ਲੋੜ ਪੈਣ ਉੱਤੇ ਫੌਜ ਦੇ ਜੈੱਟ ਵੀ ਮਦਦ ਲਈ ਤਿਆਰ ਹਨ : ਫਰੀਲੈਂਡ

1

2
ਓਟਵਾ, 11 ਸਤੰਬਰ (ਪੋਸਟ ਬਿਊਰੋ) : ਕੈਰੇਬੀਅਨ ਵਿੱਚ ਆਏ ਤੂਫਾਨ ਇਰਮਾ ਤੋਂ ਪ੍ਰਭਾਵਿਤ ਹੋਏ ਕੈਨੇਡੀਅਨਾਂ ਨੂੰ ਬਚਾਅ ਕੇ ਕੈਨੇਡਾ ਲਿਆਉਣ ਦੇ ਮਾਮਲੇ ਵਿੱਚ ਸਰਕਾਰ ਉੱਤੇ ਢਿੱਲਾ ਮੱਠਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਤੇ ਨੀਦਰਲੈਂਡਜ਼ ਵੱਲੋਂ ਏਅਰਲਿਫਟ ਰਾਹੀਂ ਕਦੋਂ ਦਾ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਇਆ ਜਾ ਚੁੱਕਿਆ ਹੈ ਪਰ ਕੈਨੇਡਾ ਸਰਕਾਰ ਅਜੇ ਅਜਿਹਾ ਕੁੱਝ ਸੋਚ ਵੀ ਨਹੀਂ ਸਕੀ।
ਇਸ ਆਲੋਚਨਾ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੋਮਵਾਰ ਨੂੰ ਆਖਿਆ ਕਿ ਕਮਰਸ਼ੀਅਲ ਫਲਾਈਟਸ ਰਾਹੀਂ ਵੀਕੈਂਡ ਉੱਤੇ 390 ਕੈਨੇਡੀਅਨਾਂ ਨੂੰ ਘਰ ਲਿਆਂਦਾ ਗਿਆ ਤੇ ਦੋ ਹੋਰ ਜਹਾਜ਼- ਵੈਸਟਜੈੱਟ ਦਾ ਜਹਾਜ਼ ਸੇਂਟ ਮਾਰਟੇਨ ਲਈ ਤੇ ਏਅਰ ਕੈਨੇਡਾ ਦਾ ਜਹਾਜ਼ ਤੁਰਕਸ ਤੇ ਕਾਇਕੌਸ ਲਈ ਰਵਾਨਾ ਹੋਣ ਜਾ ਰਿਹਾ ਹੈ। ਇਹ ਜਹਾਜ਼ ਕੈਨੇਡੀਅਨਾਂ ਨੂੰ ਆਪਣੇ ਘਰ ਲਿਆਉਣ ਲਈ ਹੀ ਭੇਜੇ ਜਾ ਰਹੇ ਹਨ।
ਫੌਜ ਦੇ ਜੈੱਟ ਜਹਾਜ਼ ਨਾ ਭੇਜੇ ਜਾਣ ਲਈ ਆਲੋਚਨਾ ਦਾ ਸਿ਼ਕਾਰ ਹੋਈ ਸਰਕਾਰ ਵੱਲੋਂ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਫਰੀਲੈਂਡ ਨੇ ਆਖਿਆ ਕਿ ਸਰਕਾਰ ਨੇ ਫੌਜ ਦੇ ਜਹਾਜ਼ਾਂ ਨੂੰ ਲੋੜ ਪੈਣ ਉੱਤੇ ਛੇ ਘੰਟੇ ਦੇ ਨੋਟਿਸ ਉੱਤੇ ਕਾਰਵਾਈ ਕਰਨ ਲਈ ਤਿਆਰ ਰੱਖਿਆ ਹੋਇਆ ਹੈ। ਫਰੀਲੈਂਡ ਨੇ ਇਹ ਵੀ ਆਖਿਆ ਕਿ ਕਮਰਸ਼ੀਅਲ ਆਪਸ਼ਨ ਕੈਨੇਡੀਅਨਾਂ ਨੂੰ ਘਰ ਲਿਆਉਣ ਲਈ ਕਾਫੀ ਕਾਰਗਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫੌਜ ਦਾ ਸੀ-17 ਜੈੱਟ ਮੰਗਲਵਾਰ ਨੂੰ ਪ੍ਰਭਾਵਿਤ ਇਲਾਕੇ ਵਿੱਚ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਲਈ ਪਹੁੰਚੇਗਾ ਤੇ ਹੋਰ ਕੈਨੇਡੀਅਨਾਂ ਨੂੰ ਵਾਪਿਸ ਲੈ ਆਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਅੱਜ ਅਸੀਂ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਮਿਲਾਉਣ ਲਈ ਕੈਨੇਡਾ ਲੈ ਆਈਏ।