵੀ ਇਕੱਠੀ ਕੀਤੀ ਹੈ, ਜਿਸ ਵਿਚ ਬਾਣੀ ਨਾਲ ਛੇੜ-ਛਾੜ ਦੀ ਵੀ ਗੱਲ ਹੈ। ਇਸ ਲਈ ਪੁਲਸ ਹੁਣ ਤਿੰਨ ਥਿਊਰੀਆਂ ਉੱਤੇ ਕੰਮ ਕਰ ਰਹੀ ਹੈ। ਆਰਥਿਕ ਮੰਦੀ, ਗ਼ੈਰ ਇਮੀਗ੍ਰੇਸ਼ਨ ਅਤੇ ਬਾਣੀ ਨਾਲ ਛੇੜ-ਛਾੜ ਦਾ ਹਠੀ ਵਿਹਾਰ। ਆਉਂਦੇ ਦਿਨਾਂ ਵਿਚ ਪਤਾ ਲੱਗੇਗਾ ਕਿ ਪੁਲਸ ਕਿਸ ਨਤੀਜੇ ਤੇ ਪਹੁੰਚਦੀ ਹੈ, ਕਿਉਂਕਿ ਟਰੱਕ ਦੀਆਂ ਤਸਵੀਰਾਂ ਅਤੇ ਤਿੰਨ ਵਿਅਕਤੀਆਂ ਦੀਆਂ ਤਸਵੀਰਾਂ ਗੁਆਂਢੀਆਂ ਦੇ ਘਰ ਬਾਹਰ ਲੱਗੇ ਕੈਮਰਿਆਂ ਵਿਚ ਕੈਦ ਸਨ, ਜੋ ਪੁਲਸ ਨੇ ਲੈ ਲਈਆ ਹਨ। ਹੁਣ ਪੁਲਸ ਦੀ ਨਜ਼ਰ ਗੁਰੂ ਘਰ ਉੱਤੇ ਟਿਕ ਗਈ ਹੈ ਕਿ ਅਜਿਹਾ ਕਾਰਾ ਗੁਰੂ ਘਰ ਵਿਚ ਨਾਂ ਵਾਪਰ ਜਾਵੇ ਅਤੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਹੋਈ ਹੈ।