ਲਿਬਰਲ ਸਰਕਾਰ ਨੂੰ ਗੈਰਕਨੂੰਨੀ ਬਾਰਡਰ ਦਾਖ਼ਲੇ ਬੰਦ ਕਰਨ ਦਾ ਸੱਦਾ

2
ਓਟਵਾ, 3 ਅਗਸਤ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਦੀ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸਿ਼ਪ ਕ੍ਰਿਟਿਕ ਮਿਸੇ਼ਲ ਰੈਂਪਲ ਵੱਲੋਂ ਲਿਬਰਲ ਸਰਕਾਰ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਕਿਊਬਿਕ ਵਿੱਚ ਵੱਡੀ ਪੱਧਰ ਉੱਤੇ ਹੋ ਰਹੇ ਗੈਰਕਾਨੂੰਨੀ ਸਰਹੱਦੀ ਦਾਖਲਿਆਂ ਨੂੰ ਬੰਦ ਕਰਨ ਵਿੱਚ ਆਪਣੀ ਬਣਦੀ ਜਿ਼ੰਮੇਵਾਰੀ ਪੂਰੀ ਕਰੇ।
ਉਨ੍ਹਾਂ ਆਖਿਆ ਕਿ ਸਾਨੂੰ ਇਸ ਸਾਲ ਦੇ ਸ਼ੁਰੂ ਤੋਂ ਹੀ ਪਤਾ ਸੀ ਕਿ ਗਰਮੀ ਦੇ ਮਹੀਨਿਆਂ ਵਿੱਚ ਇਸ ਤਰ੍ਹਾਂ ਦੇ ਗੈਰਕਾਨੂੰਨੀ ਦਾਖਲਿਆਂ ਵਿੱਚ ਵਾਧਾ ਹੋ ਜਾਵੇਗਾ। ਪਰ ਫਿਰ ਵੀ ਲਿਬਰਲਾਂ ਕੋਲ ਇਨ੍ਹਾਂ ਗੈਰਕਾਨੂੰਨੀ ਸਰਹੱਦੀ ਲਾਂਘਿਆਂ ਨੂੰ ਰੋਕਣ ਲਈ ਕੋਈ ਐਕਸ਼ਨ ਪਲੈਨ ਨਹੀਂ ਹੈ। ਜਿ਼ੰਮੇਵਾਰੀ ਤੋਂ ਇਸ ਕਦਰ ਮੂੰਹ ਮੋੜ ਲੈਣ ਨਾਲ ਸਾਡੇ ਸਿਸਟਮ ਵਿੱਚ ਬੈਕਲਾਗ ਹੋਰ ਵੱਧ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਪਹਿਲਾਂ ਹੀ ਰਫਿਊਜੀ ਮਾਮਲਿਆਂ ਦੀ ਸੁਣਵਾਈ ਲਈ ਗਿਆਰਾਂ ਸਾਲਾਂ ਦਾ ਉਡੀਕ ਸਮਾਂ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਜੱਜਾਂ ਦੀ ਘਾਟ ਵੀ ਵੱਖਰਾ ਮਸਲਾ ਹੈ।
ਇਸ ਤਰ੍ਹਾਂ ਦੇ ਅਸੁਰੱਖਿਅਤ ਰੁਝਾਨ ਨੂੰ ਖ਼ਤਮ ਕਰਨ ਲਈ ਲਿਬਰਲ ਸਰਕਾਰ ਨੂੰ ਫੌਰਨ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਰਲ ਕੇ ਕੰਮ ਕਰਨਾ ਚਾਹੀਦਾ ਹੈ। ਜੇ ਸਮਾਂ ਰਹਿੰਦਿਆਂ ਜਲਦੀ ਹੀ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਤਾਂ ਇਸ ਦਾ ਸਾਡੇ ਇਮੀਗ੍ਰੇਸ਼ਨ ਸਿਸਟਮ ਉੱਤੇ ਮਾੜਾ ਅਸਰ ਪਵੇਗਾ। ਉਨ੍ਹਾਂ ਆਖਿਆ ਕਿ ਕੈਨੇਡਾ ਬਹੁਤ ਹੀ ਖੁੱਲ੍ਹੇ ਵਿਚਾਰਾਂ ਵਾਲਾ ਫਰਾਖਦਿਲ ਦੇਸ਼ ਹੈ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਸਾ ਦੀ ਮਾਰ ਤੋਂ ਬਚਣ ਲਈ ਭੱਜ ਕੇ ਪਨਾਹ ਲੈਣ ਆਏ ਲੋਕਾਂ ਦੀ ਮਦਦ ਕਰਨਾ ਸਾਡੀ ਜਿ਼ੰਮੇਵਾਰੀ ਹੈ। ਪਰ ਜੇ ਗੈਰਕਾਨੂੰਨੀ ਤੌਰ ਉੱਤੇ ਸਰਹੱਦ ਪਾਰ ਕਰਨ, ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਾਉਣ ਦੀ ਸਮਰੱਥਾ ਦੀ ਘਾਟ, ਬੈਕਲਾਗ ਖਤਮ ਕਰਨ ਦੀ ਪ੍ਰਕਿਰਿਆ ਵਿੱਚ ਪੈਣ ਵਾਲੇ ਅੜਿੱਕੇ, ਨਿਆਂਇਕ ਨਿਯੁਕਤੀਆਂ ਵਿੱਚ ਕਮੀ ਤੇ ਵਸੀਲਿਆਂ ਦੀ ਕਮੀ ਦਾ ਇਹ ਖਤਰਨਾਕ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਦੇ ਨਾਗਰਿਕਾਂ ਵੱਲੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਉੱਤੇ ਕਿੰਤੂ ਕੀਤਾ ਜਾਣ ਲੱਗੇਗਾ।
ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਅਸਫਲਤਾ ਪ੍ਰੋਵਿੰਸ਼ੀਅਲ ਸੋਸ਼ਲ ਅਸਿਸਟੈਂਸ ਤੇ ਹੈਲਥ ਕੇਅਰ ਸਿਸਟਮਜ਼ ਉੱਤੇ ਵੀ ਮਾੜਾ ਅਸਰ ਪਾਵੇਗੀ। ਪ੍ਰਧਾਨ ਮੰਤਰੀ ਟਰੂਡੋ ਨੂੰ ਜਲਦ ਹੀ ਇਸ ਪਾਸੇ ਕੁੱਝ ਠੋਸ ਕਰਨਾ ਚਾਹੀਦਾ ਹੈ। ਕੰਜ਼ਰਵੇਟਿਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦਿਨੋਂ ਦਿਨ ਵੱਧ ਰਹੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤੇ ਕੈਨੇਡੀਅਨਾਂ ਨਾਲ ਪਾਰਦਰਸ਼ਤਾ ਤੋਂ ਕੰਮ ਲਿਆ ਜਾਵੇ।