ਲੁੱਕ ਆਊਟ ਨੋਟਿਸ ਜਾਰੀ ਹੋਣ ਪਿੱਛੋਂ ਰਾਜਜੀਤ ਵੱਲੋਂ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਐਲਾਨ


ਅੰਮ੍ਰਿਤਸਰ, 8ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿਚ ਨਸ਼ਿਆਂ ਦਾ ਮਾਮਲਾ ਕਾਫ਼ੀ ਭਖ ਜਾਣ ਪਿੱਛੋਂ ਇਸ ਵਿਚ ਕਈ ਪੁਲਿਸ ਅਫ਼ਸਰਾਂ ਦਾ ਨਾਮ ਸਾਹਮਣੇ ਆ ਰਿਹਾ ਹੈ। ਇਸੇ ਸੰਬੰਧ ਵਿੱਚ ਮੋਗਾ ਦੇ ਸਾਬਕਾ ਐਸ ਐਸ ਪੀ ਰਾਜਜੀਤ ਸਿੰਘ ਦਾ ਤਬਾਦਲਾ ਕਰਨ ਪਿੱਛੋਂ ਲੁਕ ਆਊਟ ਨੋਟਿਸ ਜਾਰੀ ਹੋਣ ਦੀ ਖਬਰ ਵੀ ਚੱਲੀ ਸੀ। ਅੱਜ ਇਸ ਸੰਬੰਧ ਵਿੱਚ ਰਾਜਜੀਤ ਸਿੰਘ ਦਾ ਆਪਣਾ ਬਿਆਨ ਆਇਆ ਹੈ ਕਿ ਉਹ ਪਾਸਪੋਰਟ ਜਮ੍ਹਾਂ ਕਰਵਾ ਰਹੇ ਹਨ।
ਸਾਬਕਾ ਐਸ ਐਸ ਪੀ ਰਾਜਜੀਤ ਸਿੰਘ ਦੇ ਵਿਦੇਸ਼ ਫ਼ਰਾਰ ਹੋਣ ਦੀਆਂ ਖ਼ਬਰਾਂ ਦੇ ਜੋੜ ਫੜ ਜਾਣ ਪਿੱਛੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਰਾਤ ਉਨ੍ਹਾਂ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਦਿਤਾ ਸੀ। ਵਿਜੀਲੈਂਸ ਬਿਊਰੋ ਨੇ ਇਹ ਲੁੱਕ-ਆਊਟ ਨੋਟਿਸ ਪੰਜਾਬ ਪੁਲਿਸ ਇੰਟੈਲੀਜੈਂਸ ਬਿਊਰੋ ਨੂੰ ਭੇਜਿਆ ਦੱਸਿਆ ਗਿਆ ਸੀ, ਜਿਸ ਨੂੰ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਅਤੇ ਦੇਸ਼ ਤੋਂ ਬਾਹਰ ਨਿਕਲਣ ਦੀਆਂ ਹੋਰ ਥਾਵਾਂ ਉੱਤੇ ਭੇਜਿਆ ਜਾਣਾ ਸੀ, ਤਾਂ ਜੋ ਰਾਜਜੀਤ ਸਿੰਘ ਪੁੱਛਗਿੱਛ ਤੋਂ ਬਚਣ ਲਈ ਵਿਦੇਸ਼ ਨਾ ਜਾ ਸਕੇ। ਇਹੋ ਜਿਹਾ ਨੋਟਿਸ ਜਾਰੀ ਹੋਣ ਪਿੱਛੋਂ ਰਾਜਜੀਤ ਸਿੰਘ ਨੇ ਇਕ ਵੀਡੀਓ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ‘ਮੈਂ ਇਕ ਦੇਸ਼ ਭਗਤ ਪਰਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਅਪਣੇ ਭਾਰਤ ਦੇਸ਼ ਦਾ ਵਫ਼ਾਦਾਰ ਸਿਪਾਹੀ ਹਾਂ, ਮੈਂ ਕਿਤੇ ਵੀ ਭੱਜ ਕੇ ਨਹੀਂ ਜਾਵਾਂਗਾ।’ ਅਪਣੇ ਦੇਸ਼ ਛੱਡਣ ਦੀ ਗੱਲ ਉੱਤੇ ਰਾਜਜੀਤ ਸਿੰਘ ਨੇ ਕਿਹਾ ਕਿ ਉਹ ਖੁਦ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਗੇ ਤਾਂ ਜੋ ਉਨ੍ਹਾਂ ਉੱਤੇ ਲਾਈਆਂ ਜਾ ਰਹੀਆਂ ਅਟਕਲਾਂ ਉੱਤੇ ਰੋਕ ਲੱਗ ਸਕੇ। ਰਾਜਜੀਤ ਨੇ ਕਿਹਾ ਕਿ ਉਹ ਸੋਮਵਾਰ ਆਈ ਜੀ ਜਤਿੰਦਰ ਸਿੰਘ ਔਲਖ ਨੂੰ ਚੰਡੀਗੜ੍ਹ ਦੇ ਪੁਲਿਸ ਹੈੱਡ ਕੁਆਰਟਰ ਵਿਚ ਅਪਣਾ ਪਾਸਪੋਰਟ ਸੌਂਪ ਦੇਣਗੇ। ਵਰਨਣ ਯੋਗ ਹੈ ਕਿ ਮੋਗਾ ਤੋਂ ਬਦਲੀ ਕੀਤੇ ਜਾਣ ਮਗਰੋਂ ਰਾਜਜੀਤ ਸਿੰਘ ਇਸ ਵੇਲੇ ਚੌਥੀ ਬਟਾਲੀਅਨ ਮੁਹਾਲੀ ਵਿਖੇ ਕਮਾਂਡੈਂਟ ਵਜੋਂ ਤਾਇਨਾਤ ਹਨ।