ਲੋਕ ਸੰਪਰਕ ਵਿਭਾਗ ਦੇ ਡਿਪਟੀ ਤੇ ਜਾਇੰਟ ਡਾਇਰੈਕਟਰ ਦੀਆਂ ਪੋਸਟਾਂ ਤੋਂ ਵਿਵਾਦ ਛਿੜਿਆ

ppsc building
ਪਟਿਆਲਾ, 18 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਅਤੇ ਜਾਇੰਟ ਡਾਇਰੈਕਟਰਾਂ ਦੀਆਂ ਅਸਾਮੀਆਂ ਪੂਰੀ ਕਰਨ ਦੇ ਮਾਮਲੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ ਪੀ ਐਸ ਸੀ) ਵਿਵਾਦ ਵਿੱਚ ਘਿਰ ਗਿਆ ਹੈ। ਕਮਿਸ਼ਨ ਦੀ ਵੈਬਸਾਈਟ Ḕਤੇ ਪਾਈ ਸੂਚੀ ਵਿੱਚ ਯੋਗ ਪਾਏ ਉਮੀਦਵਾਰਾਂ ਵਿੱਚੋਂ ਦੋ ਜਣਿਆਂ ਦੀ ਯੋਗਤਾ ਘੱਟ ਹੋਣ ਕਾਰਨ ਕਮਿਸ਼ਨ ਦੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਇਸ ਸਬੰਧੀ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ।
ਸ਼ਿਕਾਇਤ ਕਰਤਾਵਾਂ ਨੇ ਮੀਡੀਆ ਨੂੰ ਦੱਸਿਆ ਕਿ ਡਿਪਟੀ ਡਾਇਰੈਕਟਰ ਦੀ ਅਸਾਮੀ ਲਈ ਯੋਗ ਦੱਸੇ ਗਏ ਸ਼ਬੇਗ ਸਿੰਘ ਦੀ ਯੋਗਤਾ ਵਿੱਚ ਵੱਡਾ ਫਰਕ ਹੈ। ਏਦਾਂ ਹੀ ਜਾਇੰਟ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਦੀ ਅਸਾਮੀ ਲਈ ਯੋਗ ਬਣਾਈ ਰੁਚੀ ਕਾਲੜਾ ਦੀ ਯੋਗਤਾ ਵੀ ਠੀਕ ਨਹੀਂ। ਰੁਚੀ ਕਾਲੜਾ ਨੇ ਡਿਪਲੋਮਾ ਪੋਸਟ ਗਰੈਜੂਏਟ ਐਡਵਰਟਾਈਜ਼ਿੰਗ ਅਤੇ ਮਾਰਕੀਟਿੰਗ ਦਾ ਕੀਤਾ ਹੈ ਤੇ ਉਸ ਦਾ ਕੇਸ ਵਿਜੀਲੈਂਸ ਦੀ ਪੜਤਾਲ ਹੇਠ ਹੈ। ਡਿਪਟੀ ਡਾਇਰੈਕਟਰ ਦੀ ਅਸਾਮੀ ਲਈ ਯੋਗ ਬਣਾਏ ਉਮੀਦਵਾਰ ਸ਼ਬੇਗ ਸਿੰਘ ਕੋਲ ਪੂਰਾ ਤਜਰਬਾ ਨਹੀਂ ਹੈ। ਸ਼ਿਕਾਇਤ ਅਨੁਸਾਰ ਉਸ ਕੋਲ ਸਿਰਫ ਸਬ ਐਡੀਟਰ ਵਜੋਂ ਤਜਰਬਾ ਹੈ।
ਇਸ ਬਾਰੇ ਰੁਚੀ ਕਾਲੜਾ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਖਿਲਾਫ ਵਿਜੀਲੈਂਸ ਪੜਤਾਲ ਚੱਲ ਰਹੀ ਹੈ, ਪਰ ਵਿਭਾਗ ਨੇ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤਾ ਹੈ। ਯੋਗਤਾ ਬਾਰੇ ਉਨ੍ਹਾਂ ਕਿਹਾ ਕਿ ਉਹ 15 ਸਾਲਾਂ ਤੋਂ ਲੋਕ ਸੰਪਰਕ ਵਿਭਾਗ ਵਿੱਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਝੂਠੀ ਸ਼ਿਕਾਇਤ ਕੀਤੀ ਗਈ ਹੈ। ਇਸ ਦੌਰਾਨ ਡਾਇਰੈਕਟਰ ਸੇਨੂ ਦੁੱਗਲ ਨੇ ਕਿਹਾ ਕਿ ਰੁਚੀ ਕਾਲੜਾ ਬਾਰੇ ਕੇਸ ਦੀ ਜਾਂਚ ਸਕੱਤਰ ਦੇ ਦਫਤਰ ਵਿੱਚ ਚੱਲ ਰਹੀ ਹੈ।
ਸ਼ਬੇਗ ਸਿੰਘ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਕੋਲ ਨਿਊਜ਼ ਐਡੀਟਰ ਜਾਂ ਅਸਿਸਟੈਂਟ ਐਡੀਟਰ ਦਾ ਤਜਰਬਾ ਨਹੀਂ, ਪਰ ਉਹ ਹੋਰ ਹਰ ਯੋਗਤਾ ਪੂਰੀ ਕਰਦੇ ਹਨ। ਕਮਿਸ਼ਨ ਦੇ ਸਕੱਤਰ (ਪ੍ਰੀਖਿਆ) ਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਸ਼ਬੇਗ ਸਿੰਘ ਬਾਰੇ ਵਿਚਾਰ ਕਰਨਗੇ ਤੇ ਰੁਚੀ ਕਾਲੜਾ ਖਿਲਾਫ ਸ਼ਿਕਾਇਤਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਦੀ ਪੀ ਆਰ ਅਤੇ ਮਾਰਕੀਟਿੰਗ ਤੇ ਐਡਵਰਟਾਈਜ਼ਿੰਗ ਦੀ ਸਮਾਨਤਾ ਬਾਰੇ ਦੋ ਯੂਨੀਵਰਸਿਟੀਆਂ ਤੋਂ ਪੱਖ ਲੈ ਲਿਆ ਹੈ ਤੇ ਇਸ ਨੂੰ ਸਾਮਾਨ ਕਰਾਰ ਦਿੱਤਾ ਹੈ।