ਲੋਬਲਾਅ ਨੇ ਸਾਲਸਾ ਦੇ ਕਈ ਉਤਪਾਦ ਵਾਪਿਸ ਮੰਗਵਾਏੇ

ਬਰੈਂਪਟਨ, 20 ਫਰਵਰੀ (ਪੋਸਟ ਬਿਊਰੋ) : ਲੋਬਲਾਅ ਕੰਪਨੀਜ਼ ਲਿਮਟਿਡ ਵੱਲੋਂ ਲੋਕਾਂ ਨੂੰ ਕੁੱਝ ਸਾਲਸਾ ਉਤਪਾਦ ਨਾ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਵਿੱਚ ਪਲਾਸਟਿਕ ਦੇ ਟੁਕੜੇ ਹੋ ਸਕਦੇ ਹਨ। ਪੀਸੀ ਵਾੲ੍ਹੀਟ ਕੌਰਨ ਬਲੈਕ ਬੀਨ ਮਾਈਲਡ ਸਾਲਸਾ ਦੇ 650 ਮਿਲੀਲੀਟਰ ਕੰਟੇਨਰ ਤੇ ਪੀਸੀ ਸਾਲਸਾ ਮਾਈਲਡ ਦੇ 430 ਮਿਲੀਲੀਟਰ ਕੰਟੇਨਰ ਸੱਭ ਤੋਂ ਵੱਧ ਵਾਪਿਸ ਮੰਗਵਾਏ ਜਾ ਰਹੇ ਹਨ। ਲੋਬਲਾਅ ਨੇ ਦੱਸਿਆ ਕਿ ਅਹਿਤਿਆਤ ਵਜੋਂ ਉਨ੍ਹਾਂ ਸਾਰੇ ਪ੍ਰਭਾਵਿਤ ਲੌਟ ਨੂੰ ਸਟੋਰਾਂ ਵਿੱਚੋਂ ਹਟਵਾ ਲਿਆ ਹੈ। ਅਜੇ ਤੱਕ ਖਪਤਕਾਰਾਂ ਵੱਲੋਂ ਕੋਈ ਸਿ਼ਕਾਇਤ ਨਹੀਂ ਮਿਲੀ ਹੈ ਤੇ ਨਾ ਹੀ ਕਿਸੇ ਨੂੰ ਕੋਈ ਹੋਰ ਨੁਕਸਾਨ ਹੀ ਹੋਇਆ ਹੈ। ਜੇ ਕਿਸੇ ਕੰਟੇਨਰ ਵਿੱਚੋਂ ਇਸ ਤਰ੍ਹਾਂ ਦਾ ਪਲਾਸਟਿਕ ਮਿਲਦਾ ਹੈ ਤਾਂ ਖਪਤਕਾਰ ਉਸ ਕੰਟੇਨਰ ਨੂੰ ਮੋੜ ਕੇ ਪੂਰੇ ਪੈਸੇ ਵਾਪਿਸ ਲੈ ਸਕਦਾ ਹੈ।