ਲੋਕ ਹੁਣ ਅਮਲੀ ਅਰਥਾਂ ਵਿੱਚ ਕੰਮ ਹੁੰਦਾ ਦੇਖਣਾ ਚਾਹੁੰਦੇ ਹਨ

-ਦੇਵੀ ਚੇਰੀਅਨ
ਜਦੋਂ ਚੋਣਾਂ ਦਾ ਮੌਸਮ ਆਉਂਦਾ ਹੈ, ਉਮੀਦਵਾਰਾਂ ਦੇ ਮਾਤਾ-ਪਿਤਾ, ਭੈਣ-ਭਰਾ, ਇਥੋਂ ਤੱਕ ਕਿ ਦਾਦਾ ਵੀ ਅਕਸਰ ਹਮਲਾ ਅਤੇ ਜਵਾਬੀ-ਹਮਲਾ ਕਰਦੇ ਦਿਖਾਈ ਦਿੰਦੇ ਹਨ। ਇਹ ਸੱਚਮੁੱਚ ਬਹੁਤ ਹੈਰਾਨ ਕਰ ਦੇਣ ਵਾਲਾ ਦਿ੍ਰਸ਼ ਹੈ। ਉਂਝ ਆਮ ਲੋਕਾਂ ਲਈ ਇਹ ਬਹੁਤ ਪ੍ਰੇਸ਼ਾਨੀ ਦਾ ਕਾਰਨ ਹੁੰਦਾ ਹੈ। ਇਹੀ ਨਹੀਂ, ਚੋਣ ਮੁਹਿੰਮ ਦੌਰਾਨ ਉਲਟੇ-ਸਿੱਧੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਇੱਕ ਤਰ੍ਹਾਂ ਨਾਲ ਅਗਨੀ ਪ੍ਰੀਖਿਆ ਹੁੰਦੀ ਹੈ। ਇਸ ਮੁਹਿੰਮ ਦੌਰਾਨ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਜਿਹੀਆਂ ਗੱਲਾਂ ਦਾ ਵੀ ਜਵਾਬ ਦੇਣਾ ਪੈਂਦਾ ਹੈ, ਜੋ 30 ਜਾਂ ਚਾਲੀ ਸਾਲ ਪਹਿਲਾਂ ਵਾਪਰ ਚੁੱਕੀਆਂ ਹੁੰਦੀਆਂ ਹਨ ਜਾਂ ਉਨ੍ਹਾਂ ਦੇ ਦਾਦਾ-ਪੜਦਾਦਾ ਦੇ ਜ਼ਮਾਨੇ ਨਾਲ ਸੰਬੰਧਤ ਹੁੰਦੀਆਂ ਹਨ।
ਇੱਕ ਮੌਕਾ ਸੀ, ਜਦੋਂ ਮੈਂ ਅਜਿਹੇ ਸਵਾਲਾਂ ਦੇ ਜਵਾਬ ਦੇ ਸੰਬੰਧ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਧੀਰਜ ਅਤੇ ਰਵੱਈਏ ਉਤੇ ਹੈਰਾਨ ਹੁੰਦੀ ਸੀ, ਪਰ ਅੱਜਕੱਲ੍ਹ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਵੀ ਬਾਕੀਆਂ ਵਾਂਗ ਇਹ ਫੈਸਲਾ ਲੈ ਲਿਆ ਹੈ ਕਿ ‘ਬਹੁਤ ਹੋ ਚੁੱਕਾ, ਭਾਜਪਾ ਨੂੰ ਜੈਸੇ ਕੋ ਤੈਸਾ ਵਾਲੀ ਸ਼ੈਲੀ ਵਿੱਚ ਹੀ ਜਵਾਬ ਦਿੱਤਾ ਜਾਵੇਗਾ।’
ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਰਾਹੁਲ ਦੀ ਪਰਵਰਿਸ਼ ਬਹੁਤ ਸੁਰੱਖਿਅਤ ਮਾਹੌਲ ਵਿੱਚ ਹੋਈ, ਭਾਵ ਬਚਪਨ ਵਿੱਚ ਉਨ੍ਹਾਂ ਨੂੰ ਜ਼ਮਾਨੇ ਦੀਆਂ ਪੁੱਠੀਆਂ-ਸਿੱਧੀਆਂ ਹਵਾਵਾਂ ਤੋਂ ਬਚਾ ਕੇ ਰੱਖਿਆ ਗਿਆ ਅਤੇ ਉਨ੍ਹਾਂ ਦਾ ਜ਼ਿੰਦਗੀ ਦੀਆਂ ਕਠੋਰ ਹਕੀਕਤਾਂ ਨਾਲ ਵਾਹ ਨਹੀਂ ਪਿਆ। ਉਨ੍ਹਾਂ ਨੂੰ ਨਹੀਂ ਪਤਾ ਕਿ ਗਰੀਬੀ ਵਿੱਚ ਜੀਵਨ ਕਿਵੇਂ ਗੁਜ਼ਾਰਿਆ ਜਾਂਦਾ ਹੈ ਤੇ ਨਾ ਉਹ ਜਾਣਦੇ ਹਨ ਕਿ ਆਮ ਲੋਕ ਦਿਨ-ਕਟੀ ਕਿਵੇਂ ਕਰਦੇ ਹਨ।
ਦੂਜੇ ਪਾਸੇ ਭਾਜਪਾ ਦੇ ਸਮੁੱਚੇ ਨੇਤਾ ਅਜਿਹੇ ਲੋਕਾਂ ਵਿੱਚੋਂ ਸੰਘਰਸ਼ ਕਰਦਿਆਂ ਬਹੁਤ ਉਤਾਰ-ਚੜ੍ਹਾਵਾਂ ਤੇ ਗੰਭੀਰ ਸਥਿਤੀਆਂ ਵਿੱਚ ਅੱਗੇ ਵਧੇ। ਉਨ੍ਹਾਂ ‘ਚੋਂ ਬਹੁਤੇ ਨਹੀਂ, ਸਗੋਂ ਲਗਭਗ ਸਾਰੇ ਨੇਤਾ ਅਜਿਹੇ ਲੋਕਾਂ ਵਿੱਚੋਂ ਉਠ ਕੇ ਮੰਤਰੀ ਬਣੇ ਹਨ, ਜੋ ਕਿਸੇ ਗਿਣਤੀ ਵਿੱਚ ਨਹੀਂ ਹੁੰਦੇ। ਇਹੋ ਵਜ੍ਹਾ ਹੈ ਕਿ ਉਹ ਚੋਣਾਂ ਹਾਰਨ ਜਾਂ ਆਪਣਾ ਅਹੁਦਾ ਗੁਆਉਣ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਇੰਨਾ ਭਰੋਸਾ ਨਹੀਂ ਹੁੰਦਾ ਕਿ ਉਹ ਦੁਬਾਰਾ ਇਸ ਨੂੰ ਹਾਸਲ ਕਰ ਸਕਣਗੇ ਜਾਂ ਨਹੀਂ।
ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਉਸ ਦੇ ਲਈ ਇਸ ਵਕਤ ਜ਼ਿੰਦਗੀ-ਮੌਤ ਦਾ ਸੰਘਰਸ਼ ਹੈ। ਸਾਰੇ ਕਾਂਗਰਸੀ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹਨ, ਪਰ ਇਸ ਸੰਘਰਸ਼, ਭਾਵ ਚੋਣਾਂ ਦੀ ਪ੍ਰਕਿਰਿਆ ਵਿੱਚ ਜੋ ਕੁਝ ਵਾਪਰਦਾ ਹੈ, ਉਹ ਸ਼ਰਮਨਾਕ ਅਤੇ ਦਿਲ ਤੋੜ ਦੇਣ ਵਾਲਾ ਹੈ।
ਮੈਂ ਇੱਕ ਸਿਆਸੀ ਪਰਵਾਰ ਵਿੱਚ ਪਲੀ-ਵਧੀ ਹਾਂ। ਮੇਰੇ ਪਿਤਾ ਅਤੇ ਭਰਾ ਨੇ ਚੋਣਾਂ ਲੜੀਆਂ ਸਨ, ਜਿਨ੍ਹਾਂ ਤੋਂ ਮੈਂ ਤਜਰਬਾ ਹਾਸਲ ਕੀਤਾ ਕਿ ਚੋਣਾਂ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਹਨ। ਉਸ ਜ਼ਮਾਨੇ ਵਿੱਚ ਚੋਣਾਂ ਇੱਕ ਤਰ੍ਹਾਂ ਦੋਸਤਾਨਾ ਦੰਗਲ ਹੁੰਦੀਆਂ ਸਨ, ਮੁੱਦਿਆਂ ਉਤੇ ਲੜੀਆਂ ਜਾਂਦੀਆਂ ਸਨ, ਨਿੱਜੀ ਗੱਲਾਂ ਦੇ ਆਧਾਰ ਉਤੇ ਨਹੀਂ। ਉਹ ਮੁੱਦੇ ਚੋਣ ਹਲਕੇ ਦੇ ਲੋਕਾਂ ਲਈ ਕੀਤੇ ਕੰਮ, ਤੈਅ ਕੀਤੀਆਂ ਨੀਤੀਆਂ ਤੇ ਹਰ ਸ਼ਹਿਰੀ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਲਈ ਹੋਏ ਯਤਨਾਂ ਨਾਲ ਸੰਬੰਧਤ ਹੁੰਦੇ ਸਨ, ਉਹ ਮੁੱਦੇ ਵਿਕਾਸ, ਸੁਰੱਖਿਆ, ਸਿਖਿਆ ਅਤੇ ਇੱਕ-ਦੂਜੇ ਦੀ ਭਲਾਈ ਨਾਲ ਸੰਬੰਧਤ ਹੁੰਦੇ ਸਨ, ਪਾਰਟੀ ਵਫਾਦਾਰੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ ਸੀ।
ਮੈਨੂੰ ਅਜੇ ਤੱਕ ਯਾਦ ਹੈ ਕਿ ਨਿੱਜੀ ਹਮਲੇ ਪੂਰੀ ਤਰ੍ਹਾਂ ਵਰਜਿਤ ਸਨ, ਪਰ ਅੱਜਕੱਲ੍ਹ ਕਿਸੇ ਕਾਰੋਬਾਰੀ ਦੀ ਫੋਟੋ ਦਿਖਾ ਕੇ ਪੁੱਛਿਆ ਜਾਂਦਾ ਹੈ ਕਿ ‘ਇਸ ਵਿਅਕਤੀ ਨਾਲ ਤੁਹਾਡਾ ਕੀ ਲੈਣਾ-ਦੇਣਾ ਹੈ?’ ਪੁਰਾਣੇ ਜ਼ਮਾਨੇ ਵਿੱਚ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ ਸਨ। ਉਦੋਂ ਕੋਈ ਵਪਾਰੀ ਸ਼ਾਇਦ ਅਚਾਨਕ ਕਿਸੇ ਕੰਮ ਲਈ ਆਇਆ ਹੋਇਆ ਮੰਨਿਆ ਜਾਂਦਾ ਸੀ ਜਾਂ ਕਿਸੇ ਦੇ ਘਰ ਅਚਾਨਕ ਪਰਵਾਰਕ ਸਮਾਗਮ ਵਿੱਚ ਉਸ ਨਾਲ ਮੇਲ ਹੋ ਜਾਂਦਾ ਸੀ। ਇਹ ਵੀ ਹੋ ਸਕਦਾ ਸੀ ਕਿ ਉਸ ਕਾਰੋਬਾਰੀ ਨੇ ਮੀਟਿੰਗ ਲਈ ਸਮਾਂ ਮੰਗਿਆ ਹੋਵੇ, ਪਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹ ਵਿਅਕਤੀ ਭਿ੍ਰਸ਼ਟ ਹੈ?
ਕੀ ਅੱਜਕੱਲ੍ਹ ਲੋਕਾਂ ਕੋਲ ਕੋਈ 6ਵੀਂ ਸੈਂਸ ਹੈ, ਜਿਸ ਨਾਲ ਉਨ੍ਹਾਂ ਨੂੰ ਕਿਸੇ ਕਾਰੋਬਾਰੀ ਦੇ ਭਿ੍ਰਸ਼ਟ ਹੋਣ ਦਾ ਪਤਾ ਲੱਗ ਜਾਂਦਾ ਹੈ? ਲੋਕ ਇਹ ਕਿਵੇਂ ਜਾਣ ਸਕਦੇ ਹਨ ਕਿ ਕਦੋਂ ਕਿਸੇ ਕਾਰੋਬਾਰੀ ਨੇ ਕਿਸੇ ਸਿਆਸਤਦਾਨ ਨਾਲ ਮੁਲਾਕਾਤ ਲਈ ਸਮਾਂ ਮੰਗਣਾ ਹੈ? ਜੇ ਤੁਹਾਡੇ ਕੋਲ ਕੋਈ ਵਧੀਆ ਕਾਰੋਬਾਰੀ ਮੁਲਾਕਾਤ ਲਈ ਆਉਂਦਾ ਹੈ ਤਾਂ ਤੁਹਾਨੂੰ ਉਸ ਨੂੰ ਸਮਾਂ ਦੇਣਾ ਹੀ ਪੈਂਦਾ ਹੈ। ਆਖਿਰ ਅਜਿਹੇ ਲੋਕ ਦੇਸ਼ ਦੀ ਅਰਥ ਵਿਵਸਥਾ ਦੀ ਚਾਲਕ ਸ਼ਕਤੀ ਹੁੰਦੇ ਹਨ ਤੇ ਇਹੋ ਲੋਕ ਗਰੀਬਾਂ ਲਈ ਰੋਜ਼ਗਾਰਾਂ ਦੀ ਸਿਰਜਣਾ ਕਰਦੇ ਹਨ। ਅੱਜਕੱਲ੍ਹ ਬੇਹੂਦਗੀ ਦੀ ਹੱਦ ਹੋ ਗਈ ਹੈ।
ਕਰਨਾਟਕ ਦੀਆਂ ਚੋਣਾਂ ਵਿੱਚ ਮੈਂ ਕੁਝ ਕਾਰੋਬਾਰੀਆਂ ਨੂੰ ਦੇਖਿਆ ਜਿਨ੍ਹਾਂ ਦੀਆਂ ਫੋਟੋਆਂ ਟੀ ਵੀ ਚੈਨਲਾਂ ਉਤੇ ਇਹ ਕਹਿੰਦਿਆਂ ਦਿਖਾਈਆਂ ਜਾ ਰਹੀਆਂ ਹਨ ਕਿ ‘ਇਸ ਵਿਅਕਤੀ ਨੇ ਵੀ ਸਿਆਸਤਦਾਨਾਂ ਨਾਲ ਫੋਟੋ ਖਿਚਵਾਈ ਸੀ।’ ਫੋਟੋ ਖਿਚਵਾਈ ਸੀ ਤਾਂ ਭਲਾ ਕੀ ਅਸਮਾਨ ਟੁੱਟ ਪਿਆ? ਅਸੀਂ ਇੱਕ ਆਜ਼ਾਦ ਦੇਸ਼ ਵਿੱਚ ਰਹਿੰਦੇ ਹਾਂ। ਤੁਸੀਂ ਪਹਿਲਾਂ ਹੀ ਕਿਵੇਂ ਜਾਣ ਸਕਦੇ ਹੋ ਕਿ ਵਿਜੇ ਮਾਲਿਆ, ਨੀਰਵ ਮੋਦੀ ਜਾਂ ਲਲਿਤ ਮੋਦੀ ਠੱਗ ਹਨ? ਜੇ ਇੱਕ ਵਾਰ ਉਨ੍ਹਾਂ ਨੂੰ ਠੱਗ ਐਲਾਨ ਦਿੱਤਾ ਗਿਆ ਹੋਵੇ ਤਾਂ ਕੋਈ ਵੀ ਵਿਅਕਤੀ ਜਨਤਕ ਜੀਵਨ ਵਿੱਚ ਉਨ੍ਹਾਂ ਨਾਲ ਦਿਖਾਈ ਨਹੀਂ ਦੇਣਾ ਚਾਹੇਗਾ ਅਤੇ ਨਾ ਹੀ ਸਮਾਜਕ ਸਮਾਗਮਾਂ ਵਿੱਚ ਉਨ੍ਹਾਂ ਨਾਲ ਨੇੜਤਾ ਵਧਾਏਗਾ।
ਮੈਂ ਜਾਣਦੀ ਹਾਂ ਕਿ ਵਿਜੇ ਮਾਲਿਆ ਅਤੇ ਲਲਿਤ ਮੋਦੀ ਲੰਡਨ ਦੇ ਸਮਾਜਕ ਦਾਇਰਿਆਂ ਵਿੱਚ ਬਹੁਤ ਤਾਕਤਵਰ ਹੈਸੀਅਤ ਰੱਖਣ ਵਾਲੇ ਬਹੁਤ ਸਾਰੇ ਸਿਆਸਤਦਾਨਾਂ ਨੂੰ ਦਾਅਵਤਾਂ ਦਿੰਦੇ ਰਹੇ ਹਨ। ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਜੁਗਾੜ ਇਹੋ ਦੋ ਬੰਦੇ ਕਰਦੇ ਸਨ ਅਤੇ ਇਨ੍ਹਾਂ ਦੀਆਂ ਕਾਰਾਂ ਅਤੇ ਇਨ੍ਹਾਂ ਵੱਲੋਂ ਦਿੱਤੇ ਗਏ ਜਹਾਜ਼ ਇਸਤੇਮਾਲ ਕਰਦੇ ਰਹੇ ਹਨ। ਹੋਰ ਤਾਂ ਹੋਰ ਇਨ੍ਹਾਂ ਦੇ ਹੋਟਲਾਂ ਦੇ ਬਿੱਲ ਵੀ ਸ਼ਾਇਦ ਕਾਰੋਬਾਰੀਆਂ ਵੱਲੋਂ ਸਿੱਧੇ ਜਾਂ ਕਿਸੇ ਵਿਚੋਲੇ ਦੇ ਜ਼ਰੀਏ ਅਦਾ ਕੀਤੇ ਜਾਂਦੇ ਰਹੇ ਹਨ।
ਇਹ ਵਿਹਾਰ ਗਲਤ ਹੈ, ਪਰ 20 ਸਾਲ ਪਹਿਲਾਂ ਅਜਿਹੇ ਕਾਰੋਬਾਰੀਆਂ ਨਾਲ ਕਿਸੇ ਪਾਰਟੀ ਵਿੱਚ ਦੇਖੇ ਜਾਣਾ ਕੋਈ ਬੁਰੀ ਗੱਲ ਨਹੀਂ ਮੰਨੀ ਜਾਂਦੀ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਸਿਆਸੀ ਲੋਕਾਂ ਦੇ ਪਰਵਾਰਾਂ ਵੱਲੋਂ ਕਿਸੇ ਤਰ੍ਹਾਂ ਦੇ ਤੋਹਫੇ ਸਵੀਕਾਰ ਨਹੀਂ ਕੀਤੇ ਜਾਂਦੇ ਸਨ। ਮੇਰੇ ਪਿਤਾ ਜੀ ਤਾਂ ਇਸ ਮਾਮਲੇ ਵਿੱਚ ਬਹੁਤ ਕਠੋਰ ਸਨ। ਇਥੋਂ ਤੱਕ ਕਿ ਉਹ ਕਿਸੇ ਕਾਰੋਬਾਰੀ ਵੱਲੋਂ ਭੇਜੇ ਹੋਏ ਸੇਬ, ਅੰਬ ਜਾਂ ਹੋਰ ਕੋਈ ਫੱਲ ਤੱਕ ਸਵੀਕਾਰ ਨਹੀਂ ਕਰਦੇ ਸਨ।
ਉਹ ਜ਼ਮਾਨਾ ਸੀ ‘ਲਾਇਸੈਂਸ ਰਾਜ’ ਦਾ, ਇਸ ਲਈ ਕਾਰੋਬਾਰੀ ਛੋਟੇ-ਛੋਟੇ ਤੋਹਫੇ ਭੇਜ ਕੇ ਕੋਈ ਲਾਇਸੈਂਸ ਲੈਣ ਦੀ ਕੋਸ਼ਿਸ਼ ਕਰਦੇ ਸਨ। ਅਜਿਹੇ ਲੋਕਾਂ ਨੂੰ ‘ਫੂਹੜ’ ਸਮਝਿਆ ਜਾਂਦਾ ਸੀ। ਉਦੋਂ ਕਿਸੇ ਨੂੰ ਰੋਲੈਕਸ ਘੜੀ ਜਾਂ ਮਾਊਂਟ ਬਲਾਂਕ ਪੈਨ ਦੇਣਾ ਵੀ ਬੇਹੂਦਗੀ ਵਾਲੀ ਗੱਲ ਮੰਨਿਆ ਜਾਂਦਾ ਸੀ। ਘੱਟੋ ਘੱਟ ਮੈਂ ਆਪਣੇ ਬਚਪਨ ਵਿੱਚ ਕੋਈ ਅਜਿਹਾ ਤੋਹਫਾ ਦਿੱਤਾ ਜਾਂਦਾ ਜਾਂ ਸਵੀਕਾਰ ਕੀਤਾ ਜਾਂਦਾ ਨਹੀਂ ਦੇਖਿਆ। ਮੈਂ ਪਲੀ-ਵਧੀ ਇੱਕ ਸਰਗਰਮ ਸਿਆਸੀ ਪਰਵਾਰ ਵਿੱਚ ਸੀ, ਪਰ ਕਿਸੇ ਦੇ ਮੂੰਹੋਂ ਘਟੀਆ ਸ਼ਬਦਾਵਲੀ ਜਾਂ ਗਾਲੀ-ਗਲੋਚ ਨਹੀਂ ਸੁਣੀ। ਮੈਂ ਚੋਣਾਂ ਦੌਰਾਨ ਵੀ ਲੋਕਾਂ ਨੂੰ ਦਿਨ-ਰਾਤ ਇੱਕ ਕਰਦਿਆਂ ਦੇਖਦੀ ਰਹੀ ਹਾਂ ਅਤੇ ਇਹ ਸਾਰੀ ਮਿਹਨਤ ਨਵੀਆਂ ਸੜਕਾਂ, ਨਵੇਂ ਸਕੂਲ, ਨਵੇਂ ਹਸਪਤਾਲਾਂ ਦੀ ਉਸਾਰੀ ਨਾਲ ਸੰਬੰਧਤ ਹੁੰਦੀ ਸੀ। ਉਦੋਂ ਅਜਿਹੀਆਂ ਇਮਾਰਤਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ ਸੀ, ਸਗੋਂ ਉਨ੍ਹਾਂ ਦੀ ਉਸਾਰੀ ਕੀਤੀ ਜਾਂਦੀ ਸੀ, ਪਰ ਅੱਜਕੱਲ੍ਹ ਪਤਾ ਨਹੀਂ ਸਿਆਸਤਦਾਨ ਕਿਸ-ਕਿਸ ਚੀਜ਼ ਦੀ ਮਨਜ਼ੂਰੀ ਦੇ ਦਿੰਦੇ ਹਨ? ਇਹ ਮਨਜ਼ੂਰੀਆਂ ਸਿਰਫ ਕਾਗਜ਼ੀ ਹੁੰਦੀਆਂ ਹਨ ਤੇ ਕਦੇ ਵੀ ਸਾਕਾਰ ਰੂਪ ਗ੍ਰਹਿਣ ਨਹੀਂ ਕਰਦੀਆਂ।
ਮੈਂ ਰੋਜ਼ ਨਵੀਆਂ ਨਵੀਆਂ ਯੋਜਨਾਵਾਂ ਬਾਰੇ ਸੁਣਦੀ ਹਾਂ, ਪਰ ਇਹ ਯੋਜਨਾਵਾਂ ਸਿਰਫ ਟੀ ਵੀ ਸਕਰੀਨ ਤੱਕ ਸੀਮਤ ਰਹਿੰਦੀਆਂ ਹਨ। ਹੋ ਸਕਦਾ ਹੈ ਕਿ ਮੰਤਰੀ ਮੰਡਲ ਤੋਂ ਵੀ ਉਨ੍ਹਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੋਵੇ, ਪਰ ਉਨ੍ਹਾਂ ‘ਤੇ ਕਾਰਵਾਈ ਕੁਝ ਨਹੀਂ ਹੁੰਦੀ। ਇਹ ਸਿਰਫ ‘ਸ਼ੋਅ ਬਿਜ਼ਨਸ’ ਬਣ ਕੇ ਰਹਿ ਗਿਆ ਹੈ, ਜਿੱਥੇ ਕਿਸੇ ਵੀ ਗੱਲ ਦੀ ਮਹਤੱਤਾ ਸਿਰਫ ਇੱਕ ‘ਈਵੈਂਟ’ ਹੀ ਹੁੰਦੀ ਹੈ, ਪਰ ਮੇਰਾ ਮੰਨਣਾ ਹੈ ਕਿ ਲੋਕ ਹੁਣ ਇਸ ਡਰਾਮੇਬਾਜ਼ੀ ਨੂੰ ਸਮਝ ਚੁੱਕੇ ਹਨ ਅਤੇ ਅਮਲੀ ਅਰਥਾਂ ‘ਚ ਕੰਮ ਹੁੰਦਾ ਦੇਖਣਾ ਚਾਹੁੰਦੇ ਹਨ। ਮੈਂ ਸਿਆਸਤਦਾਨਾਂ ‘ਤੇ ਨਿੱਜੀ ਹਮਲਿਆਂ ਤੋਂ ਤੰਗ ਆ ਚੁੱਕੀ ਹਾਂ ਅਤੇ ਭਿ੍ਰਸ਼ਟਾਚਾਰ ਤੋਂ ਵੀ, ਇਸ ਲਈ ਚਾਹੁੰਦੀ ਹਾਂ ਕਿ ਸੜਕਾਂ, ਹਸਪਤਾਲਾਂ ਅਤੇ ਸਿਖਿਆ ਬਾਰੇ ਜ਼ਮੀਨੀ ਪੱਧਰ ‘ਤੇ ਕੰਮ ਹੋਣਾ ਚਾਹੀਦਾ ਹੈ।