ਵਕਫ ਬੋਰਡ ਦਾ ਦਾਅਵਾ: ਸ਼ਾਹ ਜਹਾਨ ਨੇ ਤਾਜ ਮਹਿਲ ਦਾ ਵਕਫਨਾਮਾ ਸਾਡੇ ਪੱਖ ਵਿੱਚ ਕੀਤਾ ਸੀ


* ਸੁਪਰੀਮ ਕੋਰਟ ਨੇ ਕਿਹਾ : ਸ਼ਾਹ ਜਹਾਨ ਦੇ ਦਸਤਖਤ ਦਿਖਾਓ
ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਤਾਜ ਮਹਿਲ ਉੱਤੇ ਮਾਲਕੀ ਹੱਕ ਜਤਾਉਂਦੇ ਹੋਏ ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ ਨੇ ਕੱਲ੍ਹ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਕਿ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨੇ ਬੋਰਡ ਦੇ ਹੱਕ ਵਿੱਚ ਇਸ ਦਾ ਵਕਫਨਾਮਾ ਕੀਤਾ ਸੀ। ਇਸ ਉੱਤੇ ਸੁਪਰੀਮ ਕੋਰਟ ਨੇ ਸਬੂਤ ਵਜੋਂ ਸ਼ਾਹ ਜਹਾਨ ਦੇ ਦਸਤਖਤ ਵਾਲੇ ਦਸਤਾਵੇਜ਼ ਦਿਖਾਉਣ ਲਈ ਕਿਹਾ। ਹੁਣ ਬੋਰਡ ਨੂੰ ਇੱਕ ਹਫਤੇ ਵਿੱਚ ਇਹ ਦਸਤਾਵੇਜ਼ ਪੇਸ਼ ਕਰਨੇ ਹੋਣਗੇ।
ਵਰਨਣ ਯੋਗ ਹੈ ਕਿ ਤਾਜ ਮਹਿਲ ਉੱਤੇ ਹੱਕ ਦੇ ਲਈ ਸੁੰਨੀ ਵਕਫ ਬੋਰਡ ਅਤੇ ਆਰਕਿਓਲਾਜੀਕਲ ਸਰਵੇ ਆਫ ਇੰਡੀਆ (ਏ ਐੱਸ ਆਈ) ਦਾ ਝਗੜਾ ਚੱਲ ਰਿਹਾ ਹੈ। ਬੋਰਡ ਨੇ ਜੁਲਾਈ 2005 ਵਿੱਚ ਇੱਕ ਹੁਕਮ ਜਾਰੀ ਕਰ ਕੇ ਤਾਜ ਮਹਿਲ ਨੂੰ ਆਪਣੀ ਪ੍ਰਾਪਰਟੀ ਵਜੋਂ ਰਜਿਸਟਰ ਕਰਨ ਲਈ ਕਿਹਾ ਸੀ। ਏ ਐੱਸ ਆਈ ਨੇ ਇਸ ਦੇ ਖਿਲਾਫ 2010 ਵਿੱਚ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ। ਕੋਰਟ ਨੇ ਬੋਰਡ ਦੇ ਫੈਸਲੇ ‘ਤੇ ਸਟੇਅ ਲਾ ਦਿੱਤਾ ਸੀ। ਬੋਰਡ ਵੱਲੋਂ ਪੇਸ਼ ਹੋਏ ਐਡਵੋਕੇਟ ਵੀ ਵੀ ਗਿਰੀ ਨੇ ਕਿਹਾ ਕਿ ਬੋਰਡ ਦੇ ਹੱਕ ਵਿੱਚ ਸ਼ਾਹ ਜਹਾਨ ਨੇ ਤਾਜ ਮਹਿਲ ਦਾ ਵਕਫਨਾਮਾ ਬਣਾਇਆ ਸੀ। ਅਦਾਲਤ ਨੇ ਕਿਹਾ ਕਿ ਤੁਸੀਂ ਆਪਣੇ ਸ਼ਾਹ ਜਹਾਨ ਦੇ ਦਸਤਖਤ ਵਾਲੇ ਦਸਤਾਵੇਜ਼ ਦਿਖਾਓ। ਗਿਰੀ ਦੀ ਅਪੀਲ ‘ਤੇ ਕੋਰਟ ਨੇ ਇੱਕ ਹਫਤੇ ਦੀ ਮੋਹਲਤ ਦੇ ਦਿੱਤੀ। ਚੀਫ ਜਸਟਿਸ ਨੇ ਉਨ੍ਹਾਂ ਤੋਂ ਕੁਝ ਸਵਾਲ ਵੀ ਕੀਤੇ। ਉਨ੍ਹਾਂ ਨੇ ਕਿਹਾ, ‘ਸ਼ਾਹ ਜਹਾਨ ਨੇ ਵਕਫਨਾਮੇ ‘ਤੇ ਦਸਤਖਤ ਕਿਵੇਂ ਕੀਤੇ? ਉਹ ਤਾਂ ਜੇਲ੍ਹ ਵਿੱਚ ਬੰਦ ਸੀ। ਉਹ ਹਿਰਾਸਤ ‘ਚੋਂ ਤਾਜ ਮਹਿਲ ਦੇਖਦੇ ਸਨ?’
ਵਰਨਣ ਯੋਗ ਹੈ ਕਿ ਵਿਰਾਸਤ ਦੀ ਲੜਾਈ ਦੇ ਕਾਰਨ ਸ਼ਾਹ ਜਹਾਨ ਦੇ ਬੇਟੇ ਔਰੰਗਜੇਬ ਨੇ ਜੁਲਾਈ 1658 ਨੂੰ ਉਨ੍ਹਾਂ ਨੂੰ ਆਗਰਾ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ।