‘ਵਰਜੀਨਿਟੀ ਟੈਸਟ’ ਵਿਰੁੱਧ ਇਕਜੁੱਟ ਹੋਏ ਕੰਜਰਭਾਟ ਭਾਈਚਾਰੇ ਦੇ ਨੌਜਵਾਨ

-ਡੀ ਅਲਕਾ
ਕੰਜਰਭਾਟ ਭਾਈਚਾਰੇ ਦੇ 35 ਨੌਜਵਾਨਾਂ ਨੇ ਮਿਲ ਕੇ ਉਸ ਪ੍ਰਾਚੀਨ ਬੁਰਾਈ ਵਿਰੁੱਧ ਲੜਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਜਾਤੀ ਪੰਚਾਇਤ ਦੇ ਮੈਂਬਰ ਯੁੱਗਾਂ ਪੁਰਾਣੇ ਨਿਯਮ ਨਵੀਂ ਲਾੜੀ ਨੂੰ ਸੁਹਾਗਰਾਤ ਤੋਂ ਪਹਿਲਾਂ ‘ਵਰਜੀਨਿਟੀ ਟੈਸਟ’ (ਕੁਆਰੀ ਹੋਣ ਦੀ ਪਰਖ) ਵਿੱਚੋਂ ਲੰਘਣ ਲਈ ਮਜਬੂਰ ਕਰਦੇ ਹਨ। ਜੇ ਉਹ ਇਸ ਟੈਸਟ ‘ਚ ਸਫਲ ਨਾ ਹੋ ਸਕੇ ਤਾਂ ਉਸ ਨੂੰ ਆਪਣੇ ਭਾਈਚਾਰੇ ਵਿੱਚ ਅਪਮਾਨ ਅਤੇ ਨਫਰਤ ਝੱਲਣੀ ਪੈਂਦੀ ਅਤੇ ਵਿਆਹ ਰੱਦ ਹੋ ਜਾਂਦਾ ਹੈ।
ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ (ਟਿੱਸ) ਦੇ 28 ਸਾਲਾ ਵਿਦਿਆਰਥੀ ਵਿਵੇਕ ਤਮਈਚਾਈਕਾਰ ਬਹੁਤ ਦਲੇਰੀ ਨਾਲ ਇਸ ਅੰਦੋਲਨ ਨੂੰ ਦਿਸ਼ਾ ਦੇ ਰਹੇ ਹਨ। ਇਹ ਅੰਦੋਲਨ ਹੁਣ ਵ੍ਹਟਸਐਪ ਵਰਗੇ ਸੋਸ਼ਲ ਮੰਚਾਂ ਤੱਕ ਫੈਲ ਚੁੱਕਾ ਹੈ ਅਤੇ ਕੰਜਰਭਾਟ ਭਾਈਚਾਰੇ ਦੇ ਕਈ ਨੌਜਵਾਨ ਇਸ ਦੇ ਸਮਰਥਨ ਵਿੱਚ ਉਤਰ ਆਏ ਹਨ। ਇਸ ਗਰੁੱਪ ਵਿੱਚ ਪੁਣੇ ਦੇ 21 ਸਾਲਾ ਸਿਧਾਂਤ ਵਰਗੇ ਨੌਜਵਾਨ ਵੀ ਸ਼ਾਮਲ ਹਨ, ਜਿਸ ਨੇ 24 ਦਸੰਬਰ ਨੂੰ ਪੁਣੇ ਵਿੱਚ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਸਿਰਫ ਇਸ ਲਈ ਕੀਤਾ ਕਿ ਭਵਿੱਖ ਦੀ ਦਿਸ਼ਾ ਤੈਅ ਕੀਤੀ ਜਦਾ ਸਕੇ। ਰੈਗੂਲੇਟਰੀ ਗਵਰਨੈਂਸ ਵਿੱਚ ਗ੍ਰੈਜੂਏਸ਼ਨ ਕਰ ਰਹੇ ਵਿਵੇਕ ਇਸ ਰਾਜ ਦੇ ਮਹਿਲਾ ਵਿਕਾਸ ਨਿਗਮ ਦੀ ਸਹਾਇਤਾ ਨਾਲ ਮਹਿਲਾ ਸ਼ਕਤੀਕਰਨ ਦੇ ਮੁੱਦੇ ‘ਤੇ ਆਪਣਾ ਥੀਸ਼ਿਸ ਤਿਆਰ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਭਵਿੱਖੀ ਪਤਨੀ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ, ਜਾਤੀ ਪੰਚਾਇਤ ਦੀ ਜਾਗੀਰਦਾਰੀ ਪ੍ਰਥਾ ਉਸ ‘ਚ ਦਖਲ ਨਾ ਦੇਵੇ।
ਵਿਵੇਕ ਦੀ ਮੰਗਣੀ ਹੋ ਚੁੱਕੀ ਹੈ ਤੇ ਉਹ ਵਿਆਹ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ‘‘ਦੀਵਾਲੀ ਦੇ ਮੌਕੇ ਮੈਨੂੰ ਆਪਣੇ ਪਰਵਾਰਕ ਮੈਂਬਰਾਂ ਨਾਲ ਝਗੜਾ ਕਰ ਕੇ ਉਨ੍ਹਾਂ ਨੂੰ ਇਸ ਗੱਲ ਲਈ ਮਨਾਉਣਾ ਪਿਆ ਕਿ ਲਾੜੀਆਂ ਦਾ ‘ਵਰਜੀਨਿਟੀ ਟੈਸਟ’ ਕਿਸੇ ਅਤਿਆਚਾਰ ਤੋਂ ਘੱਟ ਨਹੀਂ ਅਤੇ ਇਹ ਸਾਡੀ ਨਿੱਜਤਾ ਦੀ ਉਲੰਘਣਾ ਹੈ। ਮੈਂ ਆਪਣੇ ਪਰਵਾਰ ਵਾਲਿਆਂ ਨੂੰ ਦੋ-ਟੁੱਕ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਮੈਂ ਇਸ ਰਵਾਇਤ ਦੀ ਪਾਲਣਾ ਨਹੀਂ ਕਰਾਂਗਾ। ਖੁਦ ਲਈ ਆਵਾਜ਼ ਬੁਲੰਦ ਕਰਨ ਤੋਂ ਬਾਅਦ ਮੈਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਦੂਜਿਆਂ ਲਈ ਵੀ ਆਵਾਜ਼ ਉਠਾਉਣੀ ਪਵੇਗੀ। ਫਿਰ ਮੈਂ ਆਪਣੇ ਭਾਈਚਾਰੇ ਦੇ ਨੌਜਵਾਨਾਂ ਨਾਲ ਚਰਚਾ ਸ਼ੁਰੂ ਕਰ ਦਿੱਤੀ। ਜ਼ਿਆਦਾਤਰ ਇਸ ਪਰੰਪਰਾ ਦੇ ਵਿਰੁੱਧ ਹਨ, ਪਰ ਸਮਾਜਕ ਦਬਾਅ ਇੰਨਾ ਜ਼ਿਆਦਾ ਹੈ ਕਿ ਜਾਤੀ ਪੰਚਾਇਤ ਵਿਰੁੱਧ ਬੋਲਣ ਦੀ ਕੋਈ ਹਿੰਮਤ ਨਹੀਂ ਕਰਦਾ।”
ਸਿਧਾਂਤ ਵੀ ਵਿਵੇਕ ਵਾਂਗ ‘ਵਰਜੀਨਿਟੀ ਟੈਸਟ’ ਵਿਰੁੱਧ ਲੜ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ‘ਮੈਂ ਮਹਿਸੂਸ ਕਰਦਾ ਹਾਂ ਕਿ ਇਹ ਟੈਸਟ ਬੇਸ਼ੱਕ ਜ਼ਾਲਿਮਾਨਾ ਨਹੀਂ, ਤਾਂ ਵੀ ਨਵ-ਵਿਆਹੇ ਜੋੜੇ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਜ਼ਰੂਰ ਹੈ। ਜੇ ਅਸੀਂ ਇਸ ਵਿਰੁੱਧ ਨਹੀਂ ਬੋਲਦੇ ਤਾਂ ਇਹ ਰਵਾਇਤ ਕਦੇ ਖਤਮ ਨਹੀਂ ਹੋਵੇਗੀ।’
ਇਸ ਗਰੁੱਪ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਅੱਗੇ ਆਉਣ ਅਤੇ ਆਪਣੇ ਅਧਿਕਾਰਾਂ ਦੇ ਪੱਖ ਵਿੱਚ ਜੁੜਨ ਦਾ ਸੱਦਾ ਦਿੱਤਾ ਹੈ ਕਿਉਂਕਿ ਇਹ ਅਧਿਕਾਰ ਉਨ੍ਹਾਂ ਨੂੰ ਸੰਵਿਧਾਨ ਵੱਲੋਂ ਦਿੱਤੇ ਗਏ ਹਨ। ਬੀਤੇ ਜੂਨ ਮਹੀਨੇ ਕੰਜਰਭਾਟ ਭਾਈਚਾਰੇ ‘ਚ ਪ੍ਰਚੱਲਿਤ ਇਸ ਬੁਰਾਈ ਦਾ ‘ਮੁੰਬਈ ਮਿਰਰ’ ਰਸਾਲੇ ਨੇ ਪ੍ਰਮੁੱਖਤਾ ਨਾਲ ਖੁਲਾਸਾ ਕੀਤਾ ਤੇ ਇੱਕ ਮਾਮਲੇ ਦੀ ਮਿਸਾਲ ਦਿੱਤੀ ਸੀ, ਜਿਸ ‘ਚ ਅਹਿਮਦਨਗਰ ਜ਼ਿਲ੍ਹੇ ਵਿੱਚ ਇਸ ਭਾਈਚਾਰੇ ਦੀ ਜਾਤੀ ਪੰਚਾਇਤ ਨੇ ਪੁਲਸ ਵਿੱਚ ਭਰਤੀ ਹੋਣ ਦਾ ਸੁਫਨਾ ਦੇਖ ਰਹੀ ਇੱਕ 20 ਸਾਲਾ ਮੁਟਿਆਰ ਦਾ ਵਿਆਹ ਸਿਰਫ ਇਸ ਲਈ ਰੱਦ ਕਰ ਦਿੱਤਾ ਕਿ ਉਹ ‘ਵਰਜੀਨਿਟੀ ਟੈਸਟ’ ਵਿੱਚ ਪਾਸ ਨਹੀਂ ਹੋ ਸਕੀ। ਬਾਅਦ ਵਿੱਚ ਉਸ ਨੇ ਆਪਣੇ ਪਤੀ ਕੋਲ ਵਾਪਸ ਜਾਣ ਦਾ ਫੈਸਲਾ ਲਿਆ, ਪਰ ਪੁਲਸ ਕੋਲ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਸ ਨੂੰ ਡਰ ਸੀ ਕਿ ਏਦਾਂ ਕਰਨ ਨਾਲ ਉਸ ਦੇ ਭੈਣਾਂ-ਭਰਾਵਾਂ ਦੇ ਵਿਆਹ ਸੰਕਟ ਵਿੱਚ ਪੈ ਜਾਣਗੇ ਜਾਂ ਫਿਰ ਬਰਾਦਰੀ ਵੱਲੋਂ ਉਸ ਦੇ ਪਰਵਾਰ ਦਾ ਬਾਈਕਾਟ ਕੀਤਾ ਜਾ ਸਕਦਾ ਹੈ।