ਲੰਡਨ ਵਿਚਲੇ ਇਤਿਹਾਸਕ ਇੰਡੀਆ ਕਲੱਬ ਦਾ ਵਜੂਦ ਖਤਰੇ ਵਿੱਚ

India club
ਲੰਡਨ, 22 ਸਤੰਬਰ (ਪੋਸਟ ਬਿਊਰੋ)- ਇਥੋਂ ਦਾ ਮਸ਼ਹੂਰ ਇੰਡੀਆ ਕਲੱਬ, ਜੋ ਆਜ਼ਾਦੀ ਅੰਦੋਲਨ ਦੌਰਾਨ 1930 ਅਤੇ 40ਵਿਆਂ ‘ਚ ਭਾਰਤੀ ਦੇਸ਼ਭਗਤਾਂ ਦਾ ਕੇਂਦਰ ਬਣਿਆ ਸੀ, ਹੁਣ ਆਪਣੇ ਵਜੂਦ ਦੀ ਜੰਗ ਲੜ ਰਿਹਾ ਹੈ। ਇਸ ਨੂੰ ਅੰਦਰੋਂ ਤੋੜ ਕੇ ਨਵੇਂ ਸਿਰੇ ਤੋਂ ਉਸਾਰਨ ਦੀ ਯੋਜਨਾ ਹੈ।
ਵਰਨਣ ਯੋਗ ਹੈ ਕਿ ਕਲੱਬ ਦੀਆਂ ਜੜ੍ਹਾਂ ਇੰਡੀਆ ਲੀਗ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਬ੍ਰਿਟੇਨ ‘ਚ ਭਾਰਤ ਦੀ ਆਜ਼ਾਦੀ ਲਈ ਮੁਹਿੰਮ ਚਲਾਈ ਹੋਈ ਸੀ। ਇਹ ਭਾਰਤੀ ਹਾਈ ਕਮਿਸ਼ਨ ਦੇ ਇੰਡੀਆ ਹਾਊਸ ਨੇੜੇ ਹੈ। ਇਹ ਭਾਰਤੀ ਰੈਸਟੋਰੈਂਟ ਵਜੋਂ ਕੰਮ ਕਰਦਾ ਰਿਹਾ, ਜਿਥੇ 1946 ਤੋਂ ਪੱਤਰਕਾਰ ਅਤੇ ਬੁੱਧੀਜੀਵੀ ਵਿਚਰਦੇ ਰਹੇ, ਜਿਨ੍ਹਾਂ ਦੇ ਮਹਿਮਾਨਾਂ ‘ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਸ਼ਾਮਲ ਰਹੇ। ਛੇ ਮੰਜ਼ਿਲਾ ਐਡਵਰਡਿਅਨ ਇਮਾਰਤ ਲੰਡਨ ਦੇ ਵਿਚਾਲੇ ਪੈਂਦੇ ਦਿ ਸਟਰੈਂਡ ਮੁਹੱਲੇ ਦੇ 143 ਤੋਂ 145 ਨੰਬਰ ‘ਚ ਪੈਂਦੀ ਹੈ ਅਤੇ ਮਾਲਕਾਂ ਨੇ ਵੈਸਟ ਮਿਨਸਟਰ ਕੌਂਸਿਲ ‘ਚ ਅਰਜ਼ੀ ਪਾ ਕੇ ਇਸ ਦੇ ਅੰਦਰੂਨੀ ਹਿੱਸੇ ਨੂੰ ਆਧੁਨਿਕ ਹੋਟਲ ਦਾ ਰੂਪ ਦੇਣ ਦੀ ਮੰਗ ਕੀਤੀ ਹੈ।
ਗੋਲਡਸਐਂਡ ਹੋਟਲਸ ਲਿਮਟਿਡ ਦੇ ਡਾਇਰੈਕਟਰ ਯੈਡਗਰ ਮਾਰਕਰ ਨੇ ਇਸ ਨੂੰ ਵਿਰਾਸਤੀ ਦਰਜਾ ਦਿਵਾਉਣ ਦੀ ਮੁਹਿੰਮ ਛੇੜੀ ਹੋਈ ਹੈ। ਉਨ੍ਹਾਂ ਦੀ ਇਸ ਮੁਹਿੰਮ ਨੂੰ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਅਤੇ ਲੇਖਕ ਸ਼ਸ਼ੀ ਥਰੂਰ ਦੀ ਹਮਾਇਤ ਮਿਲ ਚੁੱਕੀ ਹੈ। ਇਸ ਕਲੱਬ ਦੀ ਸਥਾਪਨਾ ‘ਚ ਉਨ੍ਹਾਂ ਦੇ ਸਵਰਗੀ ਪਿਤਾ ਪੱਤਰਕਾਰ ਚੰਦਰਨ ਥਰੂਰ ਅਤੇ ਯੂ ਕੇ ‘ਚ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਰਹੇ ਵੀ ਕ੍ਰਿਸ਼ਨਾ ਮੈਨਨ ਨੇ ਸਹਿਯੋਗ ਪਾਇਆ ਸੀ।