ਲੀਡਰ ਵਜੋਂ ਜਿਹੜਾ ਤਜਰਬਾ ਟੋਰੀਜ਼ ਨੂੰ ਚਾਹੀਦਾ ਹੈ ਉਹ ਮੇਰੇ ਕੋਲ ਹੈ : ਐਲੀਅਟ

ਓਨਟਾਰੀਓ, 6 ਫਰਵਰੀ (ਪੋਸਟ ਬਿਊਰੋ) : ਬਿਨਾ ਪਰਖੇ ਹੋਏ ਆਗੂ ਨੂੰ ਚੁਣਨ ਦਾ ਨੁਕਸਾਨ ਸਮਝਾਉਂਦਿਆਂ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਉਹ ਤਜਰਬੇਕਾਰ ਤੇ ਸਿਆਸੀ ਪਿੜ ਦੀ ਪੁਰਾਣੀ ਖਿਡਾਰੀ ਹੈ।
ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀ ਐਲੀਅਟ, ਜੋ ਕਿ ਵਿਵਾਦਾਂ ਵਿੱਚ ਘਿਰੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਤੋਂ 2015 ਦੀਆਂ ਚੋਣਾਂ ਵਿੱਚ ਦੂਜੇ ਨੰਬਰ ਉੱਤੇ ਰਹੀ ਸੀ, ਨੇ ਆਖਿਆ ਕਿ ਪਿਛਲੀ ਵਾਰੀ ਵਾਲੀ ਲੀਡਰਸਿ਼ਪ ਦੌੜ ਤੋਂ ਕਾਫੀ ਸਬਕ ਸਿੱਖੇ ਜਾਣ ਦੀ ਲੋੜ ਹੈ। ਸੋਮਵਾਰ ਨੂੰ ਇੱਕ ਇੰਟਰਵਿਊ ਵਿੱਚ ਐਲੀਅਟ ਨੇ ਆਖਿਆ ਕਿ ਇਸ ਘਟਨਾਕ੍ਰਮ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਤਜਰਬੇ ਦੀ ਅਹਿਮੀਅਤ ਕੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਉਸ ਮੁਕਾਬਲੇ ਤੋਂ ਉਨ੍ਹਾਂ ਨੂੰ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਸੀ। ਉਨ੍ਹਾਂ ਆਖਿਆ ਕਿ ਉਸ ਦੌਰਾਨ ਹੋਏ ਤਜਰਬਿਆਂ ਨੂੰ ਉਹ ਇਸ ਲੀਡਰਸਿ਼ਪ ਮੁਕਾਬਲੇ ਵਿੱਚ ਅਪਲਾਈ ਕਰਨਗੇ।
ਦੂਜੇ ਪਾਸੇ 43 ਸਾਲਾ ਕੈਰੋਲੀਨ ਮਲਰੋਨੀ ਪਹਿਲੀ ਵਾਰੀ ਯੌਰਕ ਸਿਮਕੋਏ ਤੋਂ ਲੜੇਗੀ। ਐਲੀਅਟ ਨੇ ਟੋਰੀਜ਼ ਨੂੰ ਚੇਤਾਇਆ ਕਿ ਉਹ 10 ਮਾਰਚ ਨੂੰ ਹੋਣ ਵਾਲੀ ਲੀਡਰਸਿ਼ਪ ਦੌੜ ਲਈ ਕਿਸੇ ਗੈਰਤਜਰਬੇਕਾਰ ਉੱਤੇ ਦਾਅ ਨਾ ਲਾਉਣ। ਐਲੀਅਟ ਨੇ ਆਖਿਆ ਕਿ ਕੈਰੋਲੀਨ ਦਾ ਭਵਿੱਖ ਕਾਫੀ ਉੱਜਲਾ ਹੈ ਪਰ ਉਨ੍ਹਾਂ ਆਪਣਾ ਨਾਂ ਲੈਂਦਿਆਂ ਆਖਿਆ ਕਿ ਸਾਨੂੰ ਕਿਸੇ ਤਿਆਰ ਬਰ ਤਿਆਰ ਇਨਸਾਨ ਦੀ ਲੋੜ ਹੈ ਜਿਹੜਾ ਇਸ ਖੇਡ ਦੀ ਬਰੀਕ ਸਮਝ ਰੱਖਦਾ ਹੋਵੇ। ਉਨ੍ਹਾਂ ਇਹ ਵੀ ਆਖਿਆ ਕਿ ਸਾਡੇ ਲਈ ਇਹ ਚੋਣਾਂ ਬਹੁਤ ਹੀ ਜਿ਼ਆਦਾ ਮਾਇਨੇ ਰੱਖਦੀਆਂ ਹਨ।
ਉਨ੍ਹਾਂ ਦੇ ਇੱਕ ਹੋਰ ਪੀਸੀ ਵਿਰੋਧੀ ਟੋਰਾਂਟੋ ਦੇ ਸਾਬਕਾ ਮੇਅਰ ਦੇ ਅਹੁਦੇ ਦੇ ਉੱਪ ਜੇਤੂ ਰਹਿ ਚੁੱਕੇ 53 ਸਾਲਾ ਡੱਗ ਫੋਰਡ ਹਨ। ਇਹ ਐਲੀਅਟ ਦੇ ਪਰਿਵਾਰਕ ਦੋਸਤ ਹਨ ਜਿਨ੍ਹਾਂ ਨੇ 2015 ਵਿੱਚ ਉਨ੍ਹਾਂ ਦੀ ਲੀਡਰਸਿ਼ਪ ਵਿੱਚ ਵਿਸ਼ਵਾਸ ਪ੍ਰਗਟਾਇਆ ਸੀ। 62 ਸਾਲਾ ਐਲੀਅਟ ਨੇ ਢਾਈ ਸਾਲ ਪਹਿਲਾਂ ਬ੍ਰਾਊਨ ਤੋਂ ਹਾਰਨ ਤੋਂ ਬਾਅਦ ਵ੍ਹਿਟਬੀ-ਓਸ਼ਾਵਾ ਐਮਪੀਪੀ ਵਜੋਂ ਅਸਤੀਫਾ ਦੇ ਦਿੱਤਾ ਸੀ। ਉਸ ਨੂੰ ਉਦੋਂ ਵਿੰਨ ਵੱਲੋਂ ਓਨਟਾਰੀਓ ਦੀ ਫਰਸਟ ਪੇਸੈ਼ਂਟ ਓਮਬਡਸਮੈਨ ਵਜੋਂ ਨਿਯੁਕਤ ਕੀਤਾ ਗਿਆ ਸੀ।
ਮਲਰੋਨੀ ਦੇ ਕੁੱਝ ਸਮਰਥਕਾਂ ਵੱਲੋਂ ਐਲੀਅਟ ਉੱਤੇ ਲਿਬਰਲਾਂ ਦੀ ਸਰਪ੍ਰਸਤੀ ਸਵੀਕਾਰਨ ਦਾ ਦੋਸ਼ ਲਾਇਆ ਜਾਂਦਾ ਰਿਹਾ। ਪਰ ਐਲੀਅਟ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਇਸ ਦਾ ਜਵਾਬ ਦਿੰਦਿਆਂ ਆਖਿਆ ਕਿ ਕੁਈਨਜ਼ ਪਾਰਕ ਦੀ ਨੌਕਰੀ ਛੱਡਣ ਤੋਂ ਬਾਅਦ ਕਈ ਮਹੀਨੇ ਬਾਅਦ ਉਨ੍ਹਾਂ ਨੂੰ ਇਸ ਜੌਬ ਲਈ ਅਪਲਾਈ ਕਰਨ ਲਈ ਆਖਿਆ ਗਿਆ ਤੇ ਉਨ੍ਹਾਂ ਇਸ ਲਈ ਅਪਲਾਈ ਕੀਤਾ ਤੇ ਫਿਰ ਉਸ ਦੀ ਇੰਟਰਵਿਊ ਹੋਈ ਤੇ ਉਸ ਨੂੰ ਨੌਕਰੀ ਮਿਲ ਗਈ। ਉਨ੍ਹਾਂ 220,000 ਡਾਲਰ ਸਾਲਾਨਾ ਦੀ ਇਹ ਨੌਕਰੀ ਅਜੇ ਪਿਛਲੇ ਹਫਤੇ ਹੀ ਛੱਡੀ ਹੈ।