ਵਣਜਾਰਾ

-ਚਰਨਜੀਤ ਨੌਹਰਾ

ਮਿਲੇ ਨਾ ਟਿਕਾਣਾ ਹਾਲੇ ਪਰ ਘੁੰਮ ਰਿਹਾ ਹਾਂ।
ਮੈਂ ਵਣਜਾਰਾ ਮੋਢੇ ‘ਤੇ ਲੈ ਘਰ ਘੁੰਮ ਰਿਹਾ ਹਾਂ।

ਇਕ ਉਡਾਣ ਕੀ ਭਰ ਲਈ ਮੈਂ ਉਲਟ ਹਵਾ ਦੇ,
ਹੁਣ ਲੈ ਕੇ ਆਪਣੇ ਜ਼ਖਮੀ ਪਰ ਘੁੰਮ ਰਿਹਾ ਹਾਂ।

ਜਾਣੂ ਹਾਂ ਕਿ ਸੱਚ ਦੀ ਖਾਤਰ ਸਿਰ ਦੇਣਾ ਪੈਂਦਾ,
ਕੱਫਣ ਵਿੱਚ ਲੈ ਆਪਣਾ ਸਿਰ ਘੁੰਮ ਰਿਹਾ ਹਾਂ।

ਪੀੜਾਂ ‘ਚ ਸ਼ੁਮਾਰ ਹੁੰਦੀ ਰਹੀ ਇਕ ਹੋਰ ਪੀੜ,
ਦਿਲ ‘ਚ ਭਰ ਕੇ ਇਕ ਸਬਰ ਘੁੰਮ ਰਿਹਾ ਹਾਂ।

ਨੌਹਰੇ ਦੇ ਮਨ ‘ਚ ਤੂੰ ਹੀ ਸਦਾ ਵੱਸਦਾ ਰਿਹਾ,
ਤੇਰੀ ਮਿਹਰ ਦਾ ਲੈ ਕੇ ਅਸਰ ਘੁੰਮ ਰਿਹਾ ਹਾਂ।