ਲਿਵ ਇਨ ਵਿੱਚ ਰਹਿਣ ਵਾਲੀ ਮਹਿਲਾ ਨੂੰ ਵੀ ਗੁਜ਼ਾਰਾ ਭੱਤਾ ਲੈਣ ਦਾ ਹੱਕ

hc
* ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਹਿਮ ਫੈਸਲਾ
ਚੰਡੀਗੜ੍ਹ, 1 ਜੁਲਾਈ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਲਿਵ ਇਨ ਵਿੱਚ ਰਹਿ ਰਹੀ ਮਹਿਲਾ ਵੀ ਆਪਣੇ ਪਾਰਟਨਰ ਤੋਂ ਗੁਜ਼ਾਰਾ ਭੱਤਾ ਲੈਣ ਦਾ ਹੱਕ ਰੱਖਦੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਇਸ ਰਿਸ਼ਤੇ ਨਾਲ ਪੈਦਾ ਹੋਈ ਔਲਾਦ ਨੂੰ ਵੀ ਵਿਆਹੁਤਾ ਜੋੜੇ ਦੀ ਔਲਾਦ ਦੀ ਤਰ੍ਹਾਂ ਹੀ ਗੁਜ਼ਾਰੇ ਭੱਤੇ ਦਾ ਹੱਕਦਾਰ ਮੰਨਿਆ ਹੈ।
ਸੰਬੰਧਤ ਕੇਸ ਵਿੱਚ ਗੁਰੂਗ੍ਰਾਮ ਦਾ ਰਹਿਣ ਵਾਲਾ ਇਕ ਜੋੜਾ 2007 ਤੋਂ ਲਿਵ ਇਨ ਵਿੱਚ ਰਿਹਾ ਹੈ ਅਤੇ 2011 ਵਿੱਚ ਉਨ੍ਹਾ ਦੇ ਬੱਚੇ ਨੇ ਜਨਮ ਲਿਆ। ਮਹਿਲਾ ਦਾ ਦੋਸ਼ ਹੈ ਕਿ ਪੁਰਸ਼ ਨੇ ਉਸ ਨੂੰ ਦੱਸਿਆ ਸੀ ਕਿ ਉਹ ਤਲਾਕ ਸ਼ੁਦਾ ਹੈ ਤੇ ਪਟੀਸ਼ਨ ਕਰਤਾ ਨਾਲ ਵਿਆਹ ਕਰਨਾ ਚਾਹੁੰਦਾ ਹੈ। ਮਹਿਲਾ ਨੇ ਇਸ ਵਾਅਦੇ ਪਿੱਛੋਂ ਤਲਾਕ ਲੈ ਲਿਆ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਪੁਰਸ਼ ਨੇ ਤਲਾਕ ਨਹੀਂ ਲਿਆ। ਇਸ ਦੇ ਬਾਅਦ ਜਦ ਵੱਖ ਹੋਣ ਦਾ ਫੈਸਲਾ ਲਿਆ ਤਾਂ ਮਹਿਲਾ ਨੇ ਗੁਰੂਗ੍ਰਾਮ ਦੀ ਫੈਮਿਲੀ ਕੋਰਟ ਵਿੱਚ ਸ਼ਿਕਾਇਤ ਦਿੱਤੀ। ਕੋਰਟ ਨੇ ਦੋਵਾਂ ਬੱਚਿਆਂ ਲਈ 10-10 ਹਜ਼ਾਰ ਅਤੇ ਮਹਿਲਾ ਲਈ 20 ਹਜ਼ਾਰ ਰੁਪਏ ਗੁਜ਼ਾਰਾ ਰਾਸ਼ੀ ਤੈਅ ਕੀਤੀ ਸੀ। ਸੰਬੰਧਤ ਪੁਰਸ਼ ਨੇ ਫੈਮਿਲੀ ਕੋਰਟ ਦੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਕਿ ਮਹਿਲਾ ਨੂੰ ਪਤਾ ਸੀ ਉਹ ਸ਼ਾਦੀ-ਸ਼ੁਦਾ ਹੈ ਅਤੇ ਮਹਿਲਾ ਨੇ ਪਹਿਲੇ ਪਤੀ ਤੋਂ ਵੱਡੀ ਰਾਸ਼ੀ ਨਾਲ ਤਲਾਕ ਲਿਆ ਹੈ, ਇਸ ਲਈ ਗੁਜ਼ਾਰਾ ਰਾਸ਼ੀ ਦਾ ਹੁਕਮ ਰੱਦ ਕੀਤਾ ਜਾਵੇ। ਹਾਈ ਕੋਰਟ ਨੇ ਗੁਜ਼ਾਰੇ ਭੱਤੇ ਨੂੰ ਸਹੀ ਮੰਨਿਆ, ਪਰ ਫੈਮਿਲੀ ਕੋਰਟ ਨੂੰ ਕਿਹਾ ਕਿ ਮਹਿਲਾ ਨੂੰ ਤਲਾਕ ਦੇ ਬਦਲੇ ਜੇ ਵੱਡੀ ਰਾਸ਼ੀ ਮਿਲੀ ਹੈ ਤਾਂ ਫੈਮਿਲੀ ਕੋਰਟ ਗੁਜ਼ਾਰਾ ਭੱਤਾ ਦੀ ਰਾਸ਼ੀ ਘੱਟ ਕਰ ਸਕਦੀ ਹੈ।