ਲੰਡਨ ਵਿੱਚ ਡਰਾਈਵਰ ਨੇ ਵੈਨ ਲੋਕਾਂ ਉੱਤੇ ਚੜ੍ਹਾਈ, ਇੱਕ ਹਲਾਕ, ਕਈ ਜ਼ਖ਼ਮੀ

London 19ਲੰਡਨ, 19 ਜੂਨ (ਪੋਸਟ ਬਿਊਰੋ): ਸੋਮਵਾਰ ਸਵੇਰੇ ਮਸਜਿਦ ਵਿੱਚੋਂ ਨਿਕਲ ਰਹੇ ਲੋਕਾਂ ਦੀ ਭੀੜ ਉੱਤੇ ਇੱਕ ਡਰਾਈਵਰ ਵੱਲੋਂ ਗੱਡੀ ਚੜ੍ਹਾ ਦਿੱਤੇ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦਸ ਹੋਰ ਜ਼ਖ਼ਮੀ ਹੋ ਗਏ। ਰਾਜਧਾਨੀ ਦੁਆਲੇ ਪਹਿਲਾਂ ਹੀ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਲੰਡਨ ਪੁਲਿਸ ਪਹਿਲਾਂ ਹੀ ਤਣਾਅ ਵਿੱਚ ਹੈ। ਜਨਤਾ ਦੀ ਸੁਰੱਖਿਆ ਲਈ ਹੋਰ ਪੁਲਿਸ ਅਧਿਕਾਰੀਆਂ ਨੂੰ ਸੜਕਾਂ ਉੱਤੇ ਤਾਇਨਾਤ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਮਲੇ ਤੋਂ ਫੌਰਨ ਬਾਅਦ ਇੱਕ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ ਨੂੰ ਅੱਤਵਾਦੀ ਹਮਲਾ ਵੀ ਮੰਨਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਕ੍ਰੈਸਿਡਾ ਡਿੱਕ ਨੇ ਆਖਿਆ ਕਿ ਸਥਾਨਕ ਲੋਕਾਂ ਦੀ ਮਦਦ ਲਈ ਵਾਧੂ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਜਦੋਂ ਤੱਕ ਉਨ੍ਹਾਂ ਦੀ ਲੋੜ ਹੋਵੇਗੀ ਉਹ ਉੱਥੇ ਰਹਿਣਗੇ। ਉਨ੍ਹਾਂ ਆਖਿਆ ਕਿ ਹੁਣ ਸ਼ਹਿਰ ਵਿੱਚ ਤੇ ਮੁਸਲਮਾਨਾਂ ਦੀਆਂ ਨਮਾਜ਼ ਵਾਲੀਆਂ ਥਾਂਵਾਂ ਉੱਤੇ ਵਾਧੂ ਪੁਲਿਸ ਅਧਿਕਾਰੀ ਗਸ਼ਤ ਲਗਾਉਂਦੇ ਨਜ਼ਰ ਆਇਆ ਕਰਨਗੇ।
ਪੁਲਿਸ ਨੇ ਦੱਸਿਆ ਕਿ ਵੈਨ ਚਲਾ ਰਹੇ 48 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਹਿਤਿਆਤਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੂੰ ਕਤਲ ਦੀ ਕੋਸਿ਼ਸ਼ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇੱਕ ਮੌਤ ਦੇ ਸਬੰਧ ਵਿੱਚ ਅਜੇ ਤੱਕ ਕਿਸੇ ਉੱਤੇ ਕੋਈ ਚਾਰਜ ਕਿਉਂ ਨਹੀਂ ਲਾਇਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਹੀ ਇੱਥੇ ਲਗਾਤਾਰ ਹਮਲੇ ਹੋ ਰਹੇ ਹਨ। ਇਸ ਤੋਂ ਇਲਾਵਾ ਇੱਥੇ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ਲੰਡਨ ਦੇ ਮੇਅਰ ਸਾਦਿਕ ਖਾਨ, ਨੇ ਲੋਕਾਂ ਨੂੰ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣ ਤੇ ਚੇਤੇ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਆਖਿਆ ਕਿ ਭਾਵੇਂ ਇਹ ਹਮਲਾ ਇੱਕ ਖਾਸ ਕਮਿਊਨਿਟੀ ਉੱਤੇ ਕੀਤਾ ਹਮਲਾ ਮੰਨਿਆ ਜਾ ਰਿਹਾ ਹੈ, ਜਿਵੇਂ ਕਿ ਮਾਨਚੈਸਟਰ, ਵੈਸਟਮਿੰਸਟਰ ਤੇ ਲੰਡਨ ਬ੍ਰਿੱਜ ਉੱਤੇ ਹੋਇਆ ਹਮਲਾ ਸੀ, ਪਰ ਇਹ ਹਮਲਾ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ, ਸਹਿਣਸ਼ੀਲਤਾ, ਆਜ਼ਾਦੀ ਤੇ ਸਨਮਾਨ ਉੱਤੇ ਕੀਤਾ ਗਿਆ ਹਮਲਾ ਵੀ ਹੈ। ਉਨ੍ਹਾਂ ਸਾਰੇ ਲੰਡਨ ਵਾਸੀਆਂ ਨੂੰ ਸ਼ਾਂਤ ਤੇ ਚੌਕਸ ਰਹਿਣ ਲਈ ਆਖਿਆ। ਚਸ਼ਮਦੀਦਾਂ ਨੇ ਦੱਸਿਆ ਕਿ ਵੈਨ ਚਾਲਕ ਨੇ ਜਾਣਬੁੱਝ ਕੇ ਲੋਕਾਂ ਉੱਤੇ ਵੈਨ ਚੜ੍ਹਾਈ। ਉਨ੍ਹਾਂ ਦੱਸਿਆ ਕਿ ਮਸਜਿਦ ਦੇ ਇਮਾਮ ਨੇ ਵੈਨ ਚਾਲਕ ਨੂੰ ਕੁੱਟਣ ਲਈ ਤਿਆਰ ਭੀੜ ਨੂੰ ਪੁਲਿਸ ਦੇ ਆਉਣ ਤੱਕ ਰੋਕੀ ਰੱਖਿਆ।
ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਕਹਿਣਾ ਹੈ ਕਿ ਉਨ੍ਹਾਂ ਸੋਮਵਾਰ ਸ਼ਾਮ ਨੂੰ ਕੈਬਨਿਟ ਦੀ ਹੰਗਾਮੀ ਮੀਟਿੰਗ ਸੱਦੀ ਹੈ। ਉਨ੍ਹਾਂ ਜ਼ਖ਼ਮੀਆਂ ਨਾਲ ਹਮਦਰਦੀ ਪ੍ਰਗਟਾਈ। ਬ੍ਰਿਟੇਨ ਵਿੱਚ ਅੱਤਵਾਦੀ ਹਮਲੇ ਲਈ ਐਲਰਟ ਅਜੇ ਵੀ ਜਾਰੀ ਹੈ ਜਿਸ ਤੋਂ ਭਾਵ ਹੈ ਕਿ ਹਮਲਾ ਕਦੇ ਵੀ ਹੋ ਸਕਦਾ ਹੈ।