ਲੋਕਚੇਤਨਾ ਦਾ ਚਿਰਾਗ- ਅਜਮੇਰ ਔਲਖ

image1ਡਾ ਗੁਰਬਖ਼ਸ਼ ਸਿੰਘ ਭੰਡਾਲ
ਮਾਨਸਾ ਦੇ ਪੱਛੜੇ ਜਹੇ ਪਿੰਡ ਦੀਆਂ ਢੱਠੀਆਂ ਕੰਧਾਂ ਵਾਲੇ ਕੱਚੇ ਘਰ ਵਿਚ, 1942 ਨੂੰ ਪੈਦਾ ਹੋਏ ਬੱਚੇ ਬਾਰੇ, ਕਿਸੇ ਨੇ ਕਿਆਸ ਵੀ ਨਹੀਂ ਕੀਤਾ ਹੋਣਾ ਕਿ ਇਹ ਵੱਡਾ ਹੋ ਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ,ਸਮੁੱਚੇ ਪੰਜਾਬ ਵਿਚ ਲੋਕ-ਚੇਤਨਾ ਅਜੇਹਾ ਚਾਨਣ ਵੰਡੇਗਾ ਕਿ ਆਪਣੇ ਹੱਕਾਂ ਲਈ ਸੰਘਰਸ਼-ਸ਼ੀਲ ਲੋਕਾਂ ਲਈ ਇਕ ਆਸ ਦੀ ਕਿਰਨ ਬਣੇਗਾ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀ, ਕਿਰਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਕਾਰਕੁੰਨ, ਉਸਦੀ ਚੰਗੇਰੀ ਸਿਹਤ ਦੀਆਂ ਦੁਆਵਾਂ ਮੰਗਦੇ ਮੌਤ ਕੋਲੋਂ ਉਸਨੂੰ ਮੋੜ ਲਿਆਉਣਗੇ। ਆਪਣੇ ਸਮਿਆਂ ਦਾ ਰੋਲ ਮਾਡਲ ਅਤੇ ਪੰਜਾਬੀ ਥੀਏਟਰ ਨੂੰ ਆਮ ਲੋਕਾਂ ਦੀ ਪਸੰਦ ਬਣਾਊਣ ਵਾਲੇ ਅਜਮੇਰ ਔਲਖ ਨੂੰ,ਭਾਰਤ ਵਿਚਹੀ ਨਹੀਂ ਵਿਦੇਸ਼ਾਂ ਵਿਚ ਵੀ ਬਹੁਤ ਮਾਣ-ਸਨਮਾਨ ਮਿਲਿਆ ਹੈ।ਪਰ ਸਭ ਤੋਂ ਵੱਡਾ ਸਨਮਾਨ, ਲੋਕਾਂ ਦੀ ਅਪਣੱਤ ਅਤੇ ਮੋਹ ਹੈ ਜੋ ਉਸਦੀ ਲੋਕ-ਮਾਨਤਾ ਦੀ ਤਸਦੀਕ ਹਨ।
ਕੁਝ ਲਿਖਦੇ ਰਹਿਣ ਦੀ ਕੁਦਰਤੀ ਦਾਤ ਨਾਲ ਵਰਸੋਏ ਔਲਖ ਸਾਹਿਬ ਨਿੱਕੇ ਹੁੰਦਿਆਂ ਹੀ ਗੀਤ-ਨੁਮਾ ਕਵਿਤਾਵਾਂ ਲਿਖਦੇ ਸਨ ਜਿਹੜੀਆਂ ਪਿਆਰ ਤੋਂ ਹੱਟ ਕੇ ਨਿਮਨ ਕਿਰਸਾਨੀ ਜਿੰਦਗੀ ਅਤੇ ਸੰਘਰਸ਼ ਦੀ ਗਵਾਹੀ ਭਰਦੀਆਂ ਸਨ। ਉਸ ਉਮਰ ਦਾ ਗੀਤ,
“ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ
ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ
ਹੁਣ ਹੋ ਹੁਸਿ਼ਆਰ
