ਲੰਮੀ-ਚੌੜੀ ਪੁੱਛਗਿੱਛ ਮਗਰੋਂ ਚੰਡੀਗੜ੍ਹ ਪੁਲਸ ਨੇ ਵਿਕਾਸ ਬਰਾਲਾ ਦੀ ਗ੍ਰਿਫ਼ਤਾਰੀ ਪਾਈ

vikas barala
ਚੰਡੀਗੜ੍ਹ, 9 ਅਗਸਤ, (ਪੋਸਟ ਬਿਊਰੋ)- ਹਰਿਆਣਾ ਰਾਜ ਨਾਲ ਸੰਬੰਧਤ ਇਕ ਆਈ ਏ ਐਸ ਅਫਸਰ ਦੀ ਬੇਟੀ ਦੀ ਕਾਰ ਅੱਧੀ ਰਾਤ ਰਸਤੇ ਵਿੱਚ ਘੇਰ ਕੇ ਛੇੜਖ਼ਾਨੀ ਅਤੇ ਉਸ ਦੇ ਅਗਵਾ ਦੀ ਕੋਸ਼ਿਸ ਕਰਨ ਦੇ ਦੋਸ਼ ਵਿੱਚ ਆਪਣੀ ਢਿੱਲੀ ਕਾਰਵਾਈ ਅਤੇ ਨਰਮ ਧਾਰਾ ਲਾ ਕੇ ਦੋਸ਼ੀ ਦੀ ਮਦਦ ਕਰਨ ਦੇ ਬਾਅਦ ਹਰ ਪਾਸੇ ਹੋ ਰਹੀ ਨਿਖੇਧੀ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਅੱਜ ਇਸ ਕੇਸ ਵਿੱਚ ਗ਼ੈਰ-ਜ਼ਮਾਨਤੀ ਧਾਰਾਵਾਂ ਜੋੜ ਕੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਤੇ ਉਸ ਦੇ ਸਾਥੀ ਅਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ। ਛੇੜਛਾੜ ਦਾ ਕੇਸ ਭਾਵੇਂ 5 ਅਗਸਤ ਨੂੰ ਹੀ ਪੁਲੀਸ ਨੇ ਦਰਜ ਕਰ ਲਿਆ ਸੀ, ਪਰ ਇਸ ਵਿੱਚ ਅਗਵਾ ਦੀ ਕੋਸ਼ਿਸ਼ ਦੀਆਂ ਧਾਰਾਵਾਂ ਅੱਜ ਮੁਲਜ਼ਮਾਂ ਗ੍ਰਿਫਤਾਰ ਕਰਨ ਤੋਂ ਪਹਿਲਾਂ ਜੋੜੀਆਂ ਗਈਆਂ ਹਨ। ਪੁਲੀਸ ਨੇ ਵਿਕਾਸ ਬਰਾਲਾ ਨੂੰ ਅੱਜ ਇਸ ਕੇਸ ਦੀ ਜਾਂਚ ਦੇ ਸੰਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਹੋਇਆ ਸੀ, ਜਿਥੇ ਉਸ ਦੀ ਬਾਕਇਦਾ ਗ੍ਰਿਫ਼ਤਾਰੀ ਪਾ ਦਿੱਤੀ ਗਈ ਹੈ। ਚੰਡੀਗੜ੍ਹ ਪੁਲੀਸ ਦੇ ਆਈ ਜੀ ਪੀ ਤੇਜਿੰਦਰ ਸਿੰਘ ਲੂਥਰਾ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
ਅੱਜ ਪੁਲਸ ਵੱਲੋਂ ਵਿਕਾਸ ਦੀ ਗ੍ਰਿਫ਼ਤਾਰੀ ਦਰਜ ਕੀਤੇ ਜਾਣ ਤੋਂ ਪਹਿਲਾਂ ਲੰਮਾ ਸਮਾਂ ਸੈਕਟਰ 26 ਦੇ ਥਾਣੇ ਅਤੇ ਭਾਜਪਾ ਨੇਤਾ ਸੁਭਾਸ਼ ਬਰਾਲਾ ਦੀ ਸੈਕਟਰ 7 ਵਾਲੀ ਕੋਠੀ ਵਿੱਚ ਵੱਡੇ ਪੱਧਰ ਉੱਤੇ ਡਰਾਮਾ ਚਲਦਾ ਰਿਹਾ ਹੈ। ਥਾਣੇ ਵਿੱਚ ਜਾਂਚ ਲਈ ਪੇਸ਼ ਹੋਣ ਵਾਸਤੇ ਵਿਕਾਸ ਬਰਾਲਾ ਕਿਸੇ ਦੋਸ਼ੀ ਵਾਂਗ ਨਹੀਂ, ਸਗੋਂ ਕਿਸੇ ਵੱਡੇ ਨੇਤਾ ਵਾਂਗ ਪਹੁੰਚਿਆ। ਉਸ ਦੇ ਥਾਣੇ ਪੁੱਜਣ ਤੋਂ ਪਹਿਲਾਂ ਪੁਲੀਸ ਨੇ ਮੀਡੀਆ ਤੋਂ ਬਚਾਅ ਲਈ ਸੁਰੱਖਿਆ ਘੇਰਾ ਵੀ ਬਣਾ ਰੱਖਿਆ ਸੀ। ਆਪਣੇ ਪੁੱਤਰ ਦੀ ਪੇਸ਼ੀ ਦੇ ਵਕਤ ਹੀ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ ਆਪਣੀ ਕੋਠੀ ਵਿੱਚ ਪ੍ਰੈਸ ਕਾਨਫਰੰਸ ਰੱਖ ਲਈ, ਪਰ ਵਿਕਾਸ ਦਾ ਫ਼ੋਨ ਆਉਣ ਉੱਤੇ ਉਹ ਪ੍ਰੈਸ ਕਾਨਫਰੰਸ ਵਿਚਾਲੇ ਛੱਡ ਕੇ ਚਲੇ ਗਏ। ਪ੍ਰੈਸ ਕਾਨਫਰੰਸ ਦੇ ਇਸ ਸੱਦੇ ਨੂੰ ਵਿਕਾਸ ਬਰਾਲਾ ਦੀ ਪੇਸ਼ੀ ਵੇਲੇ ਮੀਡੀਆ ਦਾ ਧਿਆਨ ਭਟਕਾਉਣ ਦੀ ਕੋਸਿ਼ਸ਼ ਵਜੋਂ ਦੇਖਿਆ ਜਾ ਰਿਹਾ ਸੀ।
ਵਰਨਣ ਯੋਗ ਹੈ ਕਿ ਚੰਡੀਗੜ੍ਹ ਦੀ ਪੁਲੀਸ ਕਈ ਦਿਨਾਂ ਤੋਂ ਭਾਜਪਾ ਦੇ ਦਬਾਅ ਹੇਠ ਵਿਕਾਸ ਬਰਾਲਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਚਣ ਦੀ ਕੋਸਿ਼ਸ਼ ਕਰ ਰਹੀ ਸੀ, ਪਰ ਚਾਰੇ ਪਾਸਿਆਂ ਤੋਂ ਪਏ ਦਬਾਅ ਦੇ ਅਸਰ ਹੇਠ ਪੁਲੀਸ ਨੂੰ ਰਵੱਈਆ ਬਦਲਣਾ ਪੈ ਗਿਆ। ਉੱਚ ਪੱਧਰੀ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਤੋਂ ਮਿਲਦੇ ਰਹੇ ਇਸ਼ਾਰੇ ਉੱਤੇ ਪੁਲੀਸ ਮੁੜ-ਮੁੜ ਕੇ ਆਪਣਾ ਰੁਖ ਬਦਲਦੀ ਰਹੀ ਤੇ ਅੱਜ ਬੁੱਧਵਾਰ ਸਵੇਰੇ ਆਖ਼ਰ ਵਿੱਚ ਸੁਭਾਸ਼ ਬਰਾਲਾ ਦੀ ਸੈਕਟਰ 7 ਦੀ 57 ਨੰਬਰ ਕੋਠੀ ਵਿੱਚ ਸੰਮਨ ਭੇਜ ਕੇ ਵਿਕਾਸ ਬਰਾਲਾ ਨੂੰ ਤਲਬ ਕਰ ਲਿਆ ਗਿਆ। ਵਿਕਾਸ ਦੇ ਉਥੇ ਨਾ ਮਿਲਣ ਉੱਤੇ ਉਸ ਕੋਠੀ ਦੇ ਮੁੱਖ ਗੇਟ ਉਤੇ ਸੰਮਨ ਚਿਪਕਾ ਦਿੱਤਾ ਗਿਆ ਅਤੇ ਹਰਿਆਣਾ ਦੇ ਕਸਬੇ ਫਤਿਆਬਾਦ ਨੇੜੇ ਉਸ ਦੇ ਜੱਦੀ ਪਿੰਡ ਵੀ ਸੰਮਨ ਦੇ ਕੇ ਇੱਕ ਟੀਮ ਭੇਜ ਦਿੱਤੀ ਗਈ। ਪੁਲੀਸ ਨੇ ਭਾਵੇਂ ਵਿਕਾਸ ਨੂੰ ਸਵੇਰੇ ਗਿਆਰਾਂ ਵਜੇ ਲਈ ਸੱਦਿਆ ਸੀ, ਪਰ ਉਹ ਬਾਅਦ ਦੁਪਹਿਰ ਢਾਈ ਵਜੇ ਪੂਰੇ ਜ਼ੋਰ ਦੀ ਬਾਰਸ਼ ਦੇ ਦੌਰਾਨ ਥਾਣੇ ਪੁੱਜਿਆ ਤੇ ਮੀਡੀਆ ਤੋਂ ਬਚਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਥਾਣੇ ਅੱਗੇ ਇਕੱਠੇ ਹੋਏ ਕਾਂਗਰਸੀ ਵਰਕਾਰ ਮੀਂਹ ਵਿੱਚ ਵੀ ਨਾਅਰੇਬਾਜ਼ੀ ਕਰਨ ਲਈ ਡਟੇ ਰਹੇ ਸਨ ਤੇ ਦੁਪਹਿਰ ਲੰਘਣ ਤੱਕ ਆਮ ਆਦਮੀ ਪਾਰਟੀ ਦੇ ਕਾਰਕੁੰਨ ਵੀ ਪੁੱਜ ਗਏ ਸਨ।
ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੇ ਅੱਜ ਵਿਕਾਸ ਬਰਾਲਾ ਤੋਂ 5 ਅਗਸਤ ਦੇ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਲਈ ਅਤੇ ਆਈ ਏ ਐਸ ਅਫਸਰ ਦੀ ਧੀ ਦਾ ਪਿੱਛਾ ਕਰਨ ਦੇ ਰਸਤੇ ਤੇ ਸ਼ਰਾਬ ਪੀਣ ਸਮੇਤ ਕਈ ਹੋਰ ਸਵਾਲ ਵੀ ਵਿਕਾਸ ਬਰਾਲਾ ਤੋਂ ਪੁੱਛੇ। ਪੁੱਛ-ਗਿੱਛ ਦੌਰਾਨ ਚੰਡੀਗੜ੍ਹ ਪੁਲਸ ਦੇ ਐਸ ਐਸ ਪੀ ਈਸ਼ ਸਿੰਘਲ ਅਤੇ ਡੀ ਐਸ ਪੀ ਸਤੀਸ਼ ਕੁਮਾਰ ਖੁਦ ਵੀ ਮੌਜੂਦ ਰਹੇ। ਪੁਲੀਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਦਾ ਸੈਕਟਰ 16 ਦੇ ਜਨਰਲ ਹਸਪਤਾਲ ਤੋਂ ਮੈਡੀਕਲ ਕਰਵਾਇਆ।
ਸਾਰੀ ਪੁਲੀਸ ਕਾਰਵਾਈ ਮੁਕੰਮਲ ਹੋਣ ਦੇ ਬਾਅਦ ਚੰਡੀਗੜ੍ਹ ਪੁਲਸ ਦੇ ਮੁਖੀ ਤੇਜਿੰਦਰ ਲੂਥਰਾ ਨੇ ਅੱਜ ਪੁਲੀਸ ਹੈਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਦੋਵਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਕੇਸ ਵਿੱਚ ਧਾਰਾ 365 ਅਤੇ 511 ਜੋੜਨ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਸਿਰਫ ਆਈ ਪੀ ਸੀ ਦੀਆਂ ਧਾਰਾਵਾਂ 354ਡੀ, 185 ਅਤੇ 341 ਲਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ 5 ਅਗਸਤ ਦੀ ਰਾਤ ਪੁਲੀਸ ਨੇ ਜਦੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦਾ ਤਾਂ ਉਨ੍ਹਾਂ ਨੇ ਮੈਡੀਕਲ ਜਾਂਚ ਲਈ ਖ਼ੂਨ ਅਤੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਨਾਂਹ ਕਰ ਦਿੱਤੀ ਸੀ, ਪਰ ਡਾਕਟਰਾਂ ਨੇ ਉਨ੍ਹਾਂ ਦਾ ਰੰਗ-ਢੰਗ ਦੇਖ ਕੇ ਦੋਵਾਂ ਦੇ ਸ਼ਰਾਬੀ ਹੋਣ ਦੀ ਰਿਪੋਰਟ ਕਰ ਦਿੱਤੀ ਸੀ। ਇਹ ਦੋਵੇਂ ਗੱਲਾਂ ਵੀ ਅਸਲ ਵਿੱਚ ਦੋਵਾਂ ਦੋਸ਼ੀਆਂ ਦੇ ਖ਼ਿਲਾਫ ਜਾਂਦੀਆਂ ਹਨ।
ਵਰਨਣ ਯੋਗ ਹੈ ਕਿ 5 ਅਗਸਤ ਰਾਤ ਹਰਿਆਣਾ ਦੇ ਆਈ ਏ ਐਸ ਅਫਸਰ ਵਰਿੰਦਰ ਕੁੰਡੂ ਦੀ ਧੀ ਵਰਣਿਕਾ ਕੁੰਡੂ ਸੈਕਟਰ 17 ਚੰਡੀਗੜ੍ਹ ਤੋਂ ਆਪਣੀ ਕਾਰ ਵਿੱਚ ਪੰਚਕੂਲਾ ਦੇ ਆਪਣੇ ਘਰ ਲਈ ਨਿਕਲੀ ਸੀ ਤਾਂ ਵਿਕਾਸ ਬਰਾਲਾ ਨੇ ਆਪਣੇ ਸਾਥੀ ਅਸ਼ੀਸ਼ ਦੇ ਨਾਲ ਇੱਕ ਐਸ ਯੂ ਵੀ ਵਿੱਚ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਸੀ। ਦੋਸ਼ੀਆਂ ਦੀਆਂ ਹਰਕਤਾਂ ਤੋਂ ਵਰਣਿਕਾ ਕੁੰਡੂ ਨੂੰ ਉਨ੍ਹਾਂ ਦੀ ਗ਼ਲਤ ਨੀਤ ਦਾ ਅੰਦਾਜ਼ਾ ਹੋਇਆ ਤਾਂ ਉਸ ਨੇ ਪੁਲੀਸ ਨੂੰ ਫੋਨ ਕਰ ਦਿੱਤਾ ਅਤੇ ਪੁਲੀਸ ਨੇ ਮਨੀਮਾਜਰਾ ਚੌਕ ਉੱਤੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਸੀ। ਇਸ ਦੌਰਾਨ ਜਦੋਂ ਵਿਕਾਸ ਬਰਾਲਾ ਦੇ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦਾ ਪੁੱਤਰ ਹੋਣ ਦਾ ਪਤਾ ਲੱਗਾ ਤਾਂ ਪੁਲੀਸ ਨਰਮ ਪੈ ਗਈ ਅਤੇ ਉਸ ਨੇ ਕੇਸ ਵਿੱਚ ਪਹਿਲਾਂ ਸ਼ਾਮਲ ਕੀਤੀਆਂ ਸਖ਼ਤ ਧਾਰਾਵਾਂ ਨੂੰ ਬਦਲ ਕੇ ਦੋਵਾਂ ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਦੇ ਦਿੱਤੀ ਸੀ।
ਨਿਯਮਾਂ ਮੁਤਾਬਕ ਇਸ ਘਟਨਾ ਪਿੱਛੋਂ ਮੀਡੀਆ ਅਤੇ ਪੁਲਸ ਨੇ ਲੜਕੀ ਦੀ ਪਛਾਣ ਲੁਕਾ ਕੇ ਰੱਖੀ, ਪਰ ਵਰਣਿਕਾ ਖ਼ੁਦ ਹੀ ਫੇਸਬੁੱਕ ਰਾਹੀਂ ਸਾਹਮਣੇ ਆਈ ਤੇ ਉਸ ਨੇ ਕਿਹਾ ਕਿ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਲੁਕਣ ਦੀ ਲੋੜ ਹੈ, ਉਹ ਚਿਹਰਾ ਨਹੀਂ ਛੁਪਾਵੇਗੀ। ਉਸ ਦੇ ਪਿਤਾ ਵੀ ਫੇਸਬੁੱਕ ਉੱਤੇ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਰਹੇ ਹਨ।