ਲਿਬਰਲ ਸਰਕਾਰ ਦਾ ਅਫਗਾਨ ਸਿੱਖਾਂ ਵੱਲ ਕੋਈ ਧਿਆਨ ਨਹੀਂ : ਐਂਡਰੀਊ ਸ਼ੀਅਰ 

‘ਸੀ ਬੀ ਸੀ’ ਨੂੰ ਪੁਰਾਣੇ ਜ਼ਮਾਨੇ ਦੀ ਸੰਸਥਾ ਦੱਸਿਆ

ਬਰੈਂਪਟਨ ਪੋਸਟ ਬਿਉਰੋ: ਕੱਲ ਬਰੈਂਪਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਨੇ ਕਿਹਾ ਕਿ ਅਫਗਾਨਸਤਾਨ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀ ਤਰਸਯੋਗ ਸਥਿਤੀ ਵੱਲ ਲਿਬਰਲ ਪਾਰਟੀ ਦਾ ਕੋਈ ਧਿਆਨ ਨਹੀਂ ਹੈ। ਉਹ ਕੈਨੇਡੀਅਨ ਪੰਜਾਬੀ ਬਰਾਡਕਾਸਟਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਇੱਕ ਰਾਊਂਡ ਟੇਬਲ ਮੁਲਾਕਾਤ ਕਰਨ ਲਈ ਬਰੈਂਪਟਨ ਦੇ ਸਪਰੈਂਜਾ ਬੈਂਕੇਟ ਹਾਲ ਪੁੱਜੇ ਹੋਏ ਜਿਸ ਦੌਰਾਨ ਮਾਰਖਮ ਯੂਨੀਅਨਵਿੱਲ ਤੋਂ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਬੌਬ ਸਰੋਆ ਵੀ ਉਹਨਾਂ ਦੇ ਨਾਲ ਸਨ। ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਵੱਲੋਂ ਅਫਗਾਨਸਤਾਨ ਵਿੱਚ ਸਿੱਖਾਂ-ਹਿੰਦੂਆਂ ਦੇ ਹੋ ਰਹੇ ਨਸਲੀ ਘਾਣ ਬਾਰੇ ਪੁੱਛੇ ਸੁਆਲ ਦੇ ਪ੍ਰਤੀਕਰਮ ਵਿੱਚ ਐਂਡਰੀਊ ਸ਼ੀਅਰ ਨੇ ਕਿਹਾ ਕਿ ਪਿਛਲੀ ਕੰਜ਼ਰਵੇਟਿਵ ਸਰਕਾਰ ਦੀ ਨੀਤੀ ਵਿੱਚ ਹਰ ਵਰਗ ਦੇ ਪੀੜਤ ਲੋਕਾਂ ਨੂੰ ਕੈਨੇਡਾ ਵਿੱਚ ਪਨਾਹ ਦੇਣਾ ਸੀ ਪਰ ਲਿਬਰਲ ਸਰਕਾਰ ਸਿਰਫ਼ ਇੱਕ ਵਰਗ ਉੱਤੇ ਹੀ ਸਾਰੇ ਵਿੱਤੀ ਅਤੇ ਹੋਰ ਸ੍ਰੋਤ ਖਰਚ ਕਰਨ ਵਿੱਚ ਰੁਚੀ ਰੱਖਦੀ ਹੈ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਦੇ ਸਿਰਫ਼ ਸੀਰੀਆ ਤੋਂ ਆਉਣ ਵਾਲੇ ਰਿਫਿਊਜੀਆਂ ਉੱਤੇ ਕੇਂਦਰਤ ਹੋਣ ਕਾਰਣ ਹੋਰ ਖੇਤਰਾਂ ਦੇ ਪੀੜਤ ਲੋਕ ਅੱਖੋਂ ਪਰੋਖੇ ਹੋਏ ਹਨ। ਉਹਨਾਂ ਨੇ ਅਮਰੀਕਾ ਤੋਂ ਬਾਰਡਰ ਪਾਰ ਕਰਕੇ ਆਉਣ ਵਾਲੇ ਗੈਰਕਨੂੰਨੀ ਰਿਫਿਊਜੀਆਂ ਬਾਰੇ ਵੀ ਲਿਰਬਲ ਸਰਕਾਰ ਦੀ ਆਲੋਚਨਾ ਕੀਤੀ।ਡਾਕਟਰ ਬਲਵਿੰਦਰ ਸਿੰਘ ਵੱਲੋਂ ਨਾਫਟਾ ਸਮਝੌਤੇ ਅਤੇ ਅਮਰੀਕੀ ਰਾਸ਼ਟਰਪਤੀ ਦੇ ਪਲ 2 ਬਦਲਦੇ ਸੁਭਾਅ ਬਾਰੇ ਕੀਤੇ ਸੁਆਲ ਦੇ ਜਵਾਬ ਵਿੱਚ ਸ੍ਰੀ ਸ਼ੀਅਰ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਾਫਟਾ ਵਿੱਚ ਕੈਨੇਡਾ ਦੇ ਹਿੱਤ ਸੁਰੱਖਿਅਤ ਕਰਨ ਲਈ ਆਪਣਾ ਬਣਦਾ ਸਮਰੱਥਨ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਨਾਫਟਾ ਵਰਗੇ ਗੰਭੀਰ ਵਿਉਪਾਰਕ ਸਮਝੌਤੇ ਵਿੱਚ ਔਰਤਾਂ ਦੇ ਹੱਕਾਂ ਦੀਆਂ ਮੱਦਾਂ ਬਾਰੇ ਰਲੇਵਾਂ ਕਰਕੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਸਥਿਤੀ ਕਮਜ਼ੋਰ ਕੀਤੀ ਹੈ।  ਹਰਜਿੰਦਰ ਸਿੰਘ ਗਿੱਲ ਨੇ ਐਂਡਰੀਊ ਸ਼ੀਅਰ ਨੂੰ ਪ੍ਰਧਾਨ ਮੰਤਰੀ ਟਰੂਡੋ ਦੀ ਅਸਫਲ ਭਾਰਤ ਫੇਰੀ ਬਾਰੇ ਪ੍ਰਤੀਕਰਮ ਦੇਣ ਬਾਰੇ ਪੁੱਛਿਆ। ਐਂਡਰੀਊ ਸ਼ੀਅਰ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਗੰਭੀਰ ਗੱਲਬਾਤ ਕਰਨੀ ਨਹੀਂ ਆਉਂਦੀ ਸਗੋਂ ਉਹ ਹਰ ਵੇਲੇ ਫੋਟੋਆਂ ਖਿਚਵਾ ਕੇ ਆਪਣੇ ਅਕਸ ਨੂੰ ਅੱਗੇ ਰੱਖਣ ਨੂੰ ਤਰਜੀਹ ਦੇਣ ਵਿੱਚ ਰੁੱਝਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਭਾਰਤ ਕੈਨੇਡਾ ਦਾ ਇੱਕ ਮਹੱਤਵਪੂਰਣ ਭਾਈਵਾਲ ਹੈ ਅਤੇ ਸਰਕਾਰ ਬਣਨ ਦੀ ਸੂਰਤ ਵਿੱਚ ਕੰਜ਼ਰਵੇਟਿਵ ਪਾਰਟੀ ਭਾਰਤ ਨਾਲ ਮਜ਼ਬੂਤ ਸਬੰਧ ਕਾਇਮ ਕਰਨ ਵਿੱਚ ਕੋਈ ਢਿੱਲ ਨਹੀਂ ਵਿਖਾਵੇਗੀ। ਕੈਨੇਡਾ ਦੇ ਕੌਮੀ ਚੈਨਲ ‘ਸੀ ਬੀ ਸੀ’ ਵੱਲੋਂ ਲਿਬਰਲ ਝੁਕਾਅ ਰੱਖਣ ਦੇ ਪ੍ਰਤੀਕਰਮ ਵਿੱਚ ਐਂਡਰੀਊ ਸ਼ੀਅਰ ਨੇ ਕਿਹਾ ਕਿ ਇਸ ਚੈਨਲ ਦੀ ਕੰਮਕਾਜ ਦੀ ਵਿਧੀ ਸਮਾਂ ਵਿਹਾ ਚੁੱਕੀ ਹੈ ਅਤੇ ਸਰਕਾਰ ਬਣਨ ਦੀ ਸੂਰਤ ਵਿੱਚ ਅਸੀਂ ਇਸਦੇ ਕੰਮਕਾਜ ਦੀ ਮੁਕੰਮਲ ਮੁਲਾਂਕਣ ਕਰਵਾਉਣ ਲਈ ਕਦਮ ਚੁੱਕਾਂਗੇ। ਉਹਨਾਂ ਕਿਹਾ ਕਿ ‘ਸੀ ਬੀ ਸੀ’ ਅੱਜ ਵੀ ਉਹਨਾਂ ਲੀਹਾਂ ਉੱਤੇ ਚੱਲ ਰਿਹਾ ਹੈ ਜੋ ਡੀਜੀਟਲ ਜ਼ਮਾਨੇ ਤੋਂ ਪਹਿਲਾਂ ਸਹੀ ਹੁੰਦੀਆਂ ਸਨ।  ਇਹ ਪੁੱਛੇ ਜਾਣ ਉੱਤੇ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਨਿੱਜੀ ਹਮਲੇ ਕਿਉਂ ਕੀਤੇ ਜਾਂਦੇ ਹਨ, ਐਂਡਰੀਊ ਸ਼ੀਅਰ ਨੇ ਕਿਹਾ ਕਿ ਸਿਆਸਤ ਵਿੱਚ ਇੱਕ ਦੂਜੇ ਦੇ ਕੰਮਕਾਜ ਦੀ ਨੁਕਤਾਚੀਨੀ ਕਰਨਾ ਲਾਜ਼ਮੀ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਮੈਂ ਆਪਣੇ ਦਫ਼ਤਰ ਵਿੱਚ ਤਾਕੀਦ ਕੀਤੀ ਹੋਈ ਹੈ ਕਿ ਨੁਕਤਾਚੀਨੀ ਦਾ ਪੱਧਰ ਨੀਵਾਂ ਨਹੀਂ ਹੋਣਾ ਚਾਹੀਦਾ।  ਐਂਡਰੀਊ ਸ਼ੀਅਰ ਨੇ ਪੰਜਾਬੀ ਮੀਡੀਆ ਨਾਲ ਗੱਲਬਾਤ ਕਰਨ ਲਈ ਮਿਲੇ ਅਵਸਰ ਵਾਸਤੇ ਕੈਨੇਡੀਅਨ ਪੰਜਾਬੀ ਬਰਾਡਕਾਸਟਰਜ਼ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਭੱਵਿਖ ਵਿੱਚ ਉਹ ਪੰਜਾਬੀ ਮੀਡੀਆ ਨਾਲ ਨੇੜਲਾ ਸਬੰਧ ਬਣਾ ਕੇ ਰੱਖਣਗੇ। ਰਾਊਂਡ ਟੇਬਲ ਦੇ ਆਰੰਭ ਵਿੱਚ ਐਸੋਸੀਏਸ਼ਨ ਦੇ ਕੁਆਰਡੀਨੇਟਰ ਹਰਜਿੰਦਰ ਸਿੰਘ ਗਿੱਲ ਨੇ ਸੁਆਗਤੀ ਸ਼ਬਦ ਆਖੇ ਅਤੇ ਹਾਜ਼ਰ ਮੀਡੀਆਕਾਰਾਂ ਦੀ ਜਾਣ ਪਹਿਚਾਣ ਕਰਵਾਈ। ਪੰਜਾਬੀ ਮੀਡੀਆ ਵੱਲੋਂ ਇਸ ਮੌਕੇ ਹਰਜਿੰਦਰ ਸਿੰਘ ਗਿੱਲ, ਬੌਬ ਦੁਸਾਂਝ, ਜਗਦੀਸ਼ ਗਰੇਵਾਲ, ਸੋਢੀ ਨਾਗਰਾ, ਡਾਕਟਰ ਬਲਵਿੰਦਰ ਸਿੰਘ, ਮਨਨ ਗੁਪਤਾ, ਸੰਦੀਪ ਬਰਾੜ, ਜੋਤੀ ਸ਼ਰਮਾ, ਟੋਨੀ ਜੌਹਲ, ਕਰਮਨ ਗਿੱਲ ਅਤੇ ਪੁੱਜੇ ਹੋਏ ਸਨ।