ਕਰ ਜੱਟਾ ਮਾਰੋਮਾਰ
ਜਾ ਕੇ ਵੈਰੀ ਦੇ ਬੂਹੇ `ਤੇ ਅੜ ਜਾ
ਵੈਰੀ ਦੇ ਟਾਕਰੇ ਲਈ ਤਿਆਰ ਹੋ ਕੇ ਖੜ ਜਾ।”
ਹੁਣਤੱਕ ਵੀ ਔਲਖ ਸਾਹਿਬ ਦੇ ਚੇਤਿਆਂ ਵਿਚ ਵੱਸਿਆ ਹੋਇਆ ਹੈ। ਦਸਵੀਂ ਤੋਂ ਬਾਅਦ, ਕਿਰਤੀ ਕਿਰਸਾਨਾਂ ਵਾਲੀ ਮਾਨਸਿਕਤਾ ਨਾਲ ਲਬਰੇਜ਼ ਨਾਵਲ ‘ਜਗੀਰਦਾਰ’ ਵੀ ਲਿਖਿਆ।ਅੱਲੜ ਉਮਰ ਦੀਆਂ 95% ਲਿਖਤਾਂ ਪੇਂਡੂ ਜੀਵਨ ਦੀਆਂ ਮੁਸ਼ਕਲਾਂ ਨੂੰ ਦਰਸਾਉਂਦੀਆਂ ਸਨ। 1965 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਵਿਚ ਐਮ ਏ ਕਰਨ `ਤੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਨੌਕਰੀ ਮਿਲ ਗਈ ਜਿਥੇ ਔਲਖ ਸਾਹਿਬ ਨੇ ਸਾਰੀ ਉਮਰ ਪੜਾਉਣ ਦੇ ਨਾਲ ਨਾਲ, ਕਾਲਜ ਦੇ ਵਿਦਿਆਰਥੀਆਂ ਵਿਚ ਨਾਟਕ ਪ੍ਰਤੀ ਅਜੇਹੀ ਖਿੱਚ ਪੈਦਾ ਕੀਤੀ ਕਿ ਉਹਨਾਂ ਦਾ ਨਾਟਕ ਯੂਨੀਵਰਸਿਟੀ ਫੈਸਟੀਵਲ ਵਿਚ ਹਰ ਵਾਰ ਅਵੱਲ ਆਉਂਦਾ ਸੀ ਕਿਉਂਕਿ ਉਹਨਾਂ ਦੇ ਨਾਟਕ ਜਿੰਦਗੀ ਦੀ ਬਾਤ ਪਾਉਂਦੇ ਹਨ ਅਤੇ ਇਉਂ ਜਾਪਦਾ ਸੀ ਜਿਵੇਂ ਰੰਗ-ਮੰਚ `ਤੇ ਜਿੰਦਗੀ, ਜਿਉਂਦੀ-ਜਾਗਦੀ ਧੜਕ ਰਹੀ ਹੋਵੇ।
ਗੁਰਦਿਆਲ ਵਿਚ ਨਾਵਲਿਸਟ, ਪੋ੍ਰ ਕਰਮਜੀਤ ਸਿੰਘ ਆਦਿ ਵਰਗੇ ਪੰਜਾਬੀ ਸਾਹਿਤਕਾਰਾਂ ਦੀ ਨੇਕ ਸਲਾਹ ਨਾਲ ਅਜਮੇਰ ਔਲਖ ਨੇ ਨਾਟਕ ਖੇਤਰ ਨੂੰ ਪੂਰਨ ਰੂਪ ਵਿਚ ਅਪਣਾ ਲਿਆ। ਉਹਨਾਂ ਦਾ ਨਾਟਕ ‘ਅਰਬਦ ਨਰਬਦ ਧੰਧੂਕਾਰਾ’ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਬਹੁਤ ਜਿ਼ਆਦਾ ਚਰਚਿੱਤ ਰਿਹਾ ਜਿਸ ਦਾ ਵਿਸ਼ਾ ਸੀ ਕਿ ਪਿਆਰ ਤੋਂ ਪਹਿਲਾਂ ਰੋਟੀ ਦਾ ਮਸਲਾ ਆਉਂਦਾ ਹੈ ਜੋ ਸਭ ਤੋਂ ਵੱਡਾ ਮਸਲਾ ਹੈ ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਵੀ ਕਿਹਾ ਸੀ ‘ਹੁਸਨ ਇਸ਼ਕ ਦੀਆਂ ਗੱਲਾਂ, ਵੇ ਬੀਬਾ ਵਿਹਲੇ ਵੇਲੇ ਦੀਆਂ ਗੱਲਾਂ’।
ਆਪਣੇ ਨਾਟਕਾਂ ਨੂੰ ਪਿੰਡਾਂ ਵਿਚ ਲੈ ਕੇ ਜਾਣ ਦੀ ਪਿਰਤ ਅਜੇਹੀ ਪਾਈ ਕਿ ਪਿੰਡਾਂ ਦੇ ਲੋਕ ਉਹਨਾਂ ਦੇ ਨਾਟਕਾਂ ਨਾਲ ਜੁੱੜ ਜਾਂਦੇ ਸਨ ਕਿਉਂਕਿ ਇਹ ਨਾਟਕ ਉਹਨਾਂ ਦੀਆਂ ਮੁਸੀਬਤਾਂ ਅਤੇ ਔਕੜਾਂ ਦੀ ਬਾਤ ਪਾਉਂਦੇ ਸਨ ਜੋ ਕਿ ਮਾਨਸਾ ਵਰਗੇ ਇਲਾਕੇ ਦੇ ਅਜਮੇਰ ਔਲਖ ਲਈ ਬਹੁਤ ਵੱਡੀ ਪ੍ਰਾਪਤੀ ਸੀ। ਲੋਕ-ਹਿੱਤਾਂ ਨੂੰ ਅਰਪਤ ‘ਲੋਕ ਕਲਾ ਮੰਚ ਮਾਨਸਾ’ ਦੀ ਸਥਾਪਨਾ ਅਜੇਹੇ ਮਕਸਦ ਨੂੰ ਲੈ ਕੇ ਕੀਤੀ ਗਈ। ਔਲਖ ਦੇ ਪਾਤਰ ਪੇਂਡੂ ਹੋਣ ਕਾਰਨ, ਉਹਨਾਂ ਦੇ ਕਲਾਕਾਰ ਅਕਸਰ ਹੀ ਪੇਂਡੂ ਹੁੰਦੇ ਹਨ ਕਿਉਂਕਿ ਪੇਂਡੂ ਰਹਿਤਲ ਨੂੰ ਬਿਹਤਰ ਤਰੀਕੇ ਨਾਲ ਉਹੀ ਸਮਝ ਸਕਦਾ ਹੈ ਜਿਸਨੇ ਉਹਨਾਂ ਮੁਸ਼ਕਲਾਂ ਨੂੰ ਹੰਢਾਇਆ ਹੋਵੇ।
ਜੀਵਨ ਦੀ ਸਭ ਤੋਂ ਖੂਬਸੂਰਤ ਯਾਦ ਜਿਸ ਨੇ ਅਜਮੇਰ ਔਲਖ ਨੂੰ ਇਕ ਨਾਟਕਕਾਰ ਵਜੋਂ ਸਥਾਪਤ ਕੀਤਾ, ਬਾਰੇ ਔਲਖ ਸਾਹਿਬ ਦਾ ਕਹਿਣਾ ਹੈ, “ 1979 ਵਿਚ ਐਚ ਐਸ ਭੱਟੀ ਦੀ ਸੰਸਥਾ ਵਲੋ ਤਿੰਨ ਦਿਨਾਂ ਇਕ ਨਾਟਕ ਮੇਲਾ ਟੈਗੋਰ ਥੀਏਟਰ ਚੰਡੀਗੜ੍ਹ ਵਿਚ ਕਰਵਾਇਆ ਗਿਆ। ਸਾਡੇ ਨਾਟਕ ਤੋਂ ਪਹਿਲਾਂ ਹਰਪਾਲ ਟਿਵਾਣਾ ਦਾ ਨਾਟਕ ਸੀ ਜਿਸਦਾ ਸੈਟ ਬਹੁਤ ਹੀ ਵੱਡਾ ਸੀ ਅਤੇ ਉਸ ਨਾਟਕ ਵਿਚ 40 ਅਦਾਕਾਰ ਸਨ ਜੋ ਬਹੁਤ ਹੀ ਹੰਢੇ ਵਰਤੇ ਸਨ। ਸਾਡੇ ਮਨ ਵਿਚ ਹੀਣ-ਭਾਵਨਾ ਅਤੇ ਡਰ ਪੈਦਾ ਹੋ ਗਿਆ ਕਿ ਸਾਡੇ ਕੋਲ ਤਾਂ ਇਕ ਵਾਣ ਦਾ ਮੰਜਾ ਅਤੇ ਇਕ ਖੁੰਢ ਹੈ ਜਿਸਨੂੰ ਨਾਟਕ ਲਈ ਸੈਟ ਵਜੋਂ ਵਰਤਣਾ ਸੀ।ਸਾਡੇ ਕਲਾਕਾਰ ਪਿੰਡਾਂ ਦੇ ਸਨ ਜੋ ਪਹਿਲੀ ਵਾਰ ਚੰਡੀਗੜ ਦੇ ਟੈਗੋਰ ਥੀਏਟਰ ਵਿਚ ਨਾਟਕ ‘ਬਿਗਾਨੇ ਬੋਹੜ ਦੀ ਛਾਂ” ਖੇਡਣ ਆਏ ਸਨ। ਟਿਵਾਣਾ ਦੇ ਨਾਟਕ ਖਤਮ ਹੁੰਦਿਆਂ ਨੂੰ 10 ਵੱਜ ਗਏ ਅਤੇ ਸਾਡਾ ਨਾਟਕ ਇਸ ਤੋਂ ਬਾਅਦ ਸ਼ੁਰੂ ਹੋਇਆ। ਸਾਨੂੰ ਤੌਖਲਾ ਸੀ ਕਿ ਦਰਸ਼ਕ ਬਹੁਤ ਘੱਟ ਰਹਿ ਜਾਣਗੇ। ਪਰ ਸਾਡੇ ਨਾਟਕ ਪ੍ਰਤੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਅਤੇ ਉਹਨਾਂ ਵਲੋਂ ਮਾਨਸਾ ਦੇ ਇਲਾਕੇ ਦੇ ਕਲਾਕਾਰਾਂ ਨੂੰ ਇੰਨਾ ਜਿ਼ਆਦਾ ਮਾਣ ਦਿਤਾ ਗਿਆ ਕਿ ਦੂਸਰੇ ਦਿਨ ਦੀਆਂ ਸਾਰੀਆਂ ਅਖਬਾਰਾਂ ਨੇ ਮੈਂਨੂੰ ਇਕ ਨਾਟਕਕਾਰ ਵਜੋਂ ਸਥਾਪਤ ਕਰ ਦਿਤਾ।ਸਾਨੂੰ ਤਾਂ ਆਪਣੇ ਕਲਾਕਾਰਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦਾ ਵੀ ਪਤਾ ਨਹੀਂ ਸੀ ਪਰ ਮੇਰੇ ਗੁਰੂ ਪੋ੍ਰ ਅਤਰ ਸਿੰਘ ਨੇ ਮੈਂਨੂੰ ਕਿਹਾ ਕਿ ਆਪਣੇ ਕਲਾਕਾਰਾਂ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰੋ ਜਿਥੇ ਦਰਸ਼ਕਾਂ ਨੇ ਖੂਬ ਤਾੜੀਆਂ ਵਜਾ ਕੇ ਹੌਸਲਾ ਅਫਜਾਈ ਕੀਤੀ। ਅਗਲੇ ਦਿਨ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਵੱਲੋਂ ਮਿਲਣ `ਤੇ ਇਹ ਕਹਿਣਾ, ‘ਅਜਮੇਰ ਮੈਂ ਤੇਰਾ ਨਾਟਕ ਦੇਖ ਕੇ ਰੋਣ ਹੀ ਲੱਗ ਪਿਆ ਸੀ ਕਿਉਂਕਿ ਮੇਰੇ ਮਾਂ-ਪਿਉ ਅਕਸਰ ਹੀ ਇਸ ਤਰਾਂ੍ਹ ਲੜਿਆ ਕਰਦੇ ਸਨ ਜਿਵੇਂ ਤੂੰ ਨਾਟਕ ਵਿਚ ਪੇਸ਼ ਕੀਤਾ ਸੀ।ਕਿਰਸਾਨ ਦੀ ਮੰਦਹਾਲੀ ਅਤੇ ਉਸਦੀ ਬੇਚੈਨ ਜਿੰਦਗੀ ਦੀ ਪੇਸ਼ਕਾਰੀ ਸਦਕਾ, ਤੂੰ ਹੁਣ ਉਤਮ ਨਾਟਕਕਾਰ ਬਣ ਗਿਆਂ ਏਂ’ ਸਭ ਤੋਂ ਵੱਡਾ ਸਨਮਾਨ ਸੀ।
ਥੀਏਟਰਨੂੰ40 ਸਾਲ ਸਮਰਪਿੱਤ ਕਰਨ ਵਾਲੇ ਅਜਮੇਰ ਔਲਖ ਨੇ 16 ਨਾਟਕ ਲਿਖੇ ਅਤੇ ਨਿਰਦੇਸ਼ ਕੀਤੇ ਹਨ। ਉਸਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਹਨਾਂ ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼ੋ੍ਰਮਣੀ ਨਾਟਕਕਾਰ ਦਾ ਇਨਾਮ, 2005 ਵਿਚ ਡਾ.ਏ ਪੀ ਜੇ ਅਬਦੁੱਲ ਕਲਾਮ ਵਲੋਂ ਭਾਰਤੀ ਸੰਗੀਤ ਨਾਟਕ ਅਕੈਡਮੀ ਅਵਾਰਡ, 2006 ਵਿਚ ਨਾਟਕ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ” `ਤੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ। ਪਰ ਅਜਮੇਰ ਔਲਖ ਦਾ ਕਹਿਣਾ ਹੈ ਕਿ ਮੇਰਾ ਸਭ ਤੋਂ ਵੱਡਾ ਸਨਮਾਨ ਮੇਰੇ ਦਰਸ਼ਕਾਂ ਵਲੋਂ ਦਿਖਾਇਆ ਗਿਆ ਮੋਹ, ਮਾਣ ਅਤੇ ਮੁਹੱਬਤ ਹੈ ਜਦ ਮੈਂ 2008 ਵਿਚ ਕੈਂਸਰ ਵਰਗੀ ਨਾਮੁਰਦ ਬਿਮਾਰੀ ਨਾਲ ਜੂਝ ਰਿਹਾ ਸੀ। ਮੇਰੇ ਕੋਲ ਇਲਾਜ ਲਈ ਕੋਈ ਪੈਸਾ ਨਹੀਂ ਸੀ। ਉਸ ਸਮੇਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਕਿਰਸਾਨ ਅਤੇ ਮਜਦੂਰਾਂ ਦੀਆਂ ਜਥੇਬੰਦੀਆਂ ਨੇ ਜਿਸ ਤਰਾਂ੍ਹ ਆਪਣੇ ਸਾਰੇ ਆਰਥਿਕ ਵਸੀਲੇ ਵਰਤਦਿਆਂ, ਮੇਰਾ ਹੌਸਲਾ ਵਧਾਇਆ। ਮੇਰਾ ਕੋਈ ਵੀ ਪੈਸਾ ਨਹੀਂ ਖਰਚ ਹੋਣ ਦਿਤਾ ਅਤੇ ਮੇਰੇ ਪੂਰਨ ਇਲਾਜ ਤੱਕ ਮੇਰੇ ਅੰਗ ਸੰਗ ਰਹੀਆਂ, ਇਸਦਾ ਦੇਣਾ ਮੈਂ ਸਾਰੀ ਉਮਰ ਨਹੀਂ ਦੇ ਸਕਾਂਗਾ। ਮੇਰਾ ਇਹ ਵਿਸ਼ਵਾਸ਼ ਹੋਰ ਪੱਕਾ ਹੋ ਗਿਆ ਕਿ ਲੋਕਾਂ ਨਾਲ ਜੁੜੀ ਹੋਈ ਕਲਾ ਨੂੰ ਲੋਕ ਸੱਚੇ ਮਨ ਨਾਲ ਪਿਆਰ ਕਰਦੇ ਹਨ ਅਤੇ ਤੁਸੀਂ ਉਹਨਾਂ ਦੇ ਸਾਹਾਂ ਵਿਚ ਜਿਉਂਦੇ ਹੋ। ਭਾਵੇਂ ਕਿ ਬਾਅਦ ਵਿਚ ਪੰਜਾਬ ਸਰਕਾਰ ਵਲੋਂ ਵੀ ਇਲਾਜ ਲਈ 5 ਲੱਖ ਦਿਤੇ ਗਏ ਸਨ ਪਰ ਮੈਂ ਆਪਣੇ ਪਿਆਰਿਆਂ ਦਾ ਸਦਾ ਕਰਜ਼ਾਈ ਰਹਾਂਗਾ।
ਅਜਮੇਰਔਲਖ ਨੇ ਆਪਣੀ ਜਿੰਦਗੀ ਨੂੰ ਆਪਣੇ ਰੰਗ-ਢੰਗ ਅਤੇ ਆਪਣੀ ਮਰਜੀ ਨਾਲ ਜੀਵਿਆ ਹੈ। ਆਪਣੇ ਵਿਆਹ ਬਾਰੇ ਉਹਨਾਂ ਨੇ ਬੜੀ ਦਿਲਚਸਪੀ ਨਾਲ ਦੱਸਿਆ, “ਮੈਂ ਪਟਿਆਲੇ ਪੜ੍ਹਦਾ ਸੀ ਤਾਂ ਮਾਂ ਦੀ ਚਿੱਠੀ ਆਈ ਕਿ ਤੇਰਾ ਤਾਇਆ ਰਿਸ਼ਤਾ ਕਰਵਾਉਂਦਾ ਹੈ, ਪਿੰਡ ਆ ਜਾ ਅਤੇ ਕੁੜੀ ਦੇਖ ਲੈ ਤਾਂ ਕਿ ਤੇਰੀ ਮੰਗਣੀ ਕਰ ਦੇਈਏ। ਮੈਂ ਮਾਂ ਨੂੰ ਇਕ ਚਿੱਠੀ ਲਿਖੀ ਅਤੇ ਕਿਹਾ ਕਿ ਇਹ ਚਿੱਠੀ ਮੇਰੇ ਹੋਣ ਵਾਲੇ ਸਹੁਰਾ ਸਾਹਿਬ ਨੂੰਪੜਾ ਦੇਵੇ। ਚਿੱਠੀ ਵਿਚ ਮੈਂ ਲਿਖਿਆ ਕਿ ਸਾਡਾ ਕੱਚਾ ਘਰ ਹੈ, ਕੰਧਾਂ ਢੱਠੀਆਂ ਹੋਈਆਂ ਹਨ। ਸਾਡੇ ਵਿਚ ਇੰਨੀ ਸਮਰੱਥਾ ਨਹੀਂ ਕਿ ਕਿ ਢੱਠੀ ਕੰਧ ਨੂੰ ਦੁਬਾਰਾ ਬਣਾ ਲਈਏ। ਸਾਡੇ ਸਿਰ 12 ਹਜਾਰ ਦਾ ਕਰਜ਼ਾ ਵੀ ਹੈ (1964-65 ਦੀ ਗੱਲ ਹੈ)।ਇਹ ਸਭ ਕੁਝ ਜਾਨਣ ਤੋਂ ਬਾਅਦ ਜੇਕਰ ਤੁਹਾਨੂੰ ਮਨਜੂਰ ਹੋਵੇ ਤਾਂ ਮੈਂ ਦੱਸ ਦੇਵਾਂ ਕਿ ਮੈਂ ਵਿਆਹ, ਨੌਕਰੀ `ਤੇ ਲੱਗਣ ਤੋਂ ਬਾਅਦ ਹੀ ਕਰਾਂਗਾ। ਇਹਪੱਤਰ ਮੇਰੀ ਮਾਂ ਨੇ ਮੇਰੇ ਹੋਣ ਵਾਲੇ ਸਹੁਰੇ ਨੂੰ ਪਹੁੰਚਾ ਦਿਤਾ ਅਤੇ ਉਹਨਾਂ ਦਾ ਚਿੱਠੀ ਪੜ੍ਹ ਕੇ ਕਹਿਣਾ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਇਥੇ ਹੀ ਕਰਾਂਗਾ। ਫਿਰ ਜਦ ਮੈਂ ਮਾਨਸਾ ਕਾਲਜ ਵਿਚ ਨੌਕਰੀ `ਤੇ ਲੱਗ ਗਿਆ ਤਾਂ ਮੇਰਾ ਰਿਸ਼ਤਾ ਉਸ ਕੁੜੀ (ਮਨਜੀਤ ਕੌਰ) ਨਾਲ ਹੀ ਹੋਇਆ। ਵਿਆਹ ਤੋਂ ਪਹਿਲਾਂ ਮੈਂ ਆਪਣੇ ਸਹੁਰਿਆਂ ਨੂੰ ਦੱਸ ਦਿਤਾ ਕਿ ਪੰਜ ਬੰਦੇ ਬਰਾਤ ਵਿਚ ਆਉਣਗੇ ਅਤੇ 9 ਵਜੇ ਬਰਾਤ ਬਠਿੰਂਡੇ ਪਹੁੰਚ ਜਾਵੇਗੀ ਅਤੇ ਮੈਂ ਦਾਜ ਬਿਲਕੁਲ ਨਹੀਂ ਲੈਣਾ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ, ਚਿੱਠੀ ਰਾਹੀਂ ਭੇਜ ਦਿਤਾ ਕਿ ਮੇਰੇ ਵਿਆਹ ਵਿਚ ਮੀਟ ਜਾਂ ਸ਼ਰਾਬ ਦੀ ਆਸ ਨਾ ਰੱਖਣ, ਮੱਕੀ ਦੀ ਰੋਟੀ ਅਤੇ ਸਾਗ ਮਿਲੇਗਾ। ਅਸੀਂ ਪੰਜ ਬਰਾਤੀ ਸਵੇਰੇ 8.30 ਵਜੇ ਹੀ ਬਠਿੰਡੇ ਪਹੁੰਚ ਗਏ। ਵਿਆਹ ਤੋਂ ਬਾਅਦ ਤੁੱਰਨ ਲੱਗੇ ਤਾਂ ਸਹੁਰੇ ਕਹਿਣ ਲੱਗੇ ਕਿ ਟਰੱਕ ਲਿਆਓ ਅਤੇ ਦਾਜ ਲੱਦ ਲਓ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਕੁਝ ਲੈ ਕੇ ਨਹੀਂ ਜਾਣਾ। ਮੈਂ ਆਪਣੀ ਜਿੱਦ `ਤੇ ਅੜਿਆ ਰਿਹਾ ਤਾਂ ਮੇਰੀ ਪਤਨੀ ਮਨਜੀਤ ਕੌਰ ਦਾ ਸੁਨੇਹਾ ਆਇਆ ਕਿ ਮੈਂਨੂੰ ਮਿਲੋ। ਜਦ ਮੈਂ ਆਪਣੀ ਪਤਨੀ ਮਨਜੀਤ ਕੌਰਨਾਲ ਗੱਲ ਕੀਤੀ ਤਾਂ ਮੇਰੀ ਪਤਨੀ ਨੇ ਕਿਹਾ ਕਿ ਦਾਜ ਵਿਚ ਸਿਰਫ ਤਿੰਨ ਕੁ ਰਜਾਈਆਂ, ਦੋ ਕੁਰਸੀਆਂ ਅਤੇ ਇਕ ਟੇਬਲ ਹੈ ਜੋ ਮੈਂ ਆਪਣੀ ਤਨਖਾਹ ਵਿਚੋਂ ਬਣਾਇਆ ਹੈ। ਇਸ ਵਿਚ ਮਾਪਿਆਂ ਦਾ ਕੋਈ ਖਰਚਾ ਨਹੀਂ ਹੈ। ਜਿੱਦ ਨਾ ਕਰੋ ਅਤੇ ਇਸਨੂੰ ਲੈ ਜਾਓ ਤਾਂ ਮੈਂ ਮਂੰਨ ਗਿਆ। ਕੀ ਕੋਈ ਮੰਨ ਸਕਦਾ ਹੈ ਕਿ ਉਸ ਸਮੇਂ ਮੇਰੇ ਵਿਆਹ `ਤੇ ਕੁਲ 750 ਰੁਪਏ ਖਰਚ ਆਏ ਸਨ। ਅੱਜ ਕੱਲ ਦੇ ਵਿਆਹਾਂ `ਤੇ ਹੋ ਰਹੇਫਜੂਲ ਖਰਚੇ ਤੋਂ ਬਚਣ ਲਈ ਸਾਨੂੰ ਅੱਗੇ ਆਕੇ ਦ੍ਰਿੜਤਾ ਨਾਲ ਫੈਸਲੇ ਲੈਣੇ ਪੈਣਗੇ ਤਾਂ ਹੀ ਅਸੀਂ ਸਮਾਜਕ ਬੁਰਾਈਆਂ ਤੋਂ ਬਚ ਸਕਦੇ ਹਾਂ।”
ਅਜਮੇਰ ਔਲਖ ਦਾ ਸਾਰਾ ਪਰਿਵਾਰ ਹੀ ਨਾਟਕ/ਕਲਾ ਨਾਲ ਜੁੜਿਆ ਹੋਇਆ ਹੈ। ਉਸਦੀ ਪਤਨੀ ਮਨਜੀਤ ਕੌਰ, ਉਸਦੀਆਂ ਧੀਆਂ, ਸੁਪਨਦੀਪ ਕੌਰ ਜੋ ਮਾਨਸਾ ਕਾਲਜ ਵਿਚ ਪੰਜਾਬੀ ਦੀ ਪੋ੍ਰਫੈਸਰ ਹੈ, ਸੁਹਜਦੀਪ ਕੌਰ ਅਤੇ ਅਜ਼ਮੀਤ ਕੌਰ ਜੋ ਮਾਨਸਾ ਕਾਲਜ ਵਿਚ ਹਿਸਟਰੀ ਦੀ ਪੋ੍ਰਫੈਸਰ ਹੈ, ਥੀਏਟਰ ਨਾਲ ਜੁੜੀਆਂ ਹੋਈਆਂ ਹਨ। ਵੱਡੀ ਲੜਕੀ ਸੁਪਨਦੀਪ ਜਿਸਨੂੰ ਦਸ ਸਾਲ ਤੱਕ ਬੱਚਾ ਨਾ ਹੋਣ ਕਾਰਨ ਅਸੀਂ ਗੋਦ ਲਿਆ ਸੀ, ਥੀਏਟਰ ਨਾਲ ਜੁੜੇ ਮਨਜੀਤ ਚਾਹਲ ਨਾਲ ਵਿਆਹੀ ਹੋਈ ਹੈ।ਸੁਹਜਦੀਪ ਕੌਰ ਉਘੇ ਗਾਇਕ ਗੁਰਵਿੰਦਰ ਬਰਾੜ ਨਾਲ ਵਿਆਹੀ ਹੋਈ ਹੈ ਜਦ ਕਿ ਸਭ ਤੋਂ ਛੋਟੀ ਅਜ਼ਮੀਤ ਥੀਏਟਰ ਨਾਲ ਜੁੜੇ ਸੁਭਾਸ਼ ਬਿੱਟੂ ਨਾਲ ਵਿਆਹੀ ਹੋਈ ਹੈ।
ਅਜਮੇਰ ਔਲਖ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਮੈਂ ਸਾਰੀ ਉਮਰ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਰਿਹਾ ਹਾਂ ਅਤੇ ਮੇਰੇ ਥੀਏਟਰ ਦਾ ਧਰਾਤਲ ਪੇਂਡੂ ਹੈ।ਇਹਨਾਂ ਪਿੰਡਾਂ ਨੇ ਮੈਂਨੂੰ ਬਹੁਤ ਵੱਡੀ ਮਾਨਤਾ ਦਿਵਾਈ ਹੈ ਭਾਵੇਂ ਮੈਂ ਬੰਬਈ, ਦਿੱਲੀ, ਹਰਿਆਣਾ ਆਦਿ ਵਿਚ ਬਹੁਤ ਸਾਰੇ ਨਾਟਕ ਖੇਡੇ ਹਨ। ਨਵੇਂ ਨਾਟਕਕਾਰਾਂ ਲਈ ਜਰੂਰੀ ਹੈ ਕਿ ਉਹ ਮੁੱਢ ਤੋਂ ਸ਼ੁਰੂ ਕਰਨ, ਵੱਡੇ-ਵੱਡੇ ਸੈਟ ਜਾਂ ਨਾਟਕ ਲਈ ਅਡੰਬਰ ਕਰਨ ਦੀ ਲੋੜ ਨਹੀਂ। ਲੋਕਾਂ ਨਾਲ ਜੁੱੜੇ ਵਿਸ਼ੇ ਲਓ। ਲੋਕਆਪ ਹੀ ਤੁਹਾਡੇ ਨਾਟਕਾਂ ਨਾਲ ਜੁੱੜਨਗੇ। ਲੋਕ ਹੀ ਤੁਹਾਡਾ ਮਾਣ-ਸਨਮਾਨ ਅਤੇ ਮਾਨਤਾ ਹੁੰਦੇ ਹਨ ਕਿਉਂਕਿ ਕੋਈ ਵੀ ਕਲਾ ਲੋਕਾਂ ਲਈ ਹੋਵੇ ਤਾਂ ਲੋਕ ਉਸ ਕਲਾ ਲਈ ਅਰਪਤ ਹੋ ਜਾਂਦੇ ਹਨ।
ਕੈਂਸਰ ਵਰਗੀ ਬਿਮਾਰੀ ਤੋਂ ਆਖ਼ਰ ਹਾਰ ਜਾਣ ਵਾਲੇ ਅਜਮੇਰ ਔਲਖ,ਪੰਜਾਬੀ ਧਰਾਤਲ `ਤੇ ਨਿਮਨ ਕਿਰਸਾਨੀ ਦੀਆਂ ਸਮੱਸਿਆਵਾਂ, ਆਮ ਲੋਕਾਂ ਦੇ ਸਰੋਕਾਰਾਂ ਅਤੇ ਵਿਅਕਤੀ ਦੇ ਸੰਘਰਸ਼ ਦੀ ਗਾਥਾ, ਲੋਕਾਂ ਦੀ ਸੋਚ ਵਿਚ ਚੇਤਨਾ ਦਾ ਜਾਗ ਲਾਉਂਦੇ ਰਹਿਣਗੇ। ਇਹ ਹੀ ਮਹਾਨ ਨਾਟਕਕਾਰ ਅਜਮੇਰ ਔਲਖ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ। ਫੋਨ # 216-556-2080