ਲੰਡਨ ਵਿੱਚ ਐਸਿਡ ਅਟੈਕ ਤੋਂ ਬਾਅਦ ਬ੍ਰਿਟਿਸ਼ ਪੁਲਿਸ ਨੇ ਇੱਕ ਟੀਨੇਜਰ ਨੂੰ ਕੀਤਾ ਚਾਰਜ

acid-attacks.jpg.size.custom.crop.891x650ਲੰਡਨ, 17 ਜੁਲਾਈ (ਪੋਸਟ ਬਿਊਰੋ) : ਲੰਡਨ ਵਿੱਚ ਹੋਏ ਐਸਿਡ ਹਮਲਿਆਂ ਦੇ ਸਬੰਧ ਵਿੱਚ ਬ੍ਰਿਟਿਸ਼ ਪੁਲਿਸ ਨੇ ਇੱਕ ਟੀਨੇਜਰ ਨੂੰ ਚਾਰਜ ਕੀਤਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸਖ਼ਤ ਸਜ਼ਾਵਾਂ ਨਾਲ ਇਸ ਤਰ੍ਹਾਂ ਦੇ ਹਮਲੇ ਰੋਕੇ ਜਾ ਸਕਦੇ ਹਨ।
ਮੈਟਰੋਪੌਲੀਟਨ ਪੁਲਿਸ ਫੋਰਸ ਨੇ ਸ਼ਨਿੱਚਰਵਾਰ ਨੂੰ ਆਖਿਆ ਕਿ 16 ਸਾਲਾ ਟੀਨੇਜਰ ਖਿਲਾਫ 15 ਚਾਰਜਿਜ਼ ਲਾਏ ਗਏ ਹਨ, ਇਨ੍ਹਾਂ ਵਿੱਚ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣਾ ਵੀ ਸ਼ਾਮਲ ਹੈ। ਉਮਰ ਕਾਰਨ ਉਸ ਟੀਨੇਜਰ ਦੇ ਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਪਰ ਪਿਛਲੇ ਹਫਤੇ 90 ਮਿੰਟਾਂ ਦੇ ਅੰਦਰ ਅੰਦਰ ਪੰਜ ਵਿਅਕਤੀਆਂ ਉੱਤੇ ਐਸਿਡ ਨਾਲ ਹਮਲਾ ਕਰਨ ਦੇ ਸਬੰਧ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ। ਜਿਨ੍ਹਾਂ ਹੋਰਨਾਂ ਉੱਤੇ ਹਮਲਾ ਕੀਤਾ ਗਿਆ ਉਨ੍ਹਾਂ ਵਿੱਚੋਂ ਘੱਟੋ ਘੱਟ ਦੋ ਫੂਡ ਡਲਿਵਰੀ ਸਰਵਿਸਿਜ਼ ਡੈਲਿਵਰੂ ਤੇ ਊੁਬਰਈਟਜ਼ ਦੇ ਡਰਾਈਵਰ ਸਨ। ਇੱਕ ਹੋਰ 15 ਸਾਲਾ ਲੜਕੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਲੰਡਨ ਵਿੱਚ ਐਸਿਡ ਨਾਲ ਹੋਣ ਵਾਲੇ ਹਮਲਿਆਂ ਦੀ ਗਿਣਤੀ 2015 ਵਿੱਚ 261 ਤੋਂ 2016 ਵਿੱਚ ਵੱਧਕੇ 454 ਤੱਕ ਅੱਪੜ ਗਈ ਹੈ। ਕੁੱਝ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕਾਰਾਂ ਤੇ ਮੋਟਰਬਾਈਕਜ਼ ਚੋਰੀ ਕਰਨ ਲਈ ਗੈਂਗ ਵਜੋਂ ਰਲ ਕੇ ਕੰਮ ਕਰਦੇ ਹਨ। ਇਸ ਤਰ੍ਹਾਂ ਹੋ ਰਹੇ ਐਸਿਡਿਕ ਹਮਲਿਆਂ ਤੋਂ ਚਿੰਤਤ ਬ੍ਰਿਟਿਸ਼ ਸਰਕਾਰ ਨੇ ਆਖਿਆ ਹੈ ਕਿ ਉਹ ਅਜਿਹੇ ਹਮਲਿਆਂ ਲਈ ਸਜ਼ਾ ਵਧਾ ਕੇ ਉਮਰ ਕੈਦ ਕਰਨ ਬਾਰੇ ਵਿਚਾਰ ਕਰ ਰਹੀ ਹੈ।