ਲਿਬਰਲ ਲੀਡਰਸਿ਼ਪ ਤੋਂ ਕੈਥਲੀਨ ਵਿੰਨ ਨੇ ਦਿੱਤਾ ਅਸਤੀਫਾ

ਓਨਟਾਰੀਓ, 8 ਜੂਨ (ਪੋਸਟ ਬਿਊਰੋ) : ਵੀਰਵਾਰ ਰਾਤ ਨੂੰ ਓਨਟਾਰੀਓ ਲਿਬਰਲ ਪਾਰਟੀ ਆਗੂ ਕੈਥਲੀਨ ਵਿੰਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਓਨਟਾਰੀਓ ਦਾ ਪ੍ਰੀਮੀਅਰ ਬਣਨਾ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਰਹੀ। 7 ਜੂਨ ਨੂੰ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ 15 ਸਾਲ ਤੋਂ ਚੱਲੇ ਆ ਰਹੇ ਲਿਬਰਲ ਸ਼ਾਸਨ ਦਾ ਅੰਤ ਹੋ ਗਿਆ। ਹੁਣ ਆਲਮ ਇਹ ਹੈ ਕਿ ਲਿਬਰਲਾਂ ਕੋਲ ਗਿਣੇ ਚੁਣੇ ਇਲਾਕੇ ਹੀ ਬਚੇ ਹਨ।
ਯੌਰਕ ਮਿੱਲ ਗੈਲਰੀ ਵਿੱਚ ਆਪਣੇ ਸਮਰਥਕਾਂ ਨਾਲ ਗੱਲ ਕਰਦਿਆਂ ਵਿੰਨ ਨੇ ਆਖਿਆ ਕਿ ਉਹ ਬਿਲਕੁਲ ਵੀ ਨਹੀਂ ਰੋਵੇਗੀ। ਪਰ ਉਨ੍ਹਾਂ ਮੰਨਿਆ ਕਿ ਉਹ ਭਾਵੁਕ ਜ਼ਰੂਰ ਹੋ ਚੁੱਕੀ ਹੈ। ਵਿੰਨ ਨੇ ਆਖਿਆ ਕਿ ਹੁਣ ਨਵਾਂ ਅੰਤਰਿਮ ਆਗੂ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਅਜਿਹਾ ਕਰਨ ਦਾ ਸਹੀ ਸਮਾਂ ਵੀ ਹੈ। ਵਿੰਨ ਨੇ ਆਖਿਆ ਕਿ ਹੁਣ ਅਗਲੀ ਪੀੜ੍ਹੀ ਦੇ ਕੰਮ ਕਰਨ ਦਾ ਵੇਲਾ ਆ ਗਿਆ ਹੈ ਤੇ ਉਹ ਮਸ਼ਾਲ ਅੱਗੇ ਦੇਣੀ ਚਾਹੁੰਦੀ ਹੈ।
ਡੌਨ ਵੈਲੀ ਵੈਸਟ ਹਲਕੇ ਦੀ ਆਪਣੀ ਸੀਟ ਨੂੰ ਬਚਾਉਣ ਵਿੱਚ ਕਾਮਯਾਬ ਰਹੀ ਵਿੰਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਨਵੇਂ ਚੁਣੇ ਗਏ ਪ੍ਰੀਮੀਅਰ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਨੂੰ ਵਧਾਈ ਵੀ ਦਿੱਤੀ ਗਈ ਹੈ। ਵਿੰਨ ਨੇ ਇਹ ਆਖਦਿਆਂ ਹੋਇਆਂ ਆਪਣੇ ਸਮਰਥਕਾਂ ਨੂੰ ਅਲਵਿਦਾ ਆਖਿਆ ਕਿ ਅਸੀਂ ਅਜੇ ਵੀ ਖੜ੍ਹੇ ਹਾਂ। ਵਿੰਨ ਨੇ ਆਖਿਆ ਕਿ ਭਾਵੇਂ ਅੱਜ ਅਸੀਂ ਚੋਣਾਂ ਵਿੱਚ ਹਾਰੇ ਹਾਂ ਪਰ ਆਪਣਾ ਕੰਮ ਜਾਰੀ ਰੱਖਣ ਦਾ ਜਨੂੰਨ ਅਜੇ ਵੀ ਉਨ੍ਹਾਂ ਵਿੱਚ ਹੈ। ਉਨ੍ਹਾਂ ਮੰਨਿਆ ਕਿ ਚੋਣਾਂ ਵਾਲੀ ਰਾਤ ਬਹੁਤ ਹੀ ਮੁਸ਼ਕਲ ਰਹੀ।