ਲੋਕਾਂ ਨੂੰ ਇਨਸਾਫ ਦੇਣ ਵਾਲੇ ਜੱਜ ਦੇ ਆਪਣੇ ਨਾਲ ਧੱਕਾ ਹੋ ਗਿਆ

ss saron
* ਸੀਨੀਅਰ ਹੋਣ ਦੇ ਬਾਵਜੂਦ ਜਸਟਿਸ ਸਾਰੋਂ ਚੀਫ ਜੱਜ ਨਹੀਂ ਬਣਾਏ ਗਏ
ਚੰਡੀਗੜ੍ਹ, 3 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਮੌਕੇ ਹਰਿਆਣਾ ਵਿੱਚ ਕਾਨੂੰਨ ਦਾ ਰਾਜ ਯਕੀਨੀ ਕਰਨ ਵਾਲਾ ਹਾਈ ਕੋਰਟ ਦਾ ਮੁੱਖ ਜੱਜ ਆਪਣੇ ਲਈ ਇਨਸਾਫ ਦਾ ਮਿਲਣਾ ਯਕੀਨੀ ਨਹੀਂ ਸੀ ਕਰ ਸਕਿਆ।
ਤਿੰਨ ਸਤੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾਮੁਕਤ ਹੋਣ ਵਾਲੇ ਜਸਟਿਸ ਸੁਰਿੰਦਰ ਸਿੰਘ ਸਾਰੋਂ ਪਿਛਲੇ ਸਾਲ ਅਪ੍ਰੈਲ ਵਿੱਚ ਜਸਟਿਸ ਸਤੀਸ਼ ਕੁਮਾਰ ਮਿੱਤਲ ਦੇ ਸੇਵਾਮੁਕਤ ਹੋਣ ਪਿੱਛੋਂ ਸੀਨੀਅਰ ਸਨ ਤੇ ਉਨ੍ਹਾਂ ਨੂੰ ਚੀਫ ਜਸਟਿਸ ਵਜੋਂ ਤਰੱਕੀ ਮਿਲ ਸਕਦੀ ਸੀ, ਪਰ ਏਦਾਂ ਹੋਇਆ ਨਹੀਂ। ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਅਗਲੇ ਸੀਨੀਅਰ ਜੱਜ ਨੂੰ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਜਾਂਦਾ ਹੈ, ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਵਾਇਤੀ ਤੌਰ ਉੱਤੇ ਦੋ ਸਭ ਤੋਂ ਸੀਨੀਅਰ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ। ਉਨ੍ਹਾਂ ਤੋਂ ਬਾਅਦ ਦੇ ਦੋ ਸੀਨੀਅਰ ਜੱਜਾਂ ਨੂੰ ਵੱਖ-ਵੱਖ ਹਾਈ ਕੋਰਟਾਂ ਦੇ ਚੀਫ ਜਸਟਿਸ ਬਣਾਇਆ ਜਾਂਦਾ ਹੈ। ਦੋ ਜੱਜਾਂ ਨੂੰ ਤਰੱਕੀ ਇਸ ਲਈ ਦਿੱਤੀ ਜਾਂਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੋ ਰਾਜਾਂ ਦੀ ਸਾਂਝੀ ਉੱਚ ਅਦਾਲਤ ਹੈ। ਪਿਛਲੇ ਸਾਲ ਸਾਰੇ ਦੇਸ਼ ਵਿੱਚ ਨਿਯੁਕਤੀਆਂ ਅਤੇ ਤਰੱਕੀਆਂ ਦਾ ਕੰਮ ਲੇਟ ਹੋਇਆ, ਕਿਉਂਕਿ ਜੱਜਾਂ ਦੀਆਂ ਨਿਯੁਕਤੀਆਂ ਬਾਰੇ ਮੈਮੋਰੰਡਮ ਆਫ ਪ੍ਰੋਸੀਜ਼ਰ (ਐੱਮ ਓ ਪੀ) ਨੂੰ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਸੀ। ਫਿਰ ਪ੍ਰਕਿਰਿਆ ਮੁਕੰਮਲ ਹੋ ਗਈ ਤਾਂ ਜਸਟਿਸ ਸਾਰੋਂ ਦੀ ਸੇਵਾਮੁਕਤੀ ਕੁਝ ਮਹੀਨੇ ਹੀ ਦੂਰ ਸੀ। ਲੱਗਦਾ ਸੀ ਕਿ ਸੁਪਰੀਮ ਕੋਰਟ ਕੌਲੇਜੀਅਮ ਨੇ ਇਸ ਸਾਲ ਜੂਨ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੈ ਕੁਮਾਰ ਮਿੱਤਲ ਨੂੰ ਦਿੱਲੀ ਹਾਈ ਕੋਰਟ ਦਾ ਚੀਫ ਜਸਟਿਸ ਚੁਣ ਲਿਆ ਹੈ ਤੇ ਜਸਟਿਸ ਸਾਰੋਂ ਉਨ੍ਹਾਂ ਤੋਂ ਸੀਨੀਅਰ ਸਨ, ਪਰ ਜਸਟਿਸ ਮਿੱਤਲ ਦੀ ਚੀਫ ਜਸਟਿਸ ਵਜੋਂ ਨਿਯੁਕਤੀ ਸਤੰਬਰ ਤੱਕ ਟਾਲ ਦਿੱਤੀ ਗਈ, ਜਿਸ ਦਾ ਮੁੱਖ ਕਾਰਨ ਜਸਟਿਸ ਸਾਰੋਂ ਦੀ ਸੀਨੀਆਰਤਾ ਉਲੰਘਣਾ ਰੋਕਣਾ ਮੰਨਿਆ ਜਾਂਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਜਸਟਿਸ ਸਾਰੋਂ ਦੀ ਸੂਝ ਅਤੇ ਅਕਸ ਬੇਦਾਗ ਹੈ, ਫਿਰ ਵੀ ਉਨ੍ਹਾਂ ਦੀ ਤਰੱਕੀ ਰੋਕ ਦਿੱਤੀ ਗਈ। ਸੇਵਾ ਮੁਕਤੀ ਵਿੱਚ ਮਸਾਂ ਤਿੰਨ ਮਹੀਨੇ ਰਹਿੰਦੇ ਹੋਣ ਕਾਰਨ ਉਨ੍ਹਾ ਨੂੰ ਚੀਫ ਜਸਟਿਸ ਨਹੀਂ ਬਣਾਇਆ ਗਿਆ, ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਐੱਸ ਕੇ ਮਿੱਤਲ ਨੂੰ ਇਸੇ ਤਰ੍ਹਾਂ ਦੇ ਹਾਲਾਤ ਵਿੱਚ ਕਰੀਬ ਇੱਕ ਮਹੀਨੇ ਲਈ ਰਾਜਸਥਾਨ ਹਾਈ ਕੋਰਟ ਦਾ ਚੀਫ ਜਸਟਿਸ ਬਣਾ ਦਿੱਤਾ ਗਿਆ। ਜਸਟਿਸ ਸਾਰੋਂ ਨੂੰ ਕੋਈ ਸ਼ਿਕਾਇਤ ਵੀ ਸੀ ਤਾਂ ਉਨ੍ਹਾਂ ਨੇ ਕਦੇ ਇਸ ਦਾ ਅਸਰ ਕੰਮ ਉੱਤੇ ਨਹੀਂ ਪੈਣ ਦਿੱਤਾ। ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਪਿੱਛੋਂ ਦੰਗੇ ਤੇ ਅੱਗਜ਼ਨੀ ਕੇਸਾਂ ਵਿੱਚ ਉਨ੍ਹਾਂ ਵਰਗਾ ਸਖਤ ਰੁਖ਼ ਪਹਿਲਾਂ ਸ਼ਾਇਦ ਹੀ ਕਦੇ ਕਿਸੇ ਨੇ ਦੇਖਿਆ ਹੋਵੇ।