ਲੋਕ ਮੈਨੂੰ ਨਹੀਂ ਭੁੱਲਣਗੇ : ਕਰੀਨਾ ਕਪੂਰ

kareena kapoor
ਫਿਲਮ ਨਗਰੀ ਦੀ ਸਭ ਤੋਂ ਖੂਬਸੂਰਤ ਤੇ ਟੇਲੈਂਟਿਡ ਅਦਾਕਾਰਾ ਕਰੀਨਾ ਕਪੂਰ ਖਾਨ ਬਿਨਾਂ ਸ਼ੱਕ ਅੱਜ ਮਾਂ ਬਣਨ ਤੋਂ ਬਾਅਦ ਵੀ ਨੰਬਰ ਵਨ ਦੀ ਪੁਜ਼ੀਸ਼ਨ ‘ਤੇ ਕਾਇਮ ਹੈ। ਲੋਕਾਂ ਅਤੇ ਸਮਾਜ ਪ੍ਰਤੀ ਅੱਜ ਵੀ ਉਸ ਦਾ ਨਜ਼ਰੀਆ ਸਪੱਸ਼ਟ ਹੈ। ਉਹ ਹਰ ਮਸਲੇ ‘ਤੇ ਖੁੱਲ੍ਹ ਕੇ ਬੋਲਦੀ ਹੈ। ਆਪਣੇ ਕਰੀਅਰ ‘ਚ ਉਸ ਨੇ ਜਿੱਥੇ ਅਣਗਿਣਤ ਕਮਰਸ਼ੀਅਲ ਹਿੱਟ ਫਿਲਮਾਂ ਦਿੱਤੀਆਂ, ਉਥੇ ‘ਚਮੇਲੀ’, ‘ਕੁਰਬਾਨ’ ਤੇ ‘ਹੀਰੋਇਨ’ ਵਰਗੀਆਂ ਲੀਕ ਤੋਂ ਹੱਟ ਕੇ ਫਿਲਮਾਂ ਕੀਤੀਆਂ। ਇਸ ਸਾਲ ਉਹ ਫਿਲਮ ‘ਵੀਰੇ ਦੀ ਵੈਡਿੰਗ’ ‘ਚ ਨਜ਼ਰ ਆਏਗੀ। ਪੇਸ਼ ਹਨ ਉਸ ਨਾਲ ਇੱਕ ਗੱਲਬਾਤ ਦੇ ਅੰਸ਼ :
* ਮਾਂ ਬਣਨ ਤੋਂ ਬਾਅਦ ਤੁਹਾਡੀਆਂ ਪਹਿਲ ਕਦਮੀਆਂ ‘ਚ ਕਿਸ ਹੱਦ ਤੱਕ ਤਬਦੀਲੀ ਆਈ ਹੈ?
– ਜ਼ਿੰਦਗੀ ਵਿੱਚ ਕਿਸ ਚੀਜ਼ ਨੂੰ ਪਹਿਲ ਦੇਣੀ ਹੈ, ਇਹ ਹਾਲਾਤ ਅਨੁਸਾਰ ਬਦਲਦਾ ਰਹਿੰਦਾ ਹੈ। ਸਭ ਤੋਂ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ, ਮੇਰੀ ਪਹਿਲੀ ਬਦਲੀ। ਫਿਰ ਉਦੋਂ ਬਦਲੀ ਜਦੋਂ ਮਾਂ ਬਣੀ। ਇਸ ਲਈ ਇਕੱਠੇ ਬਹੁਤ ਸਾਰੇ ਕੰਮ ਮੈਂ ਸ਼ੁਰੂ ਤੋਂ ਕਰਦੀ ਆਈ ਹਾਂ। ਮੇਰੀ ਸਮਝ ‘ਚ ਹਰ ਔਰਤ ਨੂੰ ਇਹ ਗੱਲ ਸਮਝਣੀ ਤੇ ਸਿੱਖਣੀ ਚਾਹੀਦੀ ਹੈ। ਸਾਰਿਆਂ ਦੇ ਬੱਚੇ ਹੁੰਦੇ ਹਨ ਅਤੇ ਸਾਰੇ ਆਪਣੀ ਜ਼ਿੰਦਗੀ ਨੂੰ ਮੈਨੇਜ ਕਰਦੇ ਹਨ। ਮੈਂ ਵੀ ਇਸ ਵਿੱਚ ਸ਼ਾਮਲ ਹਾਂ ਤੇ ਆਪਣੇ ਹਿਸਾਬ ਨਾਲ ਮੈਨੇਜ ਕਰ ਰਹੀ ਹਾਂ।
* ਕੀ ਮਾਂ ਬਣਨ ਨਾਲ ਤੁਹਾਡਾ ਸਕ੍ਰਿਪਟ ਚੁਣਨ ਦਾ ਨਜ਼ਰੀਆ ਵੀ ਬਦਲ ਚੁੱਕਾ ਹੈ?
– ਮੈਨੂੰ ਨਹੀਂ ਲੱਗਦਾ ਕਿ ਮਾਂ ਬਣਨ ਤੋਂ ਬਾਅਦ ਅਜਿਹੀ ਕੁਝ ਤਬਦੀਲੀ ਆਉਂਦੀ ਹੈ। ਮਾਂ ਬਣਨਾ ਤੇ ਅਭਿਨੈ ਲਈ ਸਕ੍ਰਿਪਟ ਚੁਣਨਾ ਦੋ ਵੱਖ-ਵੱਖ ਚੀਜ਼ਾਂ ਹਨ। ਇਹ ਮੇਰਾ ਫਿਲਮੀ ਕਰੀਅਰ ਹੈ। ਜੇ ਮੈਨੂੰ ਕੋਈ ਸਕ੍ਰਿਪਟ ਚੰਗੀ ਲੱਗੇ ਤਾਂ ਮੈਂ ਉਸ ਨੂੰ ਗ੍ਰੀਨ ਸਿਗਨਲ ਦਿਆਂਗੀ, ਨਹੀਂ ਤਾਂ ਨਹੀਂ।
* ਨਿੱਜੀ ਜ਼ਿੰਦਗੀ ‘ਚ ਤੁਸੀਂ ਬੜੇ ਖੁਸ਼ਮਿਜਾਜ਼ ਤੇ ਦਿਲਚਸਪ ਦੌਰ ‘ਚੋਂ ਲੰਘ ਰਹੇ ਹੋ ਅਤੇ ਫਿਲਹਾਲ ਇੱਕ ਹੀ ਫਿਲਮ ਵਿੱਚ ਕੰਮ ਕਰਨ ਜਾ ਰਹੇ ਹੋ? ਭਵਿੱਖ ਵਿੱਚ ਕੀ ਇਸ ਪਲਾਨ ‘ਚ ਕੋਈ ਤਬਦੀਲੀ ਆਏਗੀ?
– ਦੇਖੋ, ਜਦੋਂ ਮੈਂ ਵਿਆਹ ਕੀਤਾ ਸੀ, ਉਦੋਂ ਤੋਂ ਹਮੇਸ਼ਾ ਇੱਕ ਸਮੇਂ ‘ਚ ਇੱਕ ਹੀ ਫਿਲਮ ਕਰ ਰਹੀ ਹਾਂ। ਇੱਕ ਫਿਲਮ ਕਰਨ ਤੋਂ ਇੱਕ ਬ੍ਰੇਕ ਤੇ ਫਿਰ ਦੂਜੀ ਫਿਲਮ। ਮੈਂ ਅਤੇ ਸੈਫ ਦੋਵੇਂ ਇਸੇ ਰਣਨੀਤੀ ‘ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ।
* ਕੀ ‘ਵੀਰੇ ਦੀ ਵੈਡਿੰਗ’ ਤੋਂ ਇਲਾਵਾ ਹੋਰ ਵੀ ਆਫਰ ਆ ਰਹੇ ਹਨ?
-ਹਾਂ, ਸਕ੍ਰਿਪਟਸ ਪੜ੍ਹਨਾ ਜਾਰੀ ਹੈ ਤੇ ਇਸ ਦੇ ਨਾਲ ਨਾਲ ਮੇਰਾ ਕੰਮ ਵੀ ਜਾਰੀ ਹੈ। ਮੈਂ ਤਾਂ ਪ੍ਰੈਗਨੈਂਸੀ ਦੌਰਾਨ ਵੀ ਕੰਮ ਕੀਤਾ। ਫਿਲਹਾਲ ‘ਵੀਰੇ ਦੀ ਵੈਡਿੰਗ’ ਮੇਰੀ ਪਹਿਲ ਹੈ। ਇਹ ਪੂਰੀ ਹੋਣ ਤੋਂ ਬਾਅਦ ਹੀ ਕਿਸੇ ਦੂਜੀ ਫਿਲਮ ‘ਚ ਹੱਥ ਪਾਵਾਂਗੀ। ਇੱਕ ਸਮੇਂ ‘ਚ ਦੋ ਫਿਲਮਾਂ ਨਹੀਂ ਕਰਨਾ ਚਾਹੁੰਦੀ ਹਾਂ।
* ਆਪਣੀ ਜ਼ਿੰਦਗੀ ਵਿੱਚ ਹੁਣ ਤੱਕ ਤੁਸੀਂ ਸਭ ਤੋਂ ਵੱਧ ਰੋਮਾਂਚਕ ਕੀ ਕੀਤਾ ਹੈ?
– ਮੇਰੇ ਖਿਆਲ ਵਿੱਚ ਰਣਥੰਭੌਰ ‘ਚ ਟਾਈਗਰ ਦਾ ਪਿੱਛਾ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਰੋਮਾਂਚਕ ਪਲ ਸੀ। ਉਹ ਵਾਕਈ ਕਿਸੇ ਸੁਫਨੇ ਦੇ ਸੱਚ ਹੋਣ ਵਰਗਾ ਸੀ। ਤੁਸੀਂ ਕਿਸੇ ਟਾਈਗਰ ਨੂੰ ਓਨੇ ਨੇੜਿਓਂ ਦੇਖਣ ਦੀ ਕਲਪਨਾ ਨਹੀਂ ਕਰ ਸਕਦੇ। ਇੱਕ ਵਾਰ ਫਿਰ ਉਹ ਤਜਰਬਾ ਲੈਣ ਦਾ ਮਨ ਕਰਦਾ ਹੈ, ਇਸ ਲਈ ਉਥੇ ਜਾਣਾ ਚਾਹਾਂਗੀ। ਮੈਂ ਅਲਾਸਕਾ ਜਾਂ ਅੰਟਾਰਟਿਕਾ ਵੀ ਜਾਣਾ ਚਾਹਾਂਗੀ ਕਿਉਂਕਿ ਸੈਫ ਅਤੇ ਮੈਂ ਦੋਵੇਂ ਹੀ ਉਥੋਂ ਦੀ ਵਾਈਲਡ ਲਾਈਫ ਦੇਖਣਾ ਚਾਹੰੁਦੇ ਹਾਂ।