ਲੋਇ-ਲੋਇ

-ਡਾ ਗੁਰਬਖ਼ਸ਼ ਸਿੰਘ ਭੰਡਾਲ

ਲੋਇ-ਲੋਇ ਤੁੱਰਨਾ,  ਸੁਹਜ, ਸਹਿਜ, ਸੰਵੇਦਨਾ, ਸਫ਼ਲਤਾ ਅਤੇ ਸਲੀਕੇ  ਦਾ ਅਲੋਕਾਰੀ ਸਫ਼ਰ। ਇਕ ਨਿਯਮਤ ਜੀਵਨ-ਜਾਚ ਦੀ ਝਾਤ। ਇਕ ਮਾਣਮੱਤੀ ਜੀਵਨ-ਸ਼ੈਲੀ ਦਾ ਪ੍ਰਤੱਖ ਪ੍ਰਮਾਣ ਅਤੇ ਆਪਣੇ-ਆਪ `ਤੇ ਮਾਣ। ਅਜੇਹੇ ਰਾਹੀ ਹੀ ਲੋਕ-ਮੁੱਖੀ ਸੋਚ ਦਾ ਸੁੱਰਖ ਸਿਰਨਾਵਾਂ ਬਣਦੇ।

ਲੋਇ-ਲੋਇ ਦੀ ਮੁਹਾਰਨੀ ਪੜਨ ਵਾਲੇ ਲੋਕ ਆਪਣੀ ਮੰਜ਼ਲ਼ ਦੇ ਹਮੇਸ਼ਾ ਕਰੀਬ ਹੁੰਦੇ  ਅਤੇ ਉਹਨਾਂ ਦੇ ਕਦਮਾਂ ਵਿਚ ਚਾਨਣ ਦੀ ਕਿਣਮਿਣ ਹੁੰਦੀ ਰਹਿੰਦੀ।

ਲੋਇ-ਲੋਇ ਤੁਰਨ ਦਾ ਵਿਰਲਿਆਂ ਨੂੰ ਵੱਲ। ਅਲਸੇਟੀ ਕੁਦਰਤ ਅਤੇ ਮਸਤੀ ਦੇ ਆਲਮ ਵਿਚ ਡੁੱਬੀ ਲੋਕਾਈ ਦਾ ਸੰਗ ਮਾਣਨ ਵਾਲੇ ਲੋਕ ਹੀ ਲੋਅ ਵਰਗੇ ਕਦਮਾਂ ਦੀ ਨਿਸ਼ਾਨ ਦੇਹੀ, ਚਾਨਣ ਵੰਡਦੇ ਹਰਫ਼ਾਂ ਦੇ ਵਣਜਾਰੇ, ਜੀਵਨ-ਸੇਧਤ ਬੋਲਾਂ ਦਾ ਸੰਧਾਰਾ ਅਤੇ ਮੁਖਾਰ-ਬਿੰਦ `ਚੋਂ ਕਿਰਦੇ ਮਾਣਕ ਮੋਤੀਆਂ ਦੀ ਸੁੱਚੀ ਵਰਣਮਾਲਾ ਬਣਦੇ।

ਲੋਇ-ਲੋਇ ਤੁਰਨ ਦਾ ਤਰੀਕਾ ਸਾਡੇ ਬਜੁਰਗਾਂ ਦੀ ਦੇਣ ਤੇ ਉਹਨਾਂ ਦੀ ਵਿਰਾਸਤ। ਪੱਲੇ `ਚ ਦੋ ਡੰਗ ਦੀਆਂ ਰੋਟੀਆਂ ਬੰਨ, ਹੱਥਾਂ ਵਿਚ ਮੌਜੇ ਫੜ੍ਹ, ਉਹਨਾਂ ਵਲੋਂ ਮਾਰੀਆਂ ਮੱਲ੍ਹਾਂ ਦਾ ਮਾਣ ਅਸੀਂ ਹੀ ਹਾਂ। ਉਹਨਾਂ ਦੀਆਂ ਪ੍ਰਾਪਤੀਆਂ ਦਾ ਸਿਰਲੇਖ ਜਦ ਆਉਣ ਵਾਲੀਆਂ ਪੀ੍ਹੜੀਆਂ ਲਈ ਸਬਕ ਬਣ ਜਾਵੇ ਤਾਂ ਭਵਿੱਖ ਦੇ ਨਕਸ਼ ਹੋਰ ਵੀ ਉਘੜ ਜਾਂਦੇ।

ਲੋਇ-ਲੋਇ ਕ੍ਰਿਤ-ਸਾਧਨਾ `ਚ ਜੁੱਟੇ ਲੋਕ ਹੀ ਸਮਾਜਿਕ ਧਰਾਤਲ ਦਾ ਠੋਸ ਅਧਾਰ ਹੁੰਦੇ ਜਿਹਨਾਂ `ਤੇ ਕਿਸੇ ਕੌਮ ਤੇ ਸਮਾਜ-ਰੂਪੀ ਮਹਿਲ ਨੇ ਆਪਣੀ ਇਮਾਰਤਸਾਜ਼ੀ ਦਾ ਹੁੱਨਰ ਦਿਖਾਉਣਾ ਹੁੰਦਾ।

ਲੋਇ-ਲੋਇ ਉਠ ਕੇ ਜੋਤਰਾ ਲਾਉਣ ਵਾਲੇ ਹਾਲੀਂ ਦਿਨ ਚੜਦੇ ਤੱਕ ਘੁਮਾਂ ਕੁ ਪੈਲੀ ਤਾਂ ਵਾਹ ਹੀ ਲੈਂਦੇ। ਉਹਨਾਂ ਦੇ ਮਨ ਵਿਚ ਹਰ ਕੰਮ ਨੂੰ ਵੇਲੇ ਸਿਰ ਨੇਪਰੇ ਚਾੜਨ ਦਾ ਚਾਅ ਤੇ ਮੁੱਖ `ਤੇ ਸੰਪੂਰਨਤਾ ਦੀ ਭਾਅ ਹੁੰਦੀ। ਸ਼ਾਹ-ਵੇਲਾ ਖਾਂਦਿਆਂ, ਇਕ ਸਰੂਰੀ ਆਲਮ ਕਿਸਾਨ ਦੀਆਂ ਸੋਚਾਂ ਵਿਚ ਤਾਰੀ ਹੁੰਦਾ।

ਸਰਘੀ ਦੇ ਨਿੰਮੇ ਨਿੰਮੇ ਚਾਨਣ ਵਿਚ ਤੁੱਰਨ ਵਾਲੇ ਰਾਹੀਆਂ ਦੇ ਪੈਰਾਂ ਵਿਚ ਪਹੁ-ਫੁੱਟਾਲੇ ਦੀ ਲੋਅ ਹੁੰਦੀ ਹੈ ਅਤੇ ਉਹਨਾਂ ਦੀਆਂ ਸੋਚਾਂ ਵਿਚ ਨਵੇਂ ਦਿਸਹੱਦਿਆਂ ਦਾ ਸੂਰਜ ਅੰਗੜਾਈਆਂ ਭਰਦਾ।

ਸਵੇਰ ਦੇ ਨਿੰਮੇ ਜਹੇ ਘੁਸਮੁੱਸੇ ਵਿਚ ਸੈਰ ਕਰ ਰਹੇ ਲੋਕ, ਕੁਦਰਤ ਦੀ ਸੰਗਤਾ ਦਾ ਮਾਣ ਹੁੰਦੇ। ਉਹਨਾਂ ਵਿਚ ਕੁਦਰਤ ਪ੍ਰੇਮ ਦਾ ਆਵੇਸ਼ ਹੁੰਦਾ ਅਤੇ ਉਹ ਕੁਦਰਤ ਵਿਚੋਂ ਹੀ ਆਪਣੀ ਹੋਂਦ ਤੇ ਸਦੀਵਤਾ ਨੂੰ ਨਿਹਾਰਦੇ। ਉਹ ਪੰਛੀਆਂ ਦਾ ਮਧੁਰ-ਸੰਗੀਤ ਅਤੇ ਹਵਾ ਦੀ ਮੱਠੀ ਜਹੀ ਰੁੱਮਕਣੀ ਨਾਲ ਵਿਸਮਾਦੀ ਹੋਏ, ਜੀਵਨ ਦੀ ਤਲੀ `ਤੇ ਸਹਿਜਤਾ ਧਰਦੇ।

‘ਲੋਇ-ਲੋਇ ਘਰ ਆ ਜੇ ਵੇ ਮਾਹੀ’ ਦੀ ਸੰਗੀਤਕ ਵਿਲਕਣੀ ਜਦ ਕਿਸੇ ਬੁੱਲ੍ਹਾਂ `ਤੇ ਤਰਦੀ ਹੈ ਤਾਂ ਹਵਾ ਨੂੰ ਕੰਬਣੀ ਛਿੜਦੀ ਤੇ ਫਿਜ਼ਾ ਦੇ ਨਾਮ ਇਕ ਹਾਉਕਾ ਧਰਿਆ ਜਾਂਦਾ ਜਿਹੜਾ ਕਿਸੇ ਨਵੀਂ ਆਸ ਦਾ ਹੁੰਗਾਰਾ ਬਣ, ਵਿਯੋਗਣ-ਰੂਹ ਲਈ ਦਸਤਕ ਬਣ ਜਾਂਦਾ।

ਸਮਿਆਂ ਦੀ ਬੀਹੀ ਵਿਚ ਲੋਇ-ਲੋਇ ਰੌਸ਼ਨੀ ਨਾਲ ਲਬਰੇਜ਼ ਸੱਦਾਂ ਲਾਉਣ ਵਾਲੇ, ਪਿੰਡ ਦੀਆਂ ਗਲੀਆਂ `ਚ ਪੈੜਚਾਲ ਧਰਦੇ ਅਤੇ ਪਾਕ-ਚੌਗਿਰਦੇ ਵਿਚ ਅਲਾਹੀ ਧੁੰਨਾਂ ਬਖੇਰਦੇ, ਮਾਨਵੀ ਬਿਰਤੀਆਂ ਨੂੰ ਕੁਝ ਚੰਗੇਰਾ ਕਰਨ ਅਤੇ ਸੋਚਣ ਦਾ ਜਾਗ ਵੀ ਲਾਉਂਦੇ। ਅੱਖ ਖੁੱਲਣ ਸਾਰ ਕੰਨਾਂ `ਚ ਪੈਂਦੇ ਇਹ ਅਵਾਜ਼ੇ ਧੁਰ-ਦਰਗਾਹੋਂ ਆਇਆ ਅਲਹਾਮੀ ਸੁਨੇਹਾ ਹੀ ਤਾਂ ਹੋ ਸਕਦੇ ਨੇ।

ਲੋਅ ਅੰਬਰ ਦੇ ਨਾਵੇਂ ਹੁੰਦੀ ਤਾਂ ਦਿਨ ਚੜਦਾ, ਰਾਤ ਦੇ ਨਾਵੇਂ ਹੁੰਦੀ ਤਾਂ ਪੁੰਨਿਆ ਹੁੰਦੀ ਅਤੇ ਜਦ ਇਹ ਲੋਇ-ਲੋਇ ਦਾ ਤਾਰਾ ਕਿਸੇ ਮਸਤਕ ਵਿਚ ਚੜਦਾ ਤਾਂ ਜੀਵਨ-ਤਹਿਰੀਕ ਵਿਚ ਨਵੀਂ ਤਹਿਜ਼ੀਬ ਦਾ ਸਿਰਨਾਵਾਂ ਉਗ ਪੈਂਦਾ ਏ।

ਅਜੋਕੇ ਵਕਤਾਂ ਵਿਚ ਲੋਇ-ਲੋਇ ਦਾ ਸੰਕਲਪ ਵਖਤਾਂ ਦੀ ਮਾਰ ਹੇਠ। ਇਕ ਸਿਉਂਕੀ ਆਉਧ ਇਸਦੀ ਹੋਣੀ। ਹਨੇਰਿਆਂ ਦੀ ਰੁੱਤ ਜਦ ਹਰ ਮੋੜ `ਤੇ ਹਾਵੀ ਹੋ ਜਾਵੇ ਤਾਂ ਲੋਅ ਦਾ ਦਮ ਘੁਟਦਾ। ਪਰ ਚਾਨਣ ਕਦੇ ਮਰਿਆ ਨਹੀਂ ਕਰਦੇ।

ਅਕਸਰ ਬਜੁਰਗ ਕਿਹਾ ਕਰਦੇ ਸਨ ਕਿ ਸੁਵੱਖਤੇ ਉਠ ਕੇ ਆਪਣੇ ਕਾਰਜਾਂ ਵਿਚ ਲੱਗੇ ਲੋਕ ਹੀ ਕਿਸਮਤ ਦੇ ਧਨੀ ਹੁੰਦੇ ਨੇ ਜਿਹਨਾਂ `ਤੇ ਕੁਦਰਤ ਬਹੁਤ ਮਿਹਰਬਾਨ ਵੀ ਹੁੰਦੀ। ਦਰਅਸਲ  ਜਦ ਦੂਸਰਿਆਂ ਦੀ ਜਾਗ ਖੁਲਦੀ ਹੈ ਤਾਂ ਅਗੇਤਰੇ ਉਠੇ ਹੋਏ ਲੋਕ ਆਪਣੇ ਕਾਰਜ ਨਬੇੜਨ ਦੇ ਨੇੜੇ ਹੁੰਦੇ। ਅਜੇਹੇ ਲੋਕ ਭਲਾ ਕਦ ਦੂਸਰਿਆਂ ਨੂੰ ਡਾਹ ਦਿੰਦੇ ਨੇ?

ਲੋਇ-ਲੋਇ ਦਾ ਕਲਮਾਂ ਪੜਂਨ ਵਾਲੇ ਆਪਣੇ ਅੰਤਰੀਵ ਦੇ ਸਭ ਤੋਂ ਜਿ਼ਆਦਾ ਨੇੜੇ। ਆਪਣੀਆਂ ਕਿਸਮਤ ਰੇਖਾਵਾਂ ਦੇ ਸਿਰਜਾਣਹਾਰੇ ਅਤੇ ਆਪਣੀ ਹੋਣੀ ਦੇ ਮਾਲਕ।

ਲੋਇ-ਲੋਇ ਕਲਮਾਂ ਬੀਜਣ ਵਾਲੀ ਸੋਚ ਹਰਫ਼ਾਂ ਦੀ ਅਸੀਮ ਸਮਰੱਥਾ ਨੂੰ ਜਾਣਦੀ। ਇਸਦੇ ਅਰਥਾਂ ਦੇ ਸਾਗਰ `ਚ ਟੁੱਬੀਆਂ ਲਾਉਂਦੀ ਅਤੇ ਮਨੁੱਖਤਾ ਦੀ ਝੋਲੀ ਵਿਚ ਮਾਣਕ ਮੋਤੀਆਂ ਦਾ ਨਿਉਂਦਾ ਪਾਉਂਦੀ। ਸਵੇਰ ਦੀ ਅਵਾਰਗੀ `ਚ ਅਲਾਪ ਕਰਦੇ ਕਲਾਕਾਰ ਕੁਦਰਤ ਦੀ ਅਮੀਰਤਾ ਦਾ ਸੁਲੱਗ ਸਰੂਪ। ਕੁਦਰਤ ਸੰਗ ਜੁੜਦਿਆਂ ਆਪਣੇ ਨਾਲ ਸੰਵਾਦ ਰਚਾਉਣ ਵਾਲੇ ਲੋਕ ਆਪਣੀ ਥਾਹ ਪਾਉਂਦੇ ਅਤੇ ਆਪਣੇ ਪ੍ਰਸ਼ਨਾਂ ਦੇ ਜਵਾਬ ਖੁਦ ਹੀ ਬਣ।

ਲੋਇ-ਲੋਇ ਆਪੋ-ਆਪਣੀ ਮੰਜਲ਼ ਮਿੱਥਣ ਵਾਲੇ ਲੋਕ ਆਪਣੇ ਸੁਪਨਿਆਂ ਦੇ ਸੱਚ ਨੂੰ ਪ੍ਰਾਪਤ ਕਰਦੇ, ਇਸਨੂੰ ਮਾਣਦੇ ਅਤੇ ਆਪਣਿਆਂ ਦੇ ਵਿਹੜੇ ਵਿਚ ਅਸੀਮ ਪ੍ਰਾਪਤੀਆਂ ਦੇ ਝੰਡੇ ਦੀ ਬੁਲੰਦਗੀ ਬਣਦੇ।

ਲੋਇ-ਲੋਇ ਚੱਕੀ ਝੋਣ ਵਾਲੀਆਂ ਮਾਵਾਂ ਰੱਬ ਦੀ ਇਬਾਦਤ `ਚੋਂ ਆਪਣੇ ਪਰਿਵਾਰ ਤੇ ਸਮਾਜ ਦੀ ਸੁੱਖ ਮੰਗਦੀਆਂ। ਸਵੇਰ ਵੇਲੇ ਦੁੱਧ ਰਿੜਕਦੀਆਂ ਸਵਾਣੀਆਂ, ਚਾਟੀ ਤੇ ਮਧਾਣੀ ਦੀ ਮਧੁਰਤਾ `ਚ,  ਸਰਬੱਤ ਦੇ ਭਲੇ ਦੀ ਅਰਦਾਸ ਗੁਣਗੁਣਾਉਂਦੀ ਅਤੇ ਟੱਬਰ ਦੀ ਚੜਦੀ ਕਲਾ `ਚੋਂ ਹਰੇਕ ਦੇ ਭਲੇ ਦਾ ਮੂਲ-ਮੰਤਰ ਪੜਦੀਆਂ।

ਲੋਇ-ਲੋਇ ਦੀਵਾ ਡੰਗਣ ਦਾ ਆਹਰ ਕਰਨ ਵਾਲੀਆਂ ਬੀਬੀਆਂ ਰਾਤ ਦੀ ਕੁੱਖ `ਚ ਉਗਮਣ ਵਾਲੇ ਸੂਰਜ ਨੂੰ ਅਰਘ ਚੜਾਉਂਦੀਆਂ ਅਤੇ ਪੈ ਰਹੀ ਰਾਤ ਦੀ ਸੁੱਖਣਾਂ ਮੰਗਦੀਆਂ।

ਲੋਇ-ਲੋਇ ਤੁੱਰਨ ਦਾ ਅਭਿਆਸ ਜਰੂਰ ਕਰਨਾ, ਤੁਹਾਡੇ ਪੈਰਾਂ ਵਿਚ ਅਮੁੱਲੇ ਸਫ਼ਰਾਂ ਦਾ ਇਤਿਹਾਸ ਵਿੱਛ ਜਾਵੇਗਾ। ਤੁਹਾਡੇ ਕਰਮ `ਚ ਸ਼ਫ਼ਾ ਤੇ ਦੁਆ ਦਾ ਪ੍ਰਵੇਸ਼, ਬੋਲਾਂ `ਚ ਅਦਬ ਦਾ ਵਾਸਾ, ਪ੍ਰਾਪਤੀਆਂ `ਚ ਅਸੀਮਤ ਵਾਧਾ ਅਤੇ ਤੁਹਾਡੇ ਦੁਆਲੇ ਦਾ ਚਾਨਣ-ਦਾਇਰਾ, ਤੁਹਾਡੇ ਹਾਸਲਾਂ ਦਾ ਸੁੱਚਾ ਪੈਗਾਮ ਬਣ ਜਾਵੇਗਾ।

“ਲੋਇ-ਲੋਇ ਮੁਕਾ ਕੇ ਸਫ਼ਰ ਜੋ ਸਖਸ਼ ਹਵਾ ਹੋ ਗਿਆ, ਪਤਾ ਨਹੀਂ ਉਹ ਕਿੰਨਿਆਂ ਸੋਚ-ਦਰਾਂ ਦੀ ਵਫ਼ਾ ਹੋ ਗਿਆ”

ਆਮੀਨ…………