ਲੰਡਨ ਵਿੱਚ ਉਸਾਰੀ ਕਾਰੀਗਰਾਂ ਦੇ ਕੰਮ ਵੀ ਰੋਬੋਟ ਮਿਸਤਰੀ ਕਰੇਗਾ

robot
ਲੰਡਨ, 21 ਅਪ੍ਰੈਲ (ਪੋਸਟ ਬਿਊਰੋ)- ਤਕਨੀਕ ਮਨੁੱਖ ਦੇ ਫਾਇਦੇ ਲਈ ਕੰਮ ਆਵੇ ਤਾਂ ਚੰਗੀ ਹੈ, ਪਰ ਜੇ ਤਕਨੀਕ ਮਨੁੱਖ ਦੇ ਹੱਥੋਂ ਕੰਮ ਖੋਹਣ ਦੇ ਰਾਹ ਤੁਰ ਪਵੇ ਤਾਂ ਬੁਰੀ ਲੱਗੇਗੀ। ਅਗਲੇ ਲਗਭਗ ਦੋ ਸਾਲਾਂ ਵਿੱਚ ਲੰਡਨ ਦੇ ਹਜ਼ਾਰਾਂ ਕਾਮੇ ਵਿਹਲੇ ਹੋ ਜਾਣਗੇ, ਕਿਉਂਕਿ ਉਨ੍ਹਾਂ ਦੀ ਜਗ੍ਹਾ ਰੋਬੋਟ ਕੰਮ ਕਰੇਗਾ। ਵੱਡੇ ਦਫਤਰਾਂ ਵਿੱਚ ਫਾਈਲਾਂ ਲੱਭਣ ਅਤੇ ਲਿਆਉਣ ਲਈ ਪਹਿਲਾਂ ਹੀ ਰੋਬੋਟ ਦੀ ਵਰਤੋਂ ਹੋ ਰਹੀ ਹੈ, ਹੁਣ ਰੋਬੋਟ ਮਿਸਤਰੀਪੁਣਾ ਵੀ ਕਰੇਗਾ। ਕੰਧਾਂ ਉਸਾਰਨ ਦੀ ਕਾਰੀਗਰੀ ਦਾ ਕੰਮ ਰੋਬੋਟਾਂ ਤੋਂ ਲਿਆ ਜਾਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਕਾਰੀਗਰਾਂ ਦੇ ਰੁਜ਼ਗਾਰ ਖੋਹਣ ਵਾਲਾ ਇਹ ਰੋਬੋਟ ਇਨਸਾਨ ਤੋਂ ਪੰਜ ਗੁਣਾ ਤੇਜ਼ੀ ਨਾਲ ਕੰਧ ਦੀ ਚਿਣਾਈ ਕਰਨ ਦੀ ਸਮਰੱਥਾ ਰੱਖਦਾ ਹੈ।
ਅਮਰੀਕਾ ਦੀ ਕੰਸਰੱਕਸ਼ਨ ਰੋਬੋਟਿਕ ਕੰਪਨੀ ਵੱਲੋਂ ਉਕਤ ਰੋਬੋਟ ਜਲਦੀ ਹੀ ਬ੍ਰਿਟਿਸ਼ ਮਾਰਕੀਟ ਵਿੱਚ ਉਤਾਰੇ ਜਾਣ ਦੀ ਸੰਭਾਵਨਾ ਹੈ। ਕਿਹਾ ਜਾਂਦਾ ਹੈ ਕਿ ਅਮਰੀਕਾ ਦੀਆਂ ਕੁਝ ਉਸਾਰੀ ਥਾਵਾਂ ਉੱਤੇ ਸਫਲ ਤਜਰਬਾ ਕਰਨ ਤੋਂ ਬਾਅਦ ਬ੍ਰਿਟੇਨ ਦੇ ਉਸਾਰੀ ਸਥਾਨਾਂ ਉੱਤੇ ਵੀ ਰੋਬੋਟ ਨਜ਼ਰੀ ਪੈਣਗੇ। ਸਾਲ 2016 ਵਿੱਚ ਇਕੱਲੇ ਵੈਸਟ ਮਿਡਲੈਂਡਜ਼ ਵਿੱਚ 31500 ਕਾਰੀਗਰ ਉਸਾਰੀ ਖੇਤਰ ਵਿੱਚ ਕੰਮ ਕਰ ਰਹੇ ਸਨ ਅਤੇ ਕੌਮੀ ਅੰਕੜਾ ਦਫਤਰ ਅਨੁਸਾਰ ਉਕਤ ਸਾਰਿਆਂ ਦੀ ਨੌਕਰੀ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਵਰਨਣ ਯੋਗ ਹੈ ਕਿ ਬ੍ਰਿਟੇਨ ਵਿੱਚ ਇੱਕ ਮਿਲੀਅਨ ਉਸਾਰੀ ਦੇ ਕਾਰੀਗਰ ਕੰਮ ਕਰਦੇ ਹਨ। ਰੋਬੋਟ ਬਣਾਉਣ ਵਾਲੀ ਕੰਪਨੀ ਮੁਤਾਬਕ ਰੋਬੋਟ ਨੂੰ ਕੰਮ ਲਈ ਰੱਖਣ ਵਾਸਤੇ ਬਹੁਤ ਥੋੜ੍ਹੀ ਇਨਸਾਨੀ ਮਦਦ ਦੀ ਲੋੜ ਹੈ, ਖਰਚਾ ਮਨੁੱਖੀ ਕਾਰੀਗਰਾਂ ਤੋਂ ਲਗਭਗ 50 ਫੀਸਦੀ ਘੱਟ ਹੈ।