ਲੋਕਤੰਤਰ

-ਧਾਮੀ ਰਣਜੀਤ ਸਿੰਘ

ਅਪੀਲ ਦਲੀਲ ਮਨਾਹੀ ਤੁਸੀਂ,
ਕਲਮ ਦਵਾਤ ਸਿਆਹੀ ਤੁਸੀਂ,
ਪੀੜ ਵਧਾਈ ਤੁਸੀਂ, ਵੰਡਾਈ ਤੁਸੀਂ,
ਆਪ ਲਿਖੀ ਤੇ ਆਪ ਹੰਢਾਈ ਤੁਸੀਂ,
ਓਸੇ ਕਹਾਣੀ ਦਾ ਇਕ ਪਾਤਰ
ਸਵਤੰਤਰ ਬੋਲ ਰਿਹਾ,
ਦੇਸ਼ ਮੇਰੇ ਦੇ ਲੋਕੋ ਮੈਂ
ਲੋਕਤੰਤਰ ਬੋਲ ਰਿਹਾ।

ਸਦੀਆਂ ਤੋਂ ਚੱਲਿਆ ਸੂਰਾ ਹਾਂ,
ਪਰ ਬਿਨਾਂ ਤੁਹਾਡੇ ਨਾ ਪੂਰਾ ਹਾਂ
ਹੋ ਚੱਲਿਆ ਟੁੱਟ ਹੁਣ ਚੂਰਾ ਹਾਂ
ਮੈਂ ਓਹੀ ਖੁਆਬ ਅਧੂਰਾ ਹਾਂ
ਆਪਣੀ ਹੋਂਦ ਬਚਾਉਣ ਲਈ
ਸਿਵੇ ਸ਼ਹੀਦੀ ਫਰੋਲ ਰਿਹਾ
ਦੇਸ਼ ਮੇਰੇ ਦੇ ਲੋਕੋ ਮੈਂ
ਲੋਕਤੰਤਰ ਬੋਲ ਰਿਹਾ।

ਹਥਿਆਰ ਤੁਸੀਂ, ਪਿਆਰ ਤੁਸੀਂ
ਵਾਰ ਤੁਸੀਂ, ਸ਼ਿਕਾਰ ਤੁਸੀਂ
ਫਤਹਿ ਡਗੇ ਅਤੇ ਹਾਰ ਤੁਸੀਂ
ਫਿਰ ਵੀ ਨਹੀਂ ਗੁਨਾਹਗਾਰ ਤੁਸੀਂ
ਸਾਜ਼ਿਸ਼ਾਂ ਵਿਚਲੀਆਂ ਬਾਹਰਲੀਆਂ ਦੀ
ਪੋਲ ਹਾਂ ਖੋਲ੍ਹ ਰਿਹਾ
ਦੇਸ਼ ਮੇਰੇ ਦੇ ਲੋਕੋ ਮੈਂ
ਲੋਕਤੰਤਰ ਬੋਲ ਰਿਹਾ।

ਡਰ ਨਾਲ ਆਵਾਜ਼ਾਂ ਕੰਬੀਆਂ ਲਈ
ਉਮਰਾਂ ਨਾਲੋਂ ਉਡੀਕਾਂ ਲੰਬੀਆਂ ਲਈ
ਬਗਾਵਤਾਂ ਹਾਰੀਆਂ ਹੰਭੀਆਂ ਲਈ
ਕਲਮਾਂ ਹਥੌੜਿਆਂ ਰੰਬੀਆਂ ਲਈ
ਧਾਮੀ ਰਣਜੀਤ ਸਿੰਘ ਸਹੀ
ਪਰਵਾਨੇ ਟੋਲ ਰਿਹਾ
ਦੇਸ਼ ਮੇਰੇ ਦੇ ਲੋਕੋ ਮੈਂ
ਲੋਕਤੰਤਰ ਬੋਲ ਰਿਹਾ।