ਵਣਜ ਬਣਾਉਣ ਨੂੰ ਫਿਰਦੇ ਨੇ

-ਪ੍ਰੋ. ਕੁਲਵੰਤ ਸਿੰਘ ਔਜਲਾ

ਧੜਕਦੇ ਹੋਏ ਅੱਖਰਾਂ ਨੂੰ ਮੇਟਣ ਮਿਟਾਉਣ ਨੂੰ ਫਿਰਦੇ ਨੇ।
ਵੱਡੇ-ਵੱਡੇ ਢਿੱਡਾਂ ਵਿੱਚ ਸਭ ਕੁਝ ਪਾਉਣ ਨੂੰ ਫਿਰਦੇ ਨੇ।
ਕਿਸੇ ਕੋਲ ਬਾਈ, ਕਿਸੇ ਕੋਲ ਤੇਈ, ਕਿਸੇ ਕੋਲ ਚੌਵੀ ਮੰਜੀਆਂ,
ਸਿੱਕਾ ਨਾਮ ਆਪਣੇ ਦਾ ਹਰ ਹਾਲਤ ਚਲਾਉਣ ਨੂੰ ਫਿਰਦੇ ਨੇ।

ਬੇਅਦਬੀਆਂ, ਸ਼ਹੀਦੀਆਂ ਤੇ ਦੰਗਿਆਂ ਦੀ ਹਰ ਪਾਸੇ ਸਿਆਸਤ,
ਦੀਨ, ਈਮਾਨ ਅਤੇ ਗੈਰਤ ਵੇਚਣ ਵਿਕਵਾਉਣ ਨੂੰ ਫਿਰਦੇ ਨੇ।
ਬਹੁਤ ਚਤੁਰ ਹਨ ਨਾਨਕ ਨਾਮ ਲੇਵਾ ਦੁਕਾਨਾਂ ਦੇ ਮਾਲਕ,
ਗੁਟਕੇ, ਗੁੰਬਦਾਂ, ਗੋਲਕਾਂ ਨੂੰ ਵਣਜ ਬਣਾਉਣ ਨੂੰ ਫਿਰਦੇ ਨੇ।

ਕਿਸੇ ਕੋਲ ਚੈਨਲ, ਕਿਸੇ ਕੋਲ ਰੇਡੀਓ, ਕਿਸੇ ਕੋਲ ਅਖਬਾਰ,
ਪਰਚਮ ਖੁਦੀ ਦਾ ਥਾਂ-ਥਾਂ ਲਹਿਰਾਉਣ ਨੂੰ ਫਿਰਦੇ ਨੇ।
ਅਕਸਰ ਖਹਿਬੜ ਪੈਂਦੇ ਨੇ ਡੇਰੇ, ਦੁਆਰੇ ਤੇ ਟਕਸਾਲਾਂ,
ਧੌਂਸ ਆਪੋ ਆਪਣੀ ਹਰ ਹੀਲੇ ਮਨਵਾਉਣ ਨੂੰ ਫਿਰਦੇ ਨੇ।

ਕਦੇ ਤਨਖਾਹਾਂ, ਕਦੇ ਹੁਕਮਨਾਮਿਆਂ, ਕਦੇ ਫੁਰਮਾਨਾਂ ਸਹਾਰੇ,
ਬਦੀਆਂ, ਬਦਨੀਤੀਆਂ, ਬੁਰਾਈਆਂ ਬਖਸ਼ਾਉਣ ਨੂੰ ਫਿਰਦੇ ਨੇ।
ਜਿਧਰ ਦੇਖੋ ਹਾਜ਼ਰੀਆਂ, ਹਜ਼ੂਰੀਆਂ ਤੇ ਹਜੂਮਾਂ ਦਾ ਹੜ੍ਹ,
ਖੁਦ ਨੂੰ ਖੁਦਾ ਤੋਂ ਵੀ ਵੱਡਾ ਅਖਵਾਉਣ ਨੂੰ ਫਿਰਦੇ ਨੇ।

ਦਿਖਾਵਿਆਂ, ਪਹਿਰਾਵਿਆਂ, ਛਲਾਵਿਆਂ ਦੇ ਯੁੱਗ ਵਿੱਚ,
ਲੋਕੀਂ ਭੇਖ ਨਾਲ ਭੇਖ ਟਕਰਾਉਣ ਨੂੰ ਫਿਰਦੇ ਨੇ।