ਲੈਟਵੀਆ ਵਿੱਚ ਕੈਨੇਡੀਅਨ ਮਿਸ਼ਨ ਨੂੰ ਹੋਰ ਵਧਾ ਸਕਦੇ ਹਨ ਟਰੂਡੋ


ਓਟਵਾ, 9 ਜੁਲਾਈ (ਪੋਸਟ ਬਿਊਰੋ) : ਬਰੱਸਲਜ਼ ਵਿੱਚ ਹੋਣ ਵਾਲੀ ਨਾਟੋ ਦੀ ਸਿਖਰ ਵਾਰਤਾ ਵਿੱਚ ਲੈਟਵੀਆ ਵਿੱਚ ਕੈਨੇਡੀਅਨ ਮਿਸ਼ਨ ਨੂੰ ਹੋਰ ਵਧਾਉਣ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਾਅਦਾ ਕੀਤਾ ਜਾ ਸਕਦਾ ਹੈ। ਇਸ ਸਿਖਰ ਵਾਰਤਾ ਵਿੱਚ ਵਿਸ਼ਵ ਆਗੂ ਫੌਜ ਉੱਤੇ ਕੀਤੇ ਜਾਣ ਵਾਲੇ ਖਰਚੇ ਦੇ ਸਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰਨਗੇ।
ਟਰੂਡੋ ਸੋਮਵਾਰ ਸ਼ਾਮ ਤੱਕ ਲੈਟਵੀਆ ਪਹੁੰਚਣਗੇ। ਇੱਥੇ ਉਹ ਉਨ੍ਹਾਂ 450 ਕੈਨੇਡੀਅਨ ਫੌਜੀ ਟੁਕੜੀਆਂ ਨਾਲ ਮੁਲਾਕਾਤ ਕਰਨਗੇ ਜਿਨ੍ਹਾਂ ਨੂੰ 2016 ਵਿੱਚ ਪੂਰਬੀ ਯੂਰਪ ਵਿੱਚ ਰੂਸ ਦੇ ਗੁੱਸੇ ਨੂੰ ਕਾਬੂ ਕਰਨ ਲਈ ਮਲਟੀਨੈਸ਼ਨਲ ਸੈਨਾ ਦੇ ਹਿੱਸੇ ਵਜੋਂ ਤਾਇਨਾਤ ਕੀਤਾ ਗਿਆ ਸੀ। ਕੈਨੇਡਾ ਦੀ ਅਗਵਾਈ ਵਾਲੀ ਇਹ ਟੁਕੜੀ ਇਸ ਇਲਾਕੇ ਵਿੱਚ ਤਾਇਨਾਤ ਚਾਰ ਗਰੁੱਪਜ਼ ਵਿੱਚੋਂ ਇੱਕ ਹੈ। ਇਸ ਵਿੱਚ ਅਲਬੇਨੀਆ, ਚੈੱਕ ਰਿਪਬਲਿਕ, ਇਟਲੀ, ਪੋਲੈਂਡ, ਸਲੋਵਾਕੀਆ, ਸਲੋਵੇਨੀਆ ਤੇ ਸਪੇਨ ਦੀਆਂ ਫੌਜੀ ਟੁਕੜੀਆਂ ਸ਼ਾਮਲ ਹਨ। ਇਹੋ ਜਿਹੀ ਹੀ ਇੱਕ ਟੁਕੜੀ ਦੀ ਅਗਵਾਈ ਜਰਮਨੀ ਵੱਲੋਂ ਲਿਥੁਆਨੀਆਂ ਵਿੱਚ, ਬ੍ਰਿਟੇਨ ਵੱਲੋਂ ਐਸਟੋਨੀਆ ਤੇ ਅਮਰੀਕਾ ਵੱਲੋਂ ਪੋਲੈਂਡ ਵਿੱਚ ਕੀਤੀ ਜਾ ਰਹੀ ਹੈ।
ਤਿੰਨ ਸਾਲਾਂ ਤੱਕ ਕੈਨੇਡਾ ਵੱਲੋਂ ਨਿਭਾਈ ਜਾਣ ਵਾਲੀ ਇਹ ਜਿ਼ੰਮੇਵਾਰੀ 31 ਮਾਰਚ, 2019 ਵਿੱਚ ਖਤਮ ਹੋ ਰਹੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਟਰੂਡੋ ਦੋ ਰੋਜ਼ਾ ਨਾਟੋ ਵਾਰਤਾ ਲਈ ਜਦੋਂ ਲੈਟਵੀਆ ਤੋਂ ਬਰੱਸਲਜ਼ ਜਾਣਗੇ ਤਾਂ ਇਸ ਮਿਸ਼ਨ ਨੂੰ ਮੁੜ ਨੰਵਿਆਂ ਸਕਦੇ ਹਨ। ਰੱਖਿਆ ਮੰਤਰੀ ਹਰਜੀਤ ਸੱਜਣ ਵੀ ਕਈ ਵਾਰੀ ਇਹ ਗੱਲ ਜ਼ੋਰ ਦੇ ਕੇ ਆਖ ਚੁੱਕੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਿਸ਼ਨ ਦੀ ਅਗਵਾਈ ਕੈਨੇਡਾ ਕਰਦਾ ਰਹੇਗਾ।