ਲਿਬਰਲਾਂ ਵੱਲੋਂ ਪੇਸ਼ ਬਜਟ ਦੇ ਅੰਕੜਿਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ : ਫਾਇਨਾਂਸ਼ੀਅਲ ਐਕਾਊਂਟੇਬਿਲਿਟੀ ਆਫੀਸਰ

ਓਨਟਾਰੀਓ, 2 ਮਈ (ਪੋਸਟ ਬਿਊਰੋ) : ਇੱਕ ਹਫਤੇ ਦੇ ਅੰਦਰ ਅੰਦਰ ਦੂਜੇ ਅਜ਼ਾਦਾਨਾ ਲੈਜਿਸਲੇਟਿਵ ਆਫੀਸਰ ਨੇ ਇਹ ਰਿਪੋਰਟ ਜਾਰੀ ਕੀਤੀ ਹੈ ਕਿ ਲਿਬਰਲਾਂ ਵੱਲੋਂ ਪੇਸ਼ ਬਜਟ ਦੇ ਅੰਕੜਿਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਫਾਇਨਾਂਸ਼ੀਅਲ ਐਕਾਊਂਟੇਬਿਲਿਟੀ ਆਫੀਸਰ ਵੱਲੋਂ ਜਾਰੀ ਰਿਪੋਰਟ ਵਿੱਚ ਆਖਿਆ ਗਿਆ ਕਿ ਓਨਟਾਰੀਓ ਦੇ ਬਜਟ ਵਿੱਚ ਦਰਸਾਇਆ ਘਾਟਾ 6.7 ਬਿਲੀਅਨ ਡਾਲਰ ਨਹੀਂ ਸਗੋਂ 11.8 ਬਿਲੀਅਨ ਡਾਲਰ ਹੈ। ਇਹ ਵੀ ਆਖਿਆ ਗਿਆ ਕਿ ਲਿਬਰਲਾਂ ਵੱਲੋਂ ਗਲਤ ਅੰਕੜੇ ਪੇਸ਼ ਕੀਤੇ ਗਏ ਹਨ। 

ਓਨਟਾਰੀਓ ਪੀਸੀ ਫਾਇਨਾਂਸ ਕ੍ਰਿਟਿਕ ਵਿੱਕ ਫੈਡੇਲੀ ਨੇ ਆਖਿਆ ਕਿ ਕੈਥਲੀਨ ਵਿੰਨ ਤੇ ਲਿਬਰਲ ਭਰੋਸੇਮੰਦ ਨਹੀਂ ਹਨ। ਉਹ ਸੱਤਾ ਵਿੱਚ ਬਣੇ ਰਹਿਣ ਲਈ ਕੁੱਝ ਵੀ ਆਖ ਸਕਦੇ ਹਨ ਤੇ ਕਿਸੇ ਵੀ ਤਰ੍ਹਾਂ ਦਾ ਵਾਅਦਾ ਕਰ ਸਕਦੇ ਹਨ। ਜੇ ਫਾਇਨਾਂਸ਼ੀਅਲ ਐਕਾਊਂਟੇਬਿਲਿਟੀ ਆਫੀਸਰ ਤੇ ਆਡੀਟਰ ਜਨਰਲ ਬਨਾਮ ਵਿੰਨ ਸਰਕਾਰ ਦਰਮਿਆਨ ਕਿਸੇ ਤਰ੍ਹਾਂ ਦਾ ਵਿਵਾਦ ਹੁੰਦਾ ਹੈ ਤਾਂ ਅਸੀਂ ਹਮੇਸ਼ਾਂ ਅਜ਼ਾਦਾਨਾ ਮਾਹਿਰਾਂ ਦੀ ਸਾਈਡ ਲਵਾਂਗੇ।
ਫਾਇਨਾਂਸ਼ੀਅਲ ਐਕਾਊਂਟੇਬਿਲਿਟੀ ਆਫੀਸ ਵੱਲੋਂ ਆਡੀਟਰ ਜਨਰਲ ਦੀ ਪ੍ਰੀ-ਇਲੈਕਸ਼ਨ ਰਿਪੋਰਟ ਨਾਲ ਵੀ ਸਹਿਮਤੀ ਜਤਾਈ ਗਈ। ਇਸ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਲਿਬਰਲਾਂ ਵੱਲੋਂ ਓਨਟਾਰੀਓ ਦੇ ਲੋਕਾਂ ਨੂੰ ਜੋ ਦੱਸਿਆ ਜਾ ਰਿਹਾ ਹੈ ਉਸ ਨਾਲੋਂ ਓਨਟਾਰੀਓ ਦਾ ਘਾਟਾ ਅਸਲ ਵਿੱਚ 75 ਫੀ ਸਦੀ ਵੱਧ ਹੈ। ਫੈਡੇਲੀ ਨੇ ਆਖਿਆ ਕਿ ਕੈਥਲੀਨ ਵਿੰਨ ਤੇ ਲਿਬਰਲਾਂ ਨੇ ਬਜਟ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਹ ਓਨਟਾਰੀਓ ਦੇ ਲੋਕਾਂ ਨੂੰ ਹਕੀਕਤ ਨਹੀਂ ਦੱਸ ਰਹੇ। ਉਹ ਆਪਣੇ ਘਪਲੇ, ਬਰਬਾਦੀ ਤੇ ਕੁਸ਼ਾਸਨ ਦੀ ਅਸਲ ਕੀਮਤ ਨੂੰ ਲੁਕਾਉਣ ਦੀ ਕੋਸਿ਼ਸ਼ ਕਰ ਰਹੇ ਹਨ।
ਡੱਗ ਫੋਰਡ ਦੀ ਅਗਵਾਈ ਵਿੱਚ ਓਨਟਾਰੀਓ ਦੀ ਪੀਸੀ ਸਰਕਾਰ ਟੈਕਸਦਾਤਾਵਾਂ ਦਾ ਸਨਮਾਨ ਕਰੇਗੀ। ਅਸੀਂ ਸਰਕਾਰੀ ਖਾਤਿਆਂ ਦਾ ਪੂਰਾ ਆਡਿਟ ਕਰਾਵਾਂਗੇ ਤੇ ਕੁਈਨਜ਼ ਪਾਰਕ ਵਿੱਚ ਜਿ਼ੰਮੇਵਾਰੀ, ਜਵਾਬਦੇਹੀ ਤੇ ਭਰੋਸੇ ਨੂੰ ਵਾਪਿਸ ਲਿਆਵਾਂਗੇ